ਖਾੜੀ ਜੰਗ ਵਿਚ ਤੇਜ਼ੀ ਨਾਲ ਬਦਲ ਰਹੇ ਘਟਨਾਕ੍ਰਮ ਦੌਰਾਨ ਹਾਲਾਤ ਲਗਾਤਾਰ ਅਮਰੀਕਾ ਤੇ ਇਜ਼ਰਾਈਲ ਦੇ ਖ਼ਿਲਾਫ਼ ਹੁੰਦੇ ਜਾ ਰਹੇ ਹਨ। ਟਰੰਪ ਨਿਰਾਸ਼ਾ ਤੇ ਸੰਭਾਵੀ ਹਾਰ ਦੇ ਖਦਸ਼ੇ ਨੂੰ ਛੁਪਾਉਣ ਲਈ ਦਿਖਾਵਾ ਕਰਨ ਲਈ ਪੌਪ ਸਿੰਗਰ ਵਾਂਗ ਹਰਕਤਾਂ ਕਰ ਰਿਹਾ ਹੈ। ਉਨ੍ਹਾਂ ਦੇ ਨੇੜਲੇ ਸਾਥੀ ਇੱਕ-ਇੱਕ ਕਰਕੇ ਉਸ ਦਾ ਸਾਥ ਛੱਡਦੇ ਜਾ ਰਹੇ ਹਨ। ਉਨ੍ਹਾਂ ਦੇ ਸਾਹਮਣੇ ਈਰਾਨ ਨੇ ਹੋਰਮੁਜ਼ ਜਲਡਮਰੂ ਦੀ ਨਾਕਾਬੰਦੀ ਕਰ ਦਿੱਤੀ ਹੈ ਤੇ ਹੁਣ ਅਲਮੰਡੇਬ ਜਲਡਮਰੂ ਬੰਦ ਹੋਣ ਦੇ ਸ਼ੰਕੇ ਵਧ ਰਹੇ ਹਨ, ਜਿਸ ਕਾਰਨ ਲਾਲ ਸਾਗਰ ਤੋਂ ਹੋ ਕੇ ਜਾਣ ਵਾਲਾ ਸਮੁੰਦਰੀ ਰਾਹ ਵੀ ਬੰਦ ਹੋ ਜਾਵੇਗਾ। ਜੇਕਰ ਹੋਰਮੁਜ਼ ਕਾਰਨ ਦੁਨੀਆ ਦਾ ਵਪਾਰ ਠੱਪ ਹੋ ਰਿਹਾ ਹੈ ਤਾਂ ਅਲਮੰਡੇਬ ਜਲਮਾਰਗ ਦੇ ਬੰਦ ਹੋਣ ਨਾਲ ਵਿਸ਼ਵ ਆਰਥਿਕਤਾ ਦੀ ਤਬਾਹੀ ਤੈਅ ਹੈ। ਟਰੰਪ ਤੇ ਨੇਤਨਯਾਹੂ ਦੀ ਮਨਮਰਜ਼ੀ ਦਾ ਖਮਿਆਜ਼ਾ ਸਾਰੀ ਦੁਨੀਆ ਨੂੰ ਭੁਗਤਣਾ ਪੈ ਰਿਹਾ ਹੈ। ਈਰਾਨ ਆਪਣੀਆਂ ਹਾਈਬ੍ਰਿਡ ਮਿਜ਼ਾਈਲਾਂ ਇਜ਼ਰਾਈਲ 'ਤੇ ਸੁੱਟ ਰਿਹਾ ਹੈ ਅਤੇ ਮੱਧ-ਪੂਰਬ ਵਿਚ ਅਮਰੀਕੀ ਅੱਡਿਆਂ ਨੂੰ ਤਬਾਹ ਕਰ ਰਿਹਾ ਹੈ ਅਤੇ ਉਸ ਨੇ ਹੋਰਮੁਜ਼ ਨੂੰ ਬੰਦ ਕਰ ਕੇ ਦੁਨੀਆ 'ਤੇ ਦਬਾਅ ਬਣਾਇਆ ਹੋਇਆ ਹੈ। ਹੁਣ ਉਹ ਹੂਤੀ ਵਿਦਰੋਹੀਆਂ ਦੇ ਜ਼ਰੀਏ ਅਲਮੰਡੇਬ ਨੂੰ ਵੀ ਬੰਦ ਕਰਨ ਵਾਲਾ ਹੈ, ਟਰੰਪ ਨੇ ਸ਼ਾਇਦ ਹੀ ਹੂਤੀ ਵਿਦਰੋਹੀਆਂ ਬਾਰੇ ਸੋਚਿਆ ਹੋਵੇਗਾ।
ਇਹ ਹੂਤੀ ਵਿਦਰੋਹੀ ਕੌਣ ਹਨ ਤੇ ਇਨ੍ਹਾਂ ਦਾ ਈਰਾਨ ਨਾਲ ਕੀ ਸੰਬੰਧ ਹੈ? ਉਹ ਈਰਾਨ ਦੇ ਜੰਗ-ਡਿਜ਼ਾਇਨ ਵਿਚ ਕਿੱਥੇ ਫਿੱਟ ਹੁੰਦੇ ਹਨ ਤੇ ਹੁਣ ਤੱਕ ਕਿੱਥੇ ਗੁੰਮ ਸਨ, ਜੋ ਟਰੰਪ-ਨੇਤਨਯਾਹੂ ਦੇ ਐਪਸਟੀਨ ਗਰੋਹ ਲਈ ਹੋਰ ਜ਼ਿਆਦਾ ਮੁਸ਼ਕਿਲਾਂ ਪੈਦਾ ਕਰਨ ਲੱਗੇ ਹਨ? ਜ਼ਿਕਰਯੋਗ ਹੈ ਕਿ ਹੂਤੀ ਉੱਤਰੀ ਯਮਨ ਦਾ ਇਕ ਸ਼ੀਆ ਵਿਦਰੋਹੀ ਸੰਗਠਨ ਹੈ, ਜਿਸ ਦਾ ਪੂਰਾ ਨਾਂਅ 'ਅੰਸਾਰ ਅਲਹ' ਹੈ। ਜਿਸ ਦੀ ਸ਼ੁਰੂਆਤ ਇਕ ਸਮਾਜਿਕ-ਧਾਰਮਿਕ ਅੰਦੋਲਨ ਦੇ ਰੂਪ ਵਿਚ ਹੋਈ ਸੀ ਤੇ ਇਸ ਦਾ ਸੰਸਥਾਪਕ ਹੁਸੈਨ ਬਦਰੁਦੀਨ ਅਲ-ਹੂਤੀ ਸੀ, ਇਸ ਸੰਗਠਨ ਦਾ ਹੂਤੀ ਨਾਂਅ ਉਸੇ ਦੇ ਨਾਂਅ 'ਤੇ ਪਿਆ ਹੈ। ਇਸ ਸੰਗਠਨ ਨੇ 2004 ਦੇ ਹਥਿਆਰਬੰਦ ਵਿਦਰੋਹ ਬਾਅਦ ਯਮਨ ਦੀ ਰਾਜਧਾਨੀ ਸਨਾ ਸਮੇਤ ਦੇਸ਼ ਦੇ 80 ਫ਼ੀਸਦੀ ਹਿੱਸੇ 'ਤੇ ਕਬਜ਼ਾ ਕਰਕੇ ਆਪਣੀ ਸਰਕਾਰ ਸਥਾਪਿਤ ਕਰ ਲਈ ਸੀ। ਇਹ ਹੂਤੀ ਸੰਗਠਨ 'ਅਮਰੀਕਾ, ਇਜ਼ਰਾਈਲ ਤੇ ਯਹੂਦੀਆਂ' ਨੂੰ ਆਪਣੇ ਦੁਸ਼ਮਣ ਮੰਨਦਾ ਹੈ ਅਤੇ ਹੂਤੀ ਅਮਰੀਕਾ ਤੇ ਇਜ਼ਰਾਈਲ ਦੇ ਖਾਤਮੇ ਦਾ ਨਾਅਰਾ ਲਗਾਉਂਦੇ ਹਨ। ਉਨ੍ਹਾਂ ਨੂੰ ਹਥਿਆਰ, ਸਿਖਲਾਈ ਤੇ ਮਿਜ਼ਾਈਲ-ਡ੍ਰੋਨ ਤਕਨੀਕ ਈਰਾਨ ਤੋਂ ਹੀ ਮਿਲਦੀ ਹੈ ਅਤੇ ਉਹ ਲਾਲ ਸਾਗਰ ਵਿਚ ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਹੂਤੀ ਸਹੀ ਮੌਕੇ ਦੀ ਉਡੀਕ 'ਚ ਸਨ, ਜਿਸ ਨੇ ਈਰਾਨ ਦੇ ਨਾਲ ਸਲਾਹ-ਮਸ਼ਵਰੇ ਬਾਅਦ ਇਸ ਯੁੱਧ ਵਿਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ 28 ਮਾਰਚ ਨੂੰ ਇਜ਼ਰਾਈਲ 'ਤੇ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਹਨ। ਜਦੋਂ ਹੂਤੀ ਨੇ 2023-2025 ਵਿਚ ਗਾਜ਼ਾ ਦੇ ਯੁੱਧ ਦੌਰਾਨ 100 ਤੋਂ ਵੱਧ ਸਮੁੰਦਰੀ ਜਹਾਜ਼ਾਂ 'ਤੇ ਹਮਲੇ ਕੀਤੇ ਸਨ ਤਾਂ ਸਾਰੀ ਦੁਨੀਆ ਵਿਚ ਜਹਾਜ਼ਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ। ਹੁਣ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਬਾਅਦ ਸਾਊਦੀ ਅਰਬ ਤੇ ਖਾੜੀ ਦੇਸ਼ਾਂ ਦਾ ਤੇਲ ਲਾਲ ਸਾਗਰ ਦੇ ਰਸਤੇ 'ਤੇ ਯਾਨਬੂ ਬੰਦਰਗਾਹ ਤੋਂ ਗੁਜ਼ਰ ਰਿਹਾ ਹੈ, ਜੇਕਰ ਹੂਤੀ ਇਸ ਰਸਤੇ ਨੂੰ ਨਿਸ਼ਾਨਾ ਬਣਾਉਂਦੇ ਹਨ ਤਾਂ ਵਿਸ਼ਵ ਪੱਧਰ 'ਤੇ ਤੇਲ ਸਪਲਾਈ, ਕੀਮਤਾਂ ਤੇ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਉਹ ਇਜ਼ਰਾਈਲ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੇ ਤੇਲ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਦਰਅਸਲ ਹੂਤੀ ਈਰਾਨ ਦੁਆਰਾ ਚਲਾਏ ਜਾ ਰਹੇ 'ਅਸਿਮੇਟ੍ਰਿਕ ਵਾਰਫੇਅਰ' ਯੁੱਧ ਰਣਨੀਤੀ ਦਾ ਤਾਜ਼ਾ ਹਥਿਆਰ ਹਨ। ਈਰਾਨ ਵੱਡੀਆਂ ਸੈਨਾਵਾਂ ਨਾਲ ਲੜਨ ਦੀ ਬਜਾਏ ਸਮੁੰਦਰੀ ਜਹਾਜ਼ਾਂ ਨੂੰ ਮਿਜ਼ਾਈਲਾਂ ਤੇ ਡਰੋਨਾਂ ਨਾਲ ਵਿਸ਼ਵ ਵਪਾਰ ਤੇ ਊਰਜਾ ਮਾਰਗਾਂ ਨੂੰ ਨਿਸ਼ਾਨਾ ਬਣਾ ਕੇ ਦਬਾਅ ਵਧਾ ਰਿਹਾ ਹੈ।
ਡੋਨਾਲਡ ਟਰੰਪ ਤੇ ਨੇਤਨਯਾਹੂ ਦੇ ਮੂੰਹ 'ਤੇ ਇਕ ਹੋਰ ਥੱਪੜ ਪਿਆ ਹੈ, ਜੋ ਕਿਸੇ ਮੁਸਲਿਮ ਦੇਸ਼ ਜਾਂ ਵਿਦਰੋਹੀ ਸੰਗਠਨ ਨੇ ਨਹੀਂ ਸਗੋਂ ਇਕ ਵੱਡੇ ਯੂਰਪੀਅਨ ਦੇਸ਼ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਮਾਰਿਆ ਹੈ। ਉਨ੍ਹਾਂ ਬਹੁਤ ਸਪੱਸ਼ਟਤਾ ਨਾਲ ਖਾੜੀ ਯੁੱਧ ਦਾ ਵਿਰੋਧ ਕਰਦਿਆਂ ਟਰੰਪ ਤੇ ਨੇਤਨਯਾਹੂ ਦੀ ਸਖ਼ਤ ਅਲੋਚਨਾ ਕੀਤੀ ਅਤੇ ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਕਰਦਿਆਂ ਸ਼ਾਂਤੀਪੂਰਨ ਤੇ ਕੂਟਨੀਤਿਕ ਹੱਲ ਕੱਢਣ ਦੀ ਵਕਾਲਤ ਕੀਤੀ ਹੈ। ਸਾਂਚੇਜ਼ ਨੇ 2003 ਦੇ ਇਰਾਕ ਯੁੱਧ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਈਰਾਨ ਯੁੱਧ ਉਸ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਤੇ ਵਿਆਪਕ ਹੈ। ਉਹ ਅਮਰੀਕਾ ਤੇ ਇਜ਼ਰਾਈਲ ਦੀਆਂ ਫ਼ੌਜੀ ਕਾਰਵਾਈਆਂ ਨੂੰ ਗ਼ੈਰਕਾਨੂੰਨੀ, ਅਣਉੱਚਿਤ ਤੇ ਖ਼ਤਰਨਾਕ ਮੰਨਦੇ ਹਨ। ਸਪੇਨ ਨੇ ਅਮਰੀਕਾ ਨੂੰ ਆਪਣੇ ਰੋਟਾ ਤੇ ਮੋਰੋਨ 'ਚ ਬਣੇ ਸੈਨਿਕ ਅੱਡਿਆਂ ਦੀ ਈਰਾਨ ਦੇ ਖ਼ਿਲਾਫ਼ ਵਰਤੋਂ ਕਰਨ ਤੋਂ ਵੀ ਰੋਕ ਦਿੱਤਾ ਹੈ। ਸਾਂਚੇਜ਼ ਦਾ ਕਹਿਣਾ ਹੈ ਕਿ ਕੁਝ ਲੋਕ ਦੁਨੀਆ ਵਿਚ ਅੱਗ ਲਗਾਉਂਦੇ ਹਨ ਤਾਂ ਹੋਰਾਂ ਦੇ ਹੱਥ ਸਿਰਫ਼ ਰਾਖ ਆਉਂਦੀ ਹੈ। 2024 ਵਿਚ ਫਿਲਸਤੀਨ ਨੂੰ ਦੇਸ਼ ਵਜੋਂ ਮਾਨਤਾ ਦੇ ਚੁੱਕੇ ਸਪੇਨ ਨੇ ਇਜ਼ਰਾਈਲ ਵਲੋਂ ਗਾਜ਼ਾ 'ਚ ਕੀਤੀ ਕਾਰਵਾਈ ਨੂੰ ਨਿਹੱਥੇ ਲੋਕਾਂ ਦਾ ਸਫਾਇਆ ਕਰਾਰ ਦਿੰਦਿਆਂ ਇਸ ਨੂੰ ਕਾਨੂੰਨਾਂ ਦੀ ਉਲੰਘਣਾ ਕਿਹਾ ਹੈ।
ਟਰੰਪ ਦਾ ਵਿਰੋਧ ਸਿਰਫ਼ ਈਰਾਨ, ਹੂਤੀ ਅਤੇ ਸਾਂਚੇਜ਼ ਹੀ ਨਹੀਂ ਕਰ ਰਹੇ, ਸਗੋਂ ਅਮਰੀਕਾ ਅੰਦਰ ਤੇ ਉਸ ਦੇ ਪਹਿਲਾਂ ਰਹੇ ਸਮਰਥਕਾਂ ਵਲੋਂ ਵੀ ਇਸ ਦਾ ਜ਼ਬਰਦਸਤ ਵਿਰੋਧ ਹੋਣ ਲੱਗਾ ਹੈ। ਟਰੰਪ ਦੇ ਅਸਲੀ ਚਿਹਰੇ ਨੂੰ ਉਜਾਗਰ ਕਰਨ ਵਾਲਿਆਂ 'ਚੋਂ ਇਕ ਉੱਘੀ ਹਸਤੀ ਜੋਸੇਫ ਕਲੇ ਕੈਂਟ ਹੈ, ਉਹ ਅਮਰੀਕਾ ਦਾ ਇਕ ਪ੍ਰਮੁੱਖ ਸਾਬਕਾ ਫੌਜੀ ਅਧਿਕਾਰੀ, ਖੁਫੀਆ ਮਾਹਿਰ ਤੇ ਰਾਜਨੇਤਾ ਹੈ। ਉਨ੍ਹਾਂ ਇਰਾਕ ਸਮੇਤ 11 ਥਾਵਾਂ 'ਤੇ ਮੂਹਰੇ ਹੋ ਕੇ ਸੇਵਾ ਨਿਭਾਈ ਅਤੇ ਉਹ 20 ਸਾਲ ਬਾਅਦ 2018 ਵਿਚ ਸੇਵਾਮੁਕਤ ਹੋਏ ਹਨ। ਸੈਨਾ ਦੇ ਬਾਅਦ ਕੈਂਟ ਨੇ ਸੀ.ਆਈ.ਏ. ਵਿਚ ਪੈਰਾਮਿਲਟਰੀ ਅਫ਼ਸਰ ਦੇ ਰੂਪ ਵਿਚ ਕੰਮ ਕੀਤਾ। ਉਨ੍ਹਾਂ ਦੀ ਪਤਨੀ ਸ਼ੈਨਨ ਕੈਂਟ ਅਮਰੀਕੀ ਜਲ ਸੈਨਾ ਵਿਚ ਸੇਵਾ ਨਿਭਾਅ ਰਹੀ ਸੀ, ਜਦੋਂ ਉਹ 2019 ਦੇ ਸੀਰੀਆ ਆਈ.ਐੱਸ.ਆਈ.ਐੱਸ ਆਤਮਘਾਤੀ ਹਮਲੇ 'ਚ ਮਾਰੀ ਗਈ ਸੀ। ਕੈਂਟ 2020 ਵਿਚ ਟਰੰਪ ਦੀ ਚੋਣ ਮੁਹਿੰਮ ਵਿਚ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਸਨ। ਟਰੰਪ ਨੇ ਉਨ੍ਹਾਂ ਨੂੰ ਜੁਲਾਈ 2025 ਵਿਚ ਨੈਸ਼ਨਲ ਕਾਊਂਟਰ ਟੈਰੋਰਿਜ਼ਮ ਸੈਂਟਰ (ਐਨ.ਸੀ.ਟੀ.ਸੀ.)ਦਾ ਡਾਇਰੈਕਟਰ ਨਿਯੁਕਤ ਕੀਤਾ ਸੀ। ਪਿਛਲੇ ਦਿਨੀਂ ਕੈਂਟ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਉਹ ਟਰੰਪ ਪ੍ਰਸ਼ਾਸਨ ਵਿਚ ਈਰਾਨ ਯੁੱਧ ਦੇ ਵਿਰੁੱਧ ਅਸਤੀਫਾ ਦੇਣ ਵਾਲੇ ਪਹਿਲੇ ਉੱਚ ਅਧਿਕਾਰੀ ਹਨ। ਉਨ੍ਹਾਂ ਮਸ਼ਹੂਰ ਪੱਤਰਕਾਰ ਕਾਰਲਸਨ ਦੇ ਨਾਲ ਕੀਤੇ ਪੌਡਕਾਸਟ ਵਿਚ ਦੱਸਿਆ ਕਿ ਉਸ ਨੇ 4 ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ। ਪਹਿਲਾ ਈਰਾਨ ਤੋਂ ਅਮਰੀਕਾ ਨੂੰ ਕੋਈ ਸਿੱਧਾ ਖ਼ਤਰਾ ਨਹੀਂ ਹੈ। ਦੂਜਾ ਯੁੱਧ ਇਜ਼ਰਾਈਲ ਤੇ ਉਸ ਦੀ ਅਮਰੀਕੀ ਲਾਬੀ ਦੇ ਦਬਾਅ ਕਾਰਨ ਸ਼ੁਰੂ ਹੋਇਆ ਹੈ। ਤੀਸਰਾ ਅਮਰੀਕਾ ਆਪਣੇ ਨਹੀਂ ਇਜ਼ਰਾਈਲ ਦੇ ਹਿਤਾਂ ਲਈ ਲੜ ਰਿਹਾ ਹੈ। ਚੌਥਾ ਇਸ ਯੁੱਧ ਦੀ ਇਰਾਕ ਯੁੱਧ (2003) ਨਾਲ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਇਹ 'ਮੈਨੂਫੈਕਚਰਡ ਵਾਰ' ਮਨਮਰਜ਼ੀ ਨਾਲ ਸ਼ੁਰੂ ਕੀਤਾ ਗਿਆ ਯੁੱਧ ਹੈ। ਉਨ੍ਹਾਂ ਟਰੰਪ ਪ੍ਰਸ਼ਾਸਨ ਦੀ ਮੱਧ-ਪੂਰਬ ਨੀਤੀ 'ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਅਮਰੀਕੀ ਸੈਨਿਕ ਇਜ਼ਰਾਈਲ ਲਈ ਆਪਣੀਆਂ ਜਾਨਾਂ ਦੇ ਰਹੇ ਹਨ।
ਟਰੰਪ ਨੇ 28 ਫਰਵਰੀ ਨੂੰ ਜੰਗ ਦੀ ਸ਼ੁਰੂਆਤ ਕਰਨ ਸਮੇਂ ਹੂਤੀ ਵਿਦਰੋਹੀਆਂ ਦੀ ਭੂਮਿਕਾ ਬਾਰੇ ਕੋਈ ਅਨੁਮਾਨ ਨਹੀਂ ਸੀ ਲਗਾਇਆ, ਨਾ ਹੀ ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਦੀ ਅਜਿਹੀ ਸਪੱਸ਼ਟ ਬਿਆਨੀ ਬਾਰੇ ਸੋਚਿਆ ਹੋਵੇਗਾ ਅਤੇ ਨਾ ਹੀ ਦੇਸ਼ ਅੰਦਰ ਦੇ ਆਪਣੇ ਆਲੋਚਕਾਂ ਬਾਰੇ ਅਨੁਮਾਨ ਲਗਾਇਆ ਹੋਵੇਗਾ। ਟਰੰਪ ਨੂੰ ਈਰਾਨ ਦੇ ਅਜਿਹੇ ਰੱਖਿਆਤਮਿਕ ਵਿਰੋਧ ਬਾਰੇ ਵੀ ਕੋਈ ਅੰਦਾਜ਼ਾ ਨਹੀਂ ਸੀ। ਦਰਅਸਲ ਟਰੰਪ ਦੁਨੀਆ ਦਾ ਇਕੱਲਾ ਚੌਧਰੀ ਬਣਨ ਦਾ ਸੁਪਨਾ ਦੇਖ ਰਿਹਾ ਸੀ, ਜੋ ਵੈਨੇਜ਼ੁਏਲਾ ਤੇ ਉਸ ਦੇ ਤੇਲ ਸਰੋਤਾਂ ਨੂੰ ਕਬਜ਼ੇ ਵਿਚ ਲੈਣ ਬਾਅਦ ਈਰਾਨ ਤੇ ਸਾਰੀ ਦੁਨੀਆ ਦੇ ਊਰਜਾ ਸਾਧਨਾਂ ਨੂੰ ਆਪਣੇ ਸ਼ਿਕੰਜੇ ਵਿਚ ਲੈ ਲੈਣਾ ਚਾਹੁੰਦਾ ਹੈ। ਪਰ ਅੱਜ ਉਹ ਕਿਸੇ ਵੀ ਤਰ੍ਹਾਂ ਆਪਣੀ ਇੱਜ਼ਤ ਬਚਾਉਣ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ, ਉਸ ਦੇ ਪੈਰਾਂ ਜ਼ਮੀਨ ਖਿਸਕ ਚੁੱਕੀ ਹੈ ਅਤੇ ਉਹ ਦਿਖਾਵੇ ਦੀ ਡਰਾਮੇਬਾਜ਼ੀ ਕਰ ਰਿਹਾ ਹੈ। ਉਹ ਹੋਰਮੁਜ਼ ਜਲਡਮਰੂ ਦਾ ਨਾਂਅ ਬਦਲ ਕੇ 'ਸਟ੍ਰੇਟ ਆਫ਼ ਟਰੰਪ' ਰੱਖਣ ਦੀ ਬਿਆਨਬਾਜ਼ੀ ਕਰ ਰਿਹਾ ਹੈ ਤੇ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਹੁਣ ਸਾਡਾ ਅਗਲਾ ਨਿਸ਼ਾਨਾ ਕਿਊਬਾ ਹੋਵੇਗਾ। ਅਮਰੀਕਾ ਤੇ ਅੰਤਰਰਾਸ਼ਟਰੀ ਜਾਣਕਾਰਾਂ ਅਨੁਸਾਰ ਟਰੰਪ ਨੂੰ ਨਵੰਬਰ ਵਿਚ ਮੱਧਵਰਤੀ ਚੋਣਾਂ ਮੌਕੇ ਅਮਰੀਕੀ ਵੋਟਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
-ਲੇਖਕ ਅੰਬੇਡਕਰ ਯੂਨੀਵਰਸਿਟੀ ਦਿੱਲੀ ਵਿਖੇ ਪ੍ਰੋਫੇਸਰ ਤੇ ਭਾਰਤੀ ਭਾਸ਼ਾਵਾਂ 'ਚ ਅਭਿਲੇਖਾਗਰੀ ਖੋਜ ਪ੍ਰੋਗਰਾਮ ਦੇ ਨਿਰਦੇਸ਼ਕ ਰਹਿ ਚੁੱਕਾ ਹੈ।
ਸੰਪਰਕ: abhaydubey@ csds.in