02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਚੁਣੌਤੀ ਭਰਿਆ ਦਹਿਸ਼ਤ ਦਾ ਮਾਹੌਲ

ਅਜੀਤ ਡੈਸਕ 04-06-2026

ਪਿਛਲੇ ਦਿਨੀਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਕਲਾਨੌਰ ਵਿਚ ਇਕ ਹਸਪਤਾਲ 'ਤੇ ਦੁਪਹਿਰ ਸਮੇਂ ਗ੍ਰਨੇਡ ਸੁੱਟਿਆ ਗਿਆ। ਜਿਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਇਲਾਕੇ ਭਰ ਵਿਚ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਗਿਆ। ਪੁਲਿਸ ਨੇ ਮੁਸਤੈਦੀ ਵਰਤਦਿਆਂ ਕੁਝ ਘੰਟਿਆਂ ਵਿਚ ਹੀ ਇਕ ਦੋਸ਼ੀ ਨੂੰ ਕਾਬੂ ਕਰ ਲਿਆ, ਜਿਸ ਤੋਂ ਨਵੇਂ ਖੁਲਾਸੇ ਹੋਣ ਦੀ ਆਸ ਕੀਤੀ ਜਾ ਰਹੀ ਹੈ। ਇਸ ਸੰਬੰਧੀ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਨੇ ਇਹ ਕਿਹਾ ਹੈ ਕਿ ਇਸ ਮਾਮਲੇ ਨੂੰ ਗੁਰਦਾਸਪੁਰ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਸਾਂਝੀ ਟੀਮ ਨੇ ਕੁਝ ਘੰਟਿਆਂ ਵਿਚ ਹੀ ਹੱਲ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪਿੱਛੇ ਇਕ ਵਿਦੇਸ਼ੀ ਸਾਜਿਸ਼ਘਾੜੇ (ਹੈਂਡਲਰ) ਦਾ ਹੱਥ ਹੈ, ਜਿਸ ਦੇ ਨਿਰਦੇਸ਼ਾਂ 'ਤੇ ਇਹ ਸਾਜਿਸ਼ ਰਚੀ ਗਈ ਸੀ। ਇਸ ਬਾਰੇ ਸੰਬੰਧਿਤ ਹਸਪਤਾਲ ਦੇ ਡਾਕਟਰ ਨੇ ਵੀ ਦੱਸਿਆ ਕਿ ਪਿਛਲੇ ਸਾਲ ਤੋਂ ਉਨ੍ਹਾਂ ਨੂੰ ਫਿਰੌਤੀ ਦੇ ਫੋਨ ਆ ਰਹੇ ਸਨ। ਦਹਿਸ਼ਤ ਫੈਲਾਉਣ ਲਈ ਹੀ ਇਹ ਕਾਰਾ ਕੀਤਾ ਗਿਆ ਹੈ।
ਪਿਛਲੇ ਲੰਮੇ ਸਮੇਂ ਤੋਂ ਪੂਰੇ ਸੂਬੇ ਤੋਂ ਅਜਿਹੇ ਦਹਿਸ਼ਤੀ ਕਾਰੇ ਕੀਤੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ। ਇਨ੍ਹਾਂ ਦਾ ਦਿਨ ਪ੍ਰਤੀਦਿਨ ਵਧਣਾ ਸੂਬੇ ਦੀ ਪੁਲਿਸ ਅਤੇ ਪ੍ਰਸ਼ਾਸਨ ਲਈ ਇਕ ਵੱਡੀ ਚੁਣੌਤੀ ਬਣੀ ਆਉਂਦੀ ਹੈ। ਚਾਹੇ ਪੁਲਿਸ ਅਜਿਹੀਆਂ ਵਾਰਦਾਤਾਂ ਪ੍ਰਤੀ ਸੰਵੇਦਨਸ਼ੀਲ ਹੋ ਕੇ ਸਖ਼ਤ ਕਦਮ ਉਠਾ ਰਹੀ ਹੈ ਅਤੇ ਸਰਕਾਰ ਵਲੋਂ ਇਸ ਲਈ ਲਗਾਤਾਰ ਸਖ਼ਤ ਆਦੇਸ਼ ਵੀ ਦਿੱਤੇ ਜਾ ਰਹੇ ਹਨ, ਪਰ ਫਿਕਰ ਦੀ ਗੱਲ ਇਹ ਹੈ ਕਿ ਇਹ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਖ਼ਬਰਾਂ ਅਨੁਸਾਰ ਪਿਛਲੇ 4 ਮਹੀਨਿਆਂ ਵਿਚ 27 ਕਿੱਲੋ ਨਸ਼ੀਲੇ ਪਦਾਰਥ, ਦਰਜਨਾਂ ਪਿਸਤੌਲਾਂ ਅਤੇ ਵਿਸਫੋਟਕ ਸਮੱਗਰੀ ਫੜੀ ਜਾ ਚੁੱਕੀ ਹੈ। ਪੁਲਿਸ ਅਪਰਾਧੀਆਂ ਦੇ ਨੈੱਟਵਰਕ ਤੋੜਨ ਲਈ ਪੂਰਾ ਯਤਨ ਵੀ ਕਰ ਰਹੀ ਹੈ, ਪਰ ਹਥਿਆਰਾਂ ਤੇ ਗ੍ਰਨੇਡਾਂ ਦਾ ਚੱਲਣਾ ਅਤੇ ਫਿਰੌਤੀਆਂ ਲਈ ਧਮਕੀਆਂ ਦਾ ਦਿਨ ਪ੍ਰਤੀ ਦਿਨ ਵਧਦੇ ਜਾਣਾ, ਪੁਲਿਸ ਲਈ ਵੱਡੀ ਚਿੰਤਾ ਦਾ ਕਾਰਨ ਬਣ ਗਿਆ ਹੈ। ਇਸੇ ਹੀ ਕੜੀ ਵਿਚ ਫਿਰੌਤੀ ਨਾ ਮਿਲਣ ਕਾਰਨ ਹਸਪਤਾਲ 'ਤੇ ਬੰਬ ਸੁੱਟਣ ਦੀ ਕਾਰਵਾਈ ਕੀਤੀ ਗਈ ਹੈ। ਹਾਈ ਕੋਰਟ ਵਿਚ ਵੀ ਇਸ ਲਈ ਕਈ ਪਟੀਸ਼ਨਾਂ ਪਾਈਆਂ ਜਾ ਚੁੱਕੀਆਂ ਹਨ। ਪਿਛਲੇ ਹੀ ਦਿਨ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਸ਼ਹਿਰ ਵਿਚ ਇਕ ਕਰਿਆਨਾ ਸਟੋਰ ਦੇ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਤਿਆਰਿਆਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਦਿਨ-ਦਿਹਾੜੇ, ਭਰੇ ਬਾਜ਼ਾਰਾਂ ਵਿਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸੇ ਹੀ ਦਿਨ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਅਧੀਨ ਪੈਂਦੇ ਇਕ ਪਿੰਡ ਨੇੜੇ ਇਕ ਸਰਕਾਰੀ ਅਧਿਆਪਕ ਨੂੰ ਕਤਲ ਕਰ ਦਿੱਤਾ ਗਿਆ। ਇਥੋਂ ਤੱਕ ਕਿ ਵੱਡੇ ਸ਼ਹਿਰਾਂ ਵਿਚ ਵੀ ਦਿਨ-ਦਹਾੜੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਮੋਟਰਸਾਈਕਲ 'ਤੇ ਸਵਾਰ ਲੁਟੇਰੇ ਸੜਕ 'ਤੇ ਜਾਂਦੀਆਂ ਔਰਤਾਂ ਤੋਂ ਦਿਨ ਦਿਹਾੜੇ ਲੁੱਟ ਖੋਹ ਕਰਦੇ ਹਨ, ਜਿਸ ਕਰਕੇ ਹੁਣ ਔਰਤਾਂ ਅੰਦਰ ਵੀ ਸੜਕਾਂ, ਬਾਜ਼ਾਰਾਂ 'ਚ ਜਾਂਦਿਆਂ ਇਕ ਸਹਿਮ ਪੈਦਾ ਹੋ ਰਿਹਾ ਹੈ।
ਲੁਧਿਆਣਾ ਵਰਗੇ ਸ਼ਹਿਰ ਵਿਚ ਘਰ ਦੇ ਅੰਦਰ ਇਕ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਲੰਧਰ ਵਿਚ ਇਕ ਆਰ.ਟੀ.ਆਈ. ਕਾਰਕੁੰਨ ਦੀ ਦਿਨ-ਦਹਾੜੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਇਸੇ ਹੀ ਤਰ੍ਹਾਂ ਪਿਛਲੇ ਦਿਨੀਂ ਜਲੰਧਰ ਦੇ ਥਾਣਾ ਲਾਂਬੜਾ ਅਧੀਨ ਪੈਂਦੇ ਇਕ ਇਲਾਕੇ ਵਿਚ ਇਕ ਨਸ਼ੇੜੀ ਵਲੋਂ ਮਾਂ ਨੂੰ ਧੱਕਾ ਮਾਰ ਕੇ ਡੇਗਣ ਤੋਂ ਬਾਅਦ ਉਸ ਦੀ ਬੇਟੀ ਨੂੰ ਅਗਵਾ ਕਰਨ ਦਾ ਯਤਨ ਕੀਤਾ ਗਿਆ। ਇਥੋਂ ਤੱਕ ਕਿ ਮਜੀਠਾ ਨੇੜੇ ਡਿਊਟੀ 'ਤੇ ਜਾ ਰਹੇ ਇਕ ਪੁਲਿਸ ਦੇ ਏ.ਐਸ.ਆਈ. ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਪਿਛਲੇ ਦਿਨੀਂ ਗਾਇਕਾ ਯਸ਼ਇੰਦਰ ਕੌਰ ਉਰਫ਼ ਇੰਦਰ ਕੌਰ ਨੂੰ ਕਤਲ ਕਰਕੇ ਨਹਿਰ ਵਿਚ ਸੁੱਟ ਦਿੱਤਾ ਗਿਆ ਸੀ, ਜਿਸ ਦੀ ਖ਼ਬਰ ਵੱਡੀ ਪੱਧਰ 'ਤੇ ਨਸ਼ਰ ਹੋਈ ਸੀ। ਵੱਡੇ ਸ਼ਹਿਰਾਂ ਵਿਚ ਚੋਰੀਆਂ, ਲੁੱਟਾਂ-ਖੋਹਾਂ ਤੇ ਝੱਪਟਮਾਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਘਰਾਂ ਦੇ ਤਾਲੇ ਤੋੜੇ ਜਾ ਰਹੇ ਹਨ, ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਕੱਢਿਆ ਜਾ ਰਿਹਾ ਹੈ ਅਤੇ ਰਾਹਗੀਰ ਔਰਤਾਂ ਦੇ ਮੋਬਾਈਲ, ਨਕਦੀ ਅਤੇ ਸੋਨੇ ਦੇ ਗਹਿਣੇ ਝਪਟੇ ਜਾ ਰਹੇ ਹਨ। ਦੂਜੇ ਪਾਸੇ ਪੰਜਾਬ ਪੁਲਿਸ ਦਾ ਪੱਖ ਇਹ ਹੈ ਕਿ ਉਹ ਰਾਜ ਵਿਚ ਨਸ਼ਿਆਂ ਦੇ ਤਸਕਰਾਂ, ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਵਿਰੁੱਧ ਲਗਾਤਾਰ ਮੁਹਿੰਮ ਚਲਾ ਰਹੀ ਹੈ। ਪੁਲਿਸ ਨੇ 134 ਦਿਨਾਂ ਤੋਂ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਸੰਬੰਧੀ ਕਿਹਾ ਕਿ ਉਸ ਨੇ ਬੀਤੇ ਦਿਨ 526 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ ਤੇ 272 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤੱਕ ਕੁਲ ਗ੍ਰਿਫ਼ਤਾਰੀਆਂ 33,612 ਹੋ ਗਈਆਂ ਹਨ। ਪੁਲਿਸ ਅਨੁਸਾਰ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ 459ਵੇਂ ਦਿਨ 71 ਨਸ਼ਾ ਤਸਕਰ ਹਿਰਾਸਤ ਵਿਚ ਲਏ ਗਏ ਹਨ ਅਤੇ ਵੱਡੀ ਪੱਧਰ 'ਤੇ ਨਸ਼ੀਲੇ ਪਦਾਰਥ ਵੀ ਫੜੇ ਗਏ ਹਨ। ਬਿਨਾਂ ਸ਼ੱਕ ਪੁਲਿਸ ਯਤਨ ਕਰ ਰਹੀ ਹੈ, ਪਰ ਸਥਿਤੀ ਬੇਹੱਦ ਗੰਭੀਰ ਤੇ ਅਫ਼ਸੋਸਨਾਕ ਹੈ। ਪ੍ਰਸ਼ਾਸਨ ਅਤੇ ਪੁਲਿਸ ਲਈ ਇਹ ਇਕ ਵੱਡੀ ਚੁਣੌਤੀ ਹੈ, ਜਿਸ ਲਈ ਉਸ ਨੂੰ ਹੋਰ ਵੀ ਮੁਸਤੈਦ ਹੋਣਾ ਪਵੇਗਾ। ਆਉਂਦੇ ਸਮੇਂ ਵਿਚ ਅਜਿਹੇ ਅਨੇਕਾਂ-ਅਨੇਕ ਜੁਰਮਾਂ 'ਤੇ ਕਾਬੂ ਪਾਉਣ ਵਿਚ ਹੀ ਸਰਕਾਰ ਦੀ ਸਫ਼ਲਤਾ ਮੰਨੀ ਜਾਏਗੀ। ਅੱਜ ਇਸੇ ਦ੍ਰਿੜ੍ਹਤਾ ਭਰੀ ਸਰਗਰਮੀ ਦੀ ਹੀ ਪ੍ਰਸ਼ਾਸਨ ਤੋਂ ਆਸ ਕੀਤੀ ਜਾ ਰਹੀ ਹੈ।

-ਬਰਜਿੰਦਰ ਸਿੰਘ ਹਮਦਰਦ

 

ਪਿਛਲੀ ਖ਼ਬਰ ਨਵੇਂ ਸਤਿਕਾਰ ਸੋਧ ਕਾਨੂੰਨ ਦਾ ਮਸਲਾ : ਮੌਜੂਦਾ ਰੇੜਕੇ ਦਾ ਹੱਲ ਕਿਵੇਂ ਹੋਵੇ? ਅਗਲੀ ਖ਼ਬਰ ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।