02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਧਰਤੀ ਤੋਂ ਚੰਦ ਤੱਕ : ਮਨੁੱਖੀ ਹੌਸਲੇ ਦੀ ਬੇਮਿਸਾਲ ਦਾਸਤਾਨ

ਅਜੀਤ ਡੈਸਕ 19-07-2026

ਕੱਲ੍ਹ ਲਈ ਵਿਸ਼ੇਸ਼

20 ਜੁਲਾਈ, 1969 ਦਾ ਦਿਨ ਮਨੁੱਖੀ ਇਤਿਹਾਸ ਦੇ ਸਭ ਤੋਂ ਮਹਾਨ ਤੇ ਨਾ ਭੁੱਲਣ ਵਾਲੇ ਦਿਨਾਂ 'ਚੋਂ ਇਕ ਹੈ। ਇਸੇ ਦਿਨ ਬ੍ਰਹਿਮੰਡ ਦੀਆਂ ਸੀਮਾਵਾਂ ਨੂੰ ਪਾਰ ਕਰਦਿਆਂ ਮਨੁੱਖ ਨੇ ਪਹਿਲੀ ਵਾਰ ਚੰਦ ਦੀ ਸਤ੍ਹਾ 'ਤੇ ਆਪਣੇ ਕਦਮ ਰੱਖੇ ਸਨ। ਅਮਰੀਕੀ ਪੁਲਾੜ ਏਜੰਸੀ 'ਨਾਸਾ' ਦੇ ਅਪੋਲੋ-11 ਮਿਸ਼ਨ ਤਹਿਤ ਭੇਜੇ ਗਏ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਨੇ ਜਦੋਂ ਚੰਦ 'ਤੇ ਆਪਣਾ ਪਹਿਲਾ ਕਦਮ ਰੱਖਿਆ ਤਾਂ ਪੂਰੀ ਦੁਨੀਆ ਇਸ ਇਤਿਹਾਸਕ ਪਲ ਦੀ ਗਵਾਹ ਬਣ ਗਈ ਸੀ। ਇਹ ਸਿਰਫ਼ ਇਕ ਦੇਸ਼ ਦੀ ਜਿੱਤ ਨਹੀਂ, ਸਗੋਂ ਸਮੁੱਚੀ ਮਨੁੱਖੀ ਸੱਭਿਅਤਾ ਦੀ ਵਿਗਿਆਨਕ ਸਫ਼ਲਤਾ ਦਾ ਸਿਖਰ ਸੀ।
ਇਸ ਇਤਿਹਾਸਕ ਮਿਸ਼ਨ ਦੀ ਸ਼ੁਰੂਆਤ 16 ਜੁਲਾਈ, 1969 ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਹੋਈ ਸੀ। ਸੈਟਰਨ-5 ਨਾਮਕ ਇਕ ਵਿਸ਼ਾਲ ਰਾਕਟ ਰਾਹੀਂ ਅਪੋਲੋ-11 ਪੁਲਾੜ ਯਾਨ ਨੂੰ ਪੁਲਾੜ ਵਿਚ ਭੇਜਿਆ ਗਿਆ। ਇਸ ਮਿਸ਼ਨ ਵਿਚ ਤਿੰਨ ਮੁੱਖ ਪੁਲਾੜ ਯਾਤਰੀ ਸ਼ਾਮਿਲ ਸਨ- ਨੀਲ ਆਰਮਸਟ੍ਰਾਂਗ, ਬਜ਼ ਐਲਡਰਿਨ ਤੇ ਮਾਈਕਲ ਕੋਲਿਨਜ਼। ਇਨ੍ਹਾਂ ਤਿੰਨਾਂ ਯਾਤਰੀਆਂ ਦੇ ਮੋਢਿਆਂ 'ਤੇ ਕਰੋੜਾਂ ਲੋਕਾਂ ਦੇ ਸੁਪਨੇ ਸਵਾਰ ਸਨ। ਚਾਰ ਦਿਨਾਂ ਦੀ ਲੰਬੀ ਤੇ ਜੋਖ਼ਮ ਭਰੀ ਯਾਤਰਾ ਤੋਂ ਬਾਅਦ 20 ਜੁਲਾਈ ਨੂੰ ਇਹ ਯਾਨ ਚੰਦ ਦੀ ਜਮਾਤ ਵਿਚ ਪਹੁੰਚ ਗਿਆ। 20 ਜੁਲਾਈ ਨੂੰ ਮਿਸ਼ਨ ਦਾ ਸਭ ਤੋਂ ਨਾਜ਼ੁਕ ਮੋੜ ਆਇਆ। ਮੁੱਖ ਯਾਨ ਕੋਲੰਬੀਆ ਤੋਂ ਵੱਖ ਹੋ ਕੇ ਈਗਲ ਨਾਮਕ ਲੂਨਰ ਮੋਡੀਊਲ ਚੰਦ ਦੀ ਸਤ੍ਹਾ ਵੱਲ ਵਧਣ ਲੱਗਾ। ਮਾਈਕਲ ਕੋਲਿਨਜ਼ ਮੁੱਖ ਯਾਨ ਵਿਚ ਹੀ ਰਿਹਾ, ਜਦਕਿ ਨੀਲ ਆਰਮਸਟ੍ਰਾਂਗ ਤੇ ਬਜ਼ ਐਲਡਰਿਨ ਈਗਲ ਰਾਹੀਂ ਚੰਦ ਵੱਲ ਵਧੇ। ਉਤਰਨ ਸਮੇਂ ਕੰਪਿਊਟਰ ਵਿਚ ਕੁੱਝ ਖ਼ਰਾਬੀ ਆਈ ਤੇ ਯਾਨ ਦੇ ਹੇਠਾਂ ਵੱਡੇ ਪੱਥਰ ਵੀ ਸਨ। ਆਰਮਸਟ੍ਰਾਂਗ ਨੇ ਬੜੀ ਸੂਝ-ਬੂਝ ਨਾਲ ਯਾਨ ਨੂੰ ਹੱਥੀਂ ਕੰਟਰੋਲ ਕੀਤਾ ਅਤੇ ਚੰਦ ਦੇ 'ਸੀ ਆਫ ਟ੍ਰੈਂਕੁਇਲਟੀ' ਨਾਮਕ ਮੈਦਾਨ 'ਤੇ ਸੁਰੱਖਿਅਤ ਉਤਾਰਿਆ। ਇਸ ਤੋਂ ਬਾਅਦ ਆਰਮਸਟ੍ਰਾਂਗ ਨੇ ਧਰਤੀ 'ਤੇ ਸੰਦੇਸ਼ ਭੇਜਿਆ, 'ਦ ਈਗਲ ਹੈਜ਼ ਲੈਂਡਡ' ਭਾਵ ਈਗਲ ਉੱਤਰ ਚੁੱਕਾ ਹੈ। ਯਾਨ ਦੇ ਉਤਰਨ ਤੋਂ ਕੁਝ ਘੰਟਿਆਂ ਬਾਅਦ ਨੀਲ ਆਰਮਸਟ੍ਰਾਂਗ ਨੇ ਯਾਨ ਦਾ ਦਰਵਾਜ਼ਾ ਖੋਲ੍ਹਿਆ ਤੇ ਪੌੜੀ ਰਾਹੀਂ ਹੇਠਾਂ ਉਤਰੇ। ਜਦੋਂ ਉਨ੍ਹਾਂ ਨੇ ਆਪਣਾ ਖੱਬਾ ਪੈਰ ਚੰਦ ਦੀ ਸਤ੍ਹਾ 'ਤੇ ਰੱਖਿਆ ਤਾਂ ਉਨ੍ਹਾਂ ਦੇ ਮੂੰਹੋਂ ਨਿਕਲੇ ਸ਼ਬਦ ਅਮਰ ਹੋ ਗਏ, 'ਇਹ ਮਨੁੱਖ ਲਈ ਇਕ ਛੋਟਾ ਜਿਹਾ ਕਦਮ ਹੈ, ਪਰ ਮਨੁੱਖਤਾ ਲਈ ਇਕ ਬਹੁਤ ਵੱਡੀ ਛਾਲ ਹੈ।' ਇਸ ਤੋਂ ਕੁਝ ਮਿੰਟਾਂ ਬਾਅਦ ਬਜ਼ ਐਲਡਰਿਨ ਵੀ ਆ ਗਿਆ। ਦੋਵਾਂ ਪੁਲਾੜ ਯਾਤਰੀਆਂ ਨੇ ਚੰਦ ਦੀ ਸਤ੍ਹਾ 'ਤੇ ਲਗਭਗ ਢਾਈ ਘੰਟੇ ਗੁਜ਼ਾਰੇ। ਉੱਥੇ ਗੁਰੂਤਾਕਰਸ਼ਣ ਧਰਤੀ ਨਾਲੋਂ ਛੇਵਾਂ ਹਿੱਸਾ ਹੋਣ ਕਾਰਨ ਉਹ ਕੁੱਦ ਰਹੇ ਸਨ। ਉਨ੍ਹਾਂ ਨੇ ਉੱਥੇ ਅਮਰੀਕਾ ਦਾ ਰਾਸ਼ਟਰੀ ਝੰਡਾ ਲਹਿਰਾਇਆ।
ਜਾਣਕਾਰੀ ਅਨੁਸਾਰ ਉਨ੍ਹਾਂ ਨੇ ਚੰਦ ਦੀ ਮਿੱਟੀ ਅਤੇ ਪੱਥਰਾਂ ਦੇ ਲਗਭਗ 21.5 ਕਿਲੋਗ੍ਰਾਮ ਨਮੂਨੇ ਇਕੱਠੇ ਕੀਤੇ, ਤਾਂ ਜੋ ਧਰਤੀ 'ਤੇ ਲਿਆ ਕੇ ਇਨ੍ਹਾਂ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਨੇ ਉੱਥੇ ਇਕ ਤਖ਼ਤੀ ਵੀ ਛੱਡੀ, ਜਿਸ 'ਤੇ ਲਿਖਿਆ ਸੀ, 'ਅਸੀਂ ਪੂਰੀ ਮਨੁੱਖਤਾ ਦੀ ਸ਼ਾਂਤੀ ਲਈ ਇੱਥੇ ਆਏ ਹਾਂ।' ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਦੋਵੇਂ ਯਾਤਰੀ ਵਾਪਸ ਈਗਲ ਵਿਚ ਆਏ ਅਤੇ ਮੁੱਖ ਯਾਨ ਕੋਲੰਬੀਆ ਨਾਲ ਜਾ ਜੁੜੇ। 24 ਜੁਲਾਈ, 1969 ਨੂੰ ਇਹ ਤਿੰਨੋਂ ਨਾਇਕ ਪ੍ਰਸ਼ਾਂਤ ਮਹਾਂਸਾਗਰ ਵਿਚ ਸੁਰੱਖਿਅਤ ਉਤਰ ਗਏ। ਇਸ ਮਿਸ਼ਨ ਨੇ ਸਾਬਤ ਕਰ ਦਿੱਤਾ ਕਿ ਮਨੁੱਖ ਆਪਣੀ ਮਿਹਨਤ, ਵਿਗਿਆਨ ਤੇ ਦ੍ਰਿੜ੍ਹ ਇਰਾਦੇ ਨਾਲ ਕਿਸੇ ਵੀ ਅਸੰਭਵ ਕਾਰਜ ਨੂੰ ਸੰਭਵ ਬਣਾ ਸਕਦਾ ਹੈ। 20 ਜੁਲਾਈ ਦੀ ਇਹ ਘਟਨਾ ਸਿਰਫ਼ ਇਕ ਪੁਲਾੜ ਯਾਤਰਾ ਨਹੀਂ ਸੀ, ਸਗੋਂ ਇਸ ਨੇ ਮਨੁੱਖੀ ਸੋਚ ਅਤੇ ਸੁਪਨਿਆਂ ਦੇ ਦਿਸਹੱਦਿਆਂ ਨੂੰ ਬੇਅੰਤ ਵਧਾ ਦਿੱਤਾ। ਇਸ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਗਿਆਨ ਤੇ ਖੋਜ ਦੇ ਖੇਤਰ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਅੱਜ ਜਦੋਂ ਅਸੀਂ ਚੰਦ ਵੱਲ ਦੇਖਦੇ ਹਾਂ ਤਾਂ 20 ਜੁਲਾਈ, 1969 ਦਾ ਉਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਨਸਾਨ ਲਈ ਕੁਝ ਵੀ ਅਸੰਭਵ ਨਹੀਂ ਹੈ।
ਜਿੱਥੇ 20 ਜੁਲਾਈ, 1969 ਨੂੰ ਅਮਰੀਕਾ ਦੇ ਅਪੋਲੋ-11 ਮਿਸ਼ਨ ਨੇ ਚੰਦ 'ਤੇ ਪਹਿਲੀ ਵਾਰ ਮਨੁੱਖੀ ਕਦਮ ਰੱਖ ਕੇ ਇਤਿਹਾਸ ਰਚਿਆ, ਉੱਥੇ ਹੀ ਭਾਰਤੀ ਪੁਲਾੜ ਖੋਜ ਸੰਸਥਾ 'ਇਸਰੋ' ਨੇ ਵੀ ਆਪਣੇ ਚੰਦਰਯਾਨ ਮਿਸ਼ਨਾਂ ਰਾਹੀਂ ਵਿਸ਼ਵ ਪੱਧਰ 'ਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਭਾਰਤ ਨੇ ਘੱਟ ਬਜਟ ਅਤੇ ਉੱਚ ਤਕਨੀਕ ਨਾਲ ਚੰਦ ਦੇ ਕਈ ਅਣਸੁਲਝੇ ਰਹੱਸਾਂ ਤੋਂ ਪਰਦਾ ਉਠਾਇਆ ਹੈ। ਭਾਰਤ ਨੇ ਆਪਣੇ ਪਹਿਲੇ ਚੰਦਰਮਾ ਮਿਸ਼ਨ ਚੰਦਰਯਾਨ-1 ਨੂੰ 22 ਅਕਤੂਬਰ, 2008 ਵਿਚ ਲਾਂਚ ਕੀਤਾ ਸੀ। ਇਹ ਇਕ ਆਰਬਿਟਰ ਮਿਸ਼ਨ ਸੀ, ਜਿਸ ਦਾ ਮਕਸਦ ਚੰਦ ਦੇ ਚੱਕਰ ਕੱਟ ਕੇ ਉਸ ਦੀ ਸਤ੍ਹਾ ਦਾ ਅਧਿਐਨ ਕਰਨਾ ਸੀ। ਇਸ ਮਿਸ਼ਨ ਦੀ ਸਭ ਤੋਂ ਵੱਡੀ ਤੇ ਇਤਿਹਾਸਕ ਸਫਲਤਾ ਇਹ ਸੀ ਕਿ ਇਸ ਨੇ ਚੰਦ ਦੀ ਸਤ੍ਹਾ 'ਤੇ ਪਾਣੀ ਦੇ ਅਣੂਆਂ ਦੀ ਖੋਜ ਕੀਤੀ। ਇਸ ਖੋਜ ਨੇ ਪੂਰੀ ਦੁਨੀਆ ਦੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਤੇ ਚੰਦ ਪ੍ਰਤੀ ਦੇਖਣ ਦਾ ਨਜ਼ਰੀਆ ਬਦਲ ਦਿੱਤਾ। ਇਸਰੋ ਨੇ 22 ਜੁਲਾਈ, 2019 ਨੂੰ ਚੰਦਰਯਾਨ-2 ਲਾਂਚ ਕੀਤਾ। ਇਸ ਮਿਸ਼ਨ ਵਿਚ ਇਕ ਆਰਬਿਟਰ, ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਸ਼ਾਮਿਲ ਸਨ। ਭਾਰਤ ਚੰਦ ਦੇ ਦੱਖਣੀ ਧਰੁਵ 'ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਚੰਦ ਦੀ ਸਤ੍ਹਾ ਤੋਂ ਸਿਰਫ਼ 2.1 ਕਿਲੋਮੀਟਰ ਪਹਿਲਾਂ ਲੈਂਡਰ ਦਾ ਸੰਪਰਕ ਟੁੱਟ ਗਿਆ ਤੇ ਉਸ ਦੀ ਹਾਰਡ-ਲੈਂਡਿੰਗ (ਕਰੈਸ਼) ਹੋ ਗਈ। ਪਰ ਇਸ ਦਾ ਆਰਬਿਟਰ ਅੱਜ ਵੀ ਚੰਦ ਦੇ ਚੱਕਰ ਕੱਟ ਰਿਹਾ ਹੈ ਤੇ ਲਗਾਤਾਰ ਮਹੱਤਵਪੂਰਨ ਡਾਟਾ ਤੇ ਤਸਵੀਰਾਂ ਧਰਤੀ 'ਤੇ ਭੇਜ ਰਿਹਾ ਹੈ।
ਚੰਦਰਯਾਨ-2 ਦੀ ਅਸਫ਼ਲਤਾ ਤੋਂ ਸਬਕ ਲੈਂਦੇ ਹੋਏ ਇਸਰੋ ਨੇ 14 ਜੁਲਾਈ, 2023 ਨੂੰ ਚੰਦਰਯਾਨ-3 ਲਾਂਚ ਕੀਤਾ। 23 ਅਗਸਤ, 2023 ਨੂੰ ਭਾਰਤ ਨੇ ਉਹ ਕਰ ਵਿਖਾਇਆ ਜੋ ਦੁਨੀਆ ਦਾ ਕੋਈ ਦੇਸ਼ ਨਹੀਂ ਕਰ ਸਕਿਆ ਸੀ। ਭਾਰਤ ਦੇ ਵਿਕਰਮ ਲੈਂਡਰ ਨੇ ਚੰਦ ਦੇ ਦੱਖਣੀ ਧਰੁਵ 'ਤੇ ਸੁਰੱਖਿਅਤ ਸਾਫਟ-ਲੈਂਡਿੰਗ ਕਰ ਲਈ। ਇਸ ਦੇ ਨਾਲ ਹੀ ਭਾਰਤ ਚੰਦ 'ਤੇ ਪਹੁੰਚਣ ਵਾਲਾ ਦੁਨੀਆ ਦਾ ਚੌਥਾ ਤੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਰੋਵਰ ਪ੍ਰਗਿਆਨ ਨੇ ਚੰਦ ਦੀ ਮਿੱਟੀ ਵਿਚ ਸਲਫ਼ਰ ਤੇ ਹੋਰ ਖਣਿਜਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ। ਭਾਰਤ ਸਰਕਾਰ ਨੇ ਇਸ ਇਤਿਹਾਸਕ ਦਿਨ ਨੂੰ 23 ਅਗਸਤ ਨੂੰ ਹਰ ਸਾਲ 'ਰਾਸ਼ਟਰੀ ਪੁਲਾੜ ਦਿਵਸ' ਵਜੋਂ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ।
1969 ਵਿਚ ਨੀਲ ਆਰਮਸਟ੍ਰਾਂਗ ਦੇ ਪਹਿਲੇ ਕਦਮ ਤੋਂ ਸ਼ੁਰੂ ਹੋਇਆ ਸਫ਼ਰ ਅੱਜ ਭਾਰਤ ਦੇ ਚੰਦਰਯਾਨ ਮਿਸ਼ਨਾਂ ਤੱਕ ਪਹੁੰਚ ਚੁੱਕਾ ਹੈ। 'ਇਸਰੋ' ਹੁਣ ਜਪਾਨ ਦੀ ਪੁਲਾੜ ਏਜੰਸੀ ਨਾਲ ਮਿਲ ਕੇ ਅਗਲੇ ਮਿਸ਼ਨ ਲੂਪੈਕਸ/ਚੰਦਰਯਾਨ-4 ਦੀ ਤਿਆਰੀ ਕਰ ਰਿਹਾ ਹੈ, ਜਿਸ ਦਾ ਮਕਸਦ ਚੰਦ ਤੋਂ ਮਿੱਟੀ ਦੇ ਨਮੂਨੇ ਧਰਤੀ 'ਤੇ ਲਿਆਉਣਾ ਹੈ। ਇਹ ਮਿਸ਼ਨ ਸਾਬਤ ਕਰਦੇ ਹਨ ਕਿ ਭਾਰਤ ਹੁਣ ਪੁਲਾੜ ਵਿਗਿਆਨ ਦੇ ਖੇਤਰ ਵਿਚ ਇਕ ਮਹਾਂਸ਼ਕਤੀ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ।

-ਮੰਡੀ ਅਹਿਮਦਗੜ੍ਹ।
ਮੋਬਾਈਲ : 97815-90500

ਪਿਛਲੀ ਖ਼ਬਰ ਆਓ ਜਾਣੀਏ ਵੱਖ-ਵੱਖ ਏ.ਆਈ. ਪ੍ਰਭਾਵਿਕਾਂ ਬਾਰੇ ਅਗਲੀ ਖ਼ਬਰ ਦਗਸ਼ਈ, ਇਤਿਹਾਸ ਤੇ ਤੇਰਾ ਸਿੰਘ ਚੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।