13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਨਹਿਰੂ-ਗਾਂਧੀ ਪਰਿਵਾਰ ਦੀ ਰਾਜਨੀਤਕ ਵਿਰਾਸਤ 'ਤੇ ਇਕ ਝਾਤ

ਨਹਿਰੂ-ਗਾਂਧੀ ਪਰਿਵਾਰ ਦੀ ਰਾਜਨੀਤਕ ਵਿਰਾਸਤ 'ਤੇ ਇਕ ਝਾਤ

ਅਜੀਤ ਡੈਸਕ 14-11-2026

ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ ਨੂੰ  ਤੇ ਇੰਦਰਾ ਗਾਂਧੀ ਦਾ 19 ਤਰੀਕ ਨੂੰ  ਹੋਇਆ ਸੀ | ਹੁਣ 10 ਨਵੰਬਰ ਕਾਂਗਰਸ ਪਰਿਵਾਰ 'ਚ ਸੋਨੀਆ ਗਾਂਧੀ ਦੇ ਨਾਂਅ ਨਾਲ ਯਾਦ ਕੀਤਾ ਜਾਵੇਗਾ, ਜਿਸ ਨੇ ਆਪਣੇ ਜਨਮ ਦਿਨ ਮੌਕੇ ਆਪਣੀ ਆਤਮਕਥਾ ਰਿਲੀਜ਼ ਕੀਤੀ ਹੈ, ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਕਾਂਗਰਸੀ ਹਮੇਸ਼ਾ ਇਸ ਗ਼ਲਤਫ਼ਹਿਮੀ ਵਿਚ ਰਹੇ ਹਨ ਕਿ ਦੇਸ਼ ਦਾ ਸ਼ਾਸਨ ਗਾਂਧੀ ਪਰਿਵਾਰ ਤੋਂ ਇਲਾਵਾ ਕੋਈ ਹੋਰ ਪਾਰਟੀ ਜਾਂ ਨੇਤਾ ਨਹੀਂ ਚਲਾ ਸਕਦਾ | ਦੇਸ਼ ਦੀ ਉਹ ਪੀੜ੍ਹੀ ਜੋ ਆਜ਼ਾਦੀ ਤੋਂ ਪਹਿਲਾਂ ਪੈਦਾ ਹੋਈ ਹੈ, ਉਸ ਨੇ ਨਹਿਰੂ, ਇੰਦਰਾ ਗਾਂਧੀ ਤੇ ਸੋਨੀਆ ਗਾਂਧੀ ਦੇ ਰਾਜਨੀਤਿਕ ਉਭਾਰ ਨੂੰ  ਦੇਖਿਆ ਤੇ ਸਮਝਿਆ ਹੈ | ਜਦੋਂ ਉਨ੍ਹਾਂ ਦੇ ਕਾਰਜਕਾਲਾਂ ਦਾ ਮੁਲਾਂਕਣ ਕਰਨ ਦੀ ਗੱਲ ਆਵੇਗੀ ਤਾਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਗਲਤੀਆਂ 'ਤੇ ਵੀ ਚਰਚਾ ਕਰਨੀ ਜ਼ਰੂਰੀ ਹੈ | ਇਕ ਗੱਲ ਸਪੱਸ਼ਟ ਹੈ ਕਿ ਆਜ਼ਾਦੀ ਅੰਦੋਲਨ 'ਚ ਪ੍ਰਮੁੱਖਤਾ ਨਾਲ ਯੋਗਦਾਨ ਪਾਉਣਾ ਤੇ ਤੁਰੰਤ ਉਸ ਦਾ ਫਲ ਪ੍ਰਾਪਤ ਕਰ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਉਸ ਪਰਿਵਾਰ ਨੂੰ  ਦੇਸ਼ ਦੀ ਰਾਜਨੀਤੀ 'ਤੇ ਪੀੜ੍ਹੀਆਂ ਤੱਕ ਸ਼ਾਸਨ ਕਰਨ ਦਾ ਅਧਿਕਾਰ ਮਿਲ ਗਿਆ ਹੈ | ਜੇਕਰ ਸਰਦਾਰ ਪਟੇਲ ਦੀਆਂ ਨੀਤੀਆਂ ਸਫਲ ਨਾ ਹੁੰਦੀਆਂ ਤਾਂ ਅੱਜ ਦੇਸ਼ ਅਣਗਿਣਤ ਟੁਕੜਿਆਂ ਵਿਚ ਵੰਡਿਆ ਹੁੰਦਾ | ਕਾਂਗਰਸ ਨਾਲ ਜੁੜੇ ਹੋਰ ਮਹਾਨ ਇਨਕਲਾਬੀਆਂ ਦੀਆਂ ਕੁਰਬਾਨੀਆਂ ਨੂੰ  ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ |

ਨਹਿਰੂ : ਪ੍ਰਾਪਤੀਆਂ ਤੇ ਗਲਤੀਆਂ
ਨਹਿਰੂ ਨੇ ਸੁਤੰਤਰ ਭਾਰਤ ਨੂੰ  ਇਕ ਆਧੁਨਿਕ, ਵਿਗਿਆਨਕ ਤੇ ਲੋਕਤੰਤਰੀ ਰਾਸ਼ਟਰ ਬਣਾਉਣ ਦਾ ਸੁਪਨਾ ਦੇਖਿਆ | ਉਨ੍ਹਾਂ ਸੰਸਦੀ ਪ੍ਰਣਾਲੀ, ਵਿਗਿਆਨਕ ਸੰਸਥਾਵਾਂ, ਜਨਤਕ ਖੇਤਰ ਤੇ ਇਕ ਗੁੱਟ-ਨਿਰਪੇਖ ਵਿਦੇਸ਼ ਨੀਤੀ ਨੂੰ  ਦਿਸ਼ਾ ਦਿੱਤੀ | ਵਿਸ਼ਵ ਰਾਜਨੀਤੀ 'ਚ ਭਾਰਤ ਦੀ ਪਛਾਣ ਸਥਾਪਿਤ ਕਰਨ 'ਚ ਨਹਿਰੂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਪਰ ਉਨ੍ਹਾਂ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰਨ ਦੀ ਲਾਲਸਾ ਦੇਸ਼ ਦੀਆਂ ਘਰੇਲੂ ਪ੍ਰਸ਼ਾਸਕੀ ਸਮੱਸਿਆਵਾਂ 'ਤੇ ਭਾਰੀ ਪੈ ਗਈ | ਅੰਗਰੇਜ਼ਾਂ ਦੀ ਦੇਣ ਲਾਇਸੈਂਸ-ਪਰਮਿਟ ਪ੍ਰਣਾਲੀ, ਭਿ੍ਸ਼ਟਾਚਾਰ ਤੇ ਰਿਸ਼ਵਤਖੋਰੀ, ਹੋਰ ਵਧਣ ਲੱਗੀ ਅਤੇ ਨੌਕਰਸ਼ਾਹੀ 'ਤੇ ਢਿੱਲੇ ਕੰਟਰੋਲ ਦੇ ਚੱਲਦਿਆਂ ਸਰਕਾਰੀ ਸਰਪ੍ਰਸਤੀ ਦੇ ਸੱਭਿਆਚਾਰ ਨੂੰ  ਮਜ਼ਬੂਤੀ ਮਿਲ ਗਈ | ਸਰਕਾਰੀ ਦਫ਼ਤਰਾਂ 'ਚ ਅੱਜ ਵੀ ਕੋਈ ਕੰਮ ਰਿਸ਼ਵਤ ਤੋਂ ਬਗੈਰ ਨਹੀਂ ਹੁੰਦਾ | ਨਹਿਰੂ ਨੇ 1959 'ਚ ਰਾਜਨੀਤਿਕ ਗਲਤੀ ਕਰਦਿਆਂ ਕੇਰਲਾ ਵਿਚ ਚੁਣੀ ਹੋਈ ਕਮਿਊਨਿਸਟ ਸਰਕਾਰ ਨੂੰ  ਬਰਖਾਸਤ ਕਰਨ ਸਮੇਂ ਸੰਵਿਧਾਨਕ ਪ੍ਰਕਿਰਿਆ ਨਹੀਂ ਅਪਣਾਈ ਸੀ, ਉਨ੍ਹਾਂ ਖੁਦ ਮੰਨਿਆ ਕਿ ਇਹ ਇਕ ਚੰਗੀ ਉਦਾਹਰਣ ਨਹੀਂ ਸੀ | ਵਿਦੇਸ਼ ਨੀਤੀ ਵਿਚ ਉਨ੍ਹਾਂ ਦਾ ਚੀਨ ਨਾਲ ਦੋਸਤੀ ਦਾ ਗਲਤ ਜਾਇਜ਼ਾ 1962 ਦੀ ਹਾਰ ਦਾ ਕਾਰਨ ਬਣਿਆ | ਕਸ਼ਮੀਰ ਮੁੱਦੇ 'ਤੇ ਸੰਯੁਕਤ ਰਾਸ਼ਟਰ ਤੇ ਜਨਮਤ ਸੰਗ੍ਰਹਿ ਸੰਬੰਧੀ ਉਨ੍ਹਾਂ ਦੀਆਂ ਨੀਤੀਆਂ ਤੇ ਫ਼ੈਸਲਿਆਂ ਨੇ ਇਕ ਅਜਿਹਾ ਅੜਿੱਕਾ ਪੈਦਾ ਕੀਤਾ ਹੈ, ਜਿਸ ਦਾ ਖਮਿਆਜਾ ਅੱਜ ਵੀ ਦੇਸ਼ ਨੂੰ  ਭੁਗਤਣਾ ਪੈ ਰਿਹਾ ਹੈ | 
ਇੰਦਰਾ ਗਾਂਧੀ : ਫ਼ੈਸਲਾਕੁੰਨ ਲੀਡਰਸ਼ਿਪ
ਇੰਦਰਾ ਗਾਂਧੀ ਦੀ ਆਪਣੇ ਪਿਤਾ ਤੋਂ ਵੱਖਰੀ ਰਾਜਨੀਤਿਕ ਸ਼ੈਲੀ ਸੀ, ਉਸ ਕੋਲ ਫ਼ੈਸਲੇ ਲੈਣ ਦੀ ਦਿ੍ੜ੍ਹ ਇੱਛਾ ਸ਼ਕਤੀ ਸੀ | ਬੈਂਕਾਂ ਦਾ ਰਾਸ਼ਟਰੀਕਰਨ, ਪਿ੍ਵੀ ਪਰਸਾਂ ਦਾ ਖ਼ਾਤਮਾ ਤੇ 1971 ਦੀ ਜੰਗ 'ਚ ਜਿੱਤ ਉਸ ਦੇ ਸ਼ਾਸਨ ਕਾਲ ਦੀਆਂ ਮਹੱਤਵਪੂਰਨ ਘਟਨਾਵਾਂ ਹਨ | ਪਰ ਉਸ ਦੀ ਸ਼ਖ਼ਸੀਅਤ ਦਾ ਦੂਸਰਾ ਪਹਿਲੂ ਸੱਤਾ  ਦਾ ਅਸਾਧਾਰਨ ਕੇਂਦਰੀਕਰਨ ਸੀ | ਜਦੋਂ ਕਾਂਗਰਸ ਸੰਗਠਨ ਹੌਲੀ-ਹੌਲੀ ਕਮਜ਼ੋਰ ਹੁੰਦਾ ਗਿਆ ਤਾਂ ਪਾਰਟੀ ਦੇ ਅੰਦਰ ਸੁਤੰਤਰ ਅਗਵਾਈ ਤੇ ਵਿਚਾਰ-ਵਟਾਂਦਰੇ ਨਾਲੋਂ ਸਿਖਰਲੀ ਲੀਡਰਸ਼ਿਪ ਪ੍ਰਤੀ ਵਫ਼ਾਦਾਰੀ ਵਧੇਰੇ ਮਹੱਤਵਪੂਰਨ ਹੁੰਦੀ ਗਈ | ਸੂਬਿਆਂ ਦੇ ਨੇਤਾਵਾਂ ਦੀ ਰਾਜਨੀਤਿਕ ਆਜ਼ਾਦੀ ਸੀਮਤ ਹੁੰਦੀ ਗਈ ਤੇ ਸੱਤਾ ਇੰਦਰਾ ਗਾਂਧੀ ਤੇ ਉਸ ਦੇ ਨਜ਼ਦੀਕੀਆਂ ਤੱਕ ਸੀਮਤ ਹੋ ਗਈ | 1975 ਦੀ ਐਮਰਜੈਂਸੀ ਕਾਂਗਰਸ ਤੇ ਉਸ  ਲਈ ਸਦੀਵੀ ਕੌੜੀ ਯਾਦ ਬਣ ਗਈ | ਸਰਕਾਰੀ ਤੰਤਰ 'ਤੇ ਸੰਜੇ ਗਾਂਧੀ ਦੇ ਪ੍ਰਭਾਵ ਤੇ ਉਸ ਦੀਆਂ ਵਧੀਕੀਆਂ- ਜ਼ਬਰਦਸਤੀ ਨਸਬੰਦੀ ਮੁਹਿੰਮਾਂ, ਗਰੀਬਾਂ ਦੀਆਂ ਬਸਤੀਆਂ ਨੂੰ  ਹਟਾਉਣ ਤੇ ਆਮ ਨਾਗਰਿਕਾਂ ਵਿਚ ਡਰ ਪੈਦਾ ਕਰਨ ਨੂੰ  ਭੁਲਾਇਆ ਨਹੀਂ ਜਾ ਸਕਦਾ | 1977 ਵਿਚ ਇੰਦਰਾ ਗਾਂਧੀ ਦੀ ਸੱਤਾ ਤੋਂ ਬੇਦਖਲੀ ਤੇ 1980 ਵਿਚ ਸੱਤਾ 'ਚ ਵਾਪਸੀ ਨੇ ਉਸ ਦੀ ਲੋਕਪਿ੍ਅਤਾ ਨੂੰ  ਫਿਰ ਸਾਬਤ ਕੀਤਾ, ਪਰ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਉਸ ਦੀ ਹੱਤਿਆ ਨੇ ਦੇਸ਼ ਨੂੰ  ਇਕ ਹੋਰ ਡੂੰਘੇ ਸੰਕਟ 'ਚ ਸੁੱਟ ਦਿੱਤਾ | ਇੰਦਰਾ ਗਾਂਧੀ  ਇਕ ਅਜਿਹੀ ਨੇਤਾ ਸੀ, ਜਿਸ ਨੇ ਦੇਸ਼ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ ਪਰ ਉਸ ਦੇ ਸ਼ਾਸਨ ਦੌਰਾਨ ਲੋਕਤੰਤਰ ਨੂੰ  ਭਾਰੀ ਨੁਕਸਾਨ ਵੀ ਪਹੁੰਚਿਆ | ਉਸ ਤੋਂ ਬਾਅਦ ਰਾਜੀਵ ਗਾਂਧੀ ਦਾ ਬਿਨਾਂ ਕਿਸੇ ਤਜਰਬੇ ਜਾਂ ਰਾਜਨੀਤਿਕ ਸਮਝ ਦੇ ਪ੍ਰਧਾਨ ਮੰਤਰੀ ਬਣਨ ਪਿੱਛੇ ਕਾਂਗਰਸ 'ਤੇ ਨਹਿਰੂ ਪਰਿਵਾਰ ਦੀ ਵੱਡੀ ਪਕੜ ਤੇ ਪਾਰਟੀ ਮੈਂਬਰਾਂ ਦੀ ਅੰਨ੍ਹੀ ਸ਼ਰਧਾ ਸੀ |
ਸੋਨੀਆ ਗਾਂਧੀ : ਸੱਤਾ ਦੇ ਕੇਂਦਰ ਵਿਚ
ਸੋਨੀਆ ਗਾਂਧੀ ਜਦੋਂ 1968 'ਚ ਭਾਰਤ ਆਈ ਤਾਂ ਉਸ ਦਾ ਮੁਢਲਾ ਜੀਵਨ ਰਾਜਨੀਤੀ ਤੋਂ ਬਹੁਤ ਦੂਰ ਸੀ | ਉਸ ਨੂੰ  ਭਾਰਤ ਦੇ ਇਤਿਹਾਸ, ਭਾਸ਼ਾਵਾਂ, ਸਮਾਜਿਕ ਵਿਭਿੰਨਤਾ ਤੇ ਰਾਜਨੀਤਿਕ ਪਰੰਪਰਾਵਾਂ ਨੂੰ  ਸਮਝਣ 'ਚ ਸਮਾਂ ਲੱਗਿਆ | ਉਹ ਇਕ ਨਿੱਜੀ ਪਰਿਵਾਰਕ ਜੀਵਨ ਚਾਹੁੰਦੀ ਸੀ, ਪਰ ਇੰਦਰਾ ਗਾਂਧੀ ਤੇ ਫਿਰ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਹਾਲਾਤ ਬਦਲ ਗਏ |  ਜਦੋਂ 1998 'ਚ ਉਸ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਤਾਂ ਪਾਰਟੀ ਸਿਆਸੀ ਸੰਕਟ 'ਚੋਂ ਲੰਘ ਰਹੀ ਸੀ | 2004 'ਚ ਸੋਨੀਆ ਦੀ ਅਗਵਾਈ ਹੇਠ ਯੂ.ਪੀ.ਏ. ਸਰਕਾਰ ਬਣੀ, ਉਸ ਨੇ ਖ਼ੁਦ ਪ੍ਰਧਾਨ ਮੰਤਰੀ ਬਣਨ ਦੀ ਬਜਾਏ ਇਹ ਅਹੁਦਾ ਮਨਮੋਹਨ ਸਿੰਘ ਨੂੰ  ਦੇ ਕੇ ਇਕ ਵੱਡਾ ਰਾਜਨੀਤਿਕ ਫ਼ੈਸਲਾ ਲਿਆ ਸੀ | ਯੂ.ਪੀ.ਏ. ਦੀ 10 ਸਾਲ ਚੱਲੀ ਸਰਕਾਰ ਨੇ ਉਸ ਸਮੇਂ ਸੂਚਨਾ ਅਧਿਕਾਰ ਕਾਨੂੰਨ, ਮਨਰੇਗਾ ਤੇ ਖੁਰਾਕ ਸੁਰੱਖਿਆ ਵਰਗੇ ਕਾਨੂੰਨਾਂ ਨੂੰ  ਅੱਗੇ ਵਧਾਇਆ ਸੀ | ਉਸ ਦੀ ਆਤਮਕਥਾ ਐਮਰਜੈਂਸੀ ਦੌਰਾਨ ਪਰਿਵਾਰ ਦੇ ਅੰਦਰੂਨੀ ਮਤਭੇਦ, ਰਾਜੀਵ ਗਾਂਧੀ ਨੂੰ  ਸਲਾਹ, ਸੰਜੇ ਗਾਂਧੀ ਦਾ ਵਧਦਾ ਸਿਆਸੀ ਪ੍ਰਭਾਵ ਤੇ ਇੰਦਰਾ ਗਾਂਧੀ ਦੀ ਮਾਨਸਿਕ ਸਥਿਤੀ ਦਾ ਖੁਲਾਸਾ ਕਰਦੀ ਹੈ | ਹੁਣ ਸਵਾਲ ਰਾਹੁਲ ਗਾਂਧੀ ਤੇ ਪਿ੍ਅੰਕਾ ਵਾਡਰਾ ਬਾਰੇ ਉੱਠਦਾ ਹੈ, ਜੋ ਕ੍ਰਮਵਾਰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਲੋਕ ਸਭਾ ਦੇ ਮੈਂਬਰ ਹਨ | ਦੋਵਾਂ ਨੂੰ  ਰਾਜਨੀਤੀ 'ਚ ਸਰਗਰਮ ਰਹਿਣ ਤੇ ਚੋਣਾਂ ਲੜਨ ਦਾ ਪੂਰਾ ਅਧਿਕਾਰ ਹੈ | ਪਰ ਕੀ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ  ਕਿਸੇ ਪਰਿਵਾਰ ਦੀ ਅਗਲੀ ਪੀੜ੍ਹੀ ਲਈ ਕੁਦਰਤੀ ਅਗਲਾ ਪੜਾਅ ਮੰਨਿਆ ਜਾਣਾ ਚਾਹੀਦਾ ਹੈ? ਕੀ ਕਿਸੇ ਵਿਅਕਤੀ ਦੀ ਸਭ ਤੋਂ ਵੱਡੀ ਰਾਜਨੀਤਿਕ ਯੋਗਤਾ ਉਸ ਦਾ ਕਿਸੇ ਖਾਸ ਪਰਿਵਾਰ 'ਚ ਜਨਮ ਲੈਣਾ ਹੋ ਸਕਦਾ ਹੈ? ਲੋਕਤੰਤਰ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਕਿਸੇ ਪਰਿਵਾਰ ਦੀ ਵਿਰਾਸਤ ਨਹੀਂ ਹੁੰਦੀ, ਇਹ ਜਨਤਾ ਦੇ ਵਿਸ਼ਵਾਸ ਤੇ ਸੰਸਦ ਵਿਚ ਬਹੁਮਤ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ |

ਈ-ਮੇਲ : pooranchandsarin@gmail.com

ਪਿਛਲੀ ਖ਼ਬਰ ਜਮਹੂਰੀ ਵਿਵਸਥਾ 'ਚ ਸਰਕਾਰ ਤੇ ਮੀਡੀਆ ਦਾ ਰੋਲ ਅਗਲੀ ਖ਼ਬਰ 'ਬਾਲ ਦਿਵਸ' ਦੀ ਮਹੱਤਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।