ਇਕ ਪਾਸੇ ਇਹ ਖ਼ਬਰਾਂ ਆ ਰਹੀਆਂ ਹਨ ਕਿ ਅਮਰੀਕਾ ਵਲੋਂ ਈਰਾਨ 'ਤੇ ਵੱਡੇ ਹਮਲੇ ਕਰ ਕੇ ਖਾਰਗ ਟਾਪੂ ਅਤੇ ਹੋਰਮੁਜ਼ ਜਲ ਮਾਰਗ 'ਤੇ ਕਬਜ਼ਾ ਕਰ ਲਿਆ ਜਾਏਗਾ, ਕਿਉਂਕਿ ਈਰਾਨ ਨਾਲ ਸੰਬੰਧਿਤ ਖਾਰੂ ਟਾਪੂ ਤੇ ਖਾਰਗ ਟਾਪੂ ਵਿਚ ਹੀ ਉਸ ਦੇ ਕੱਚੇ ਤੇਲ ਦੇ ਵੱਡੇ ਭੰਡਾਰ ਹਨ ਅਤੇ ਉਹ ਇਸ ਥਾਂ ਤੋਂ ਹੀ ਦੂਸਰੇ ਮੁਲਕਾਂ ਨੂੰ ਕੱਚਾ ਤੇਲ ਭੇਜਦਾ ਹੈ। ਇਸੇ ਕਰਕੇ ਪਿਛਲੇ ਮਹੀਨੇ ਭਰ ਤੋਂ ਚੱਲ ਰਹੀ ਜੰਗ ਵਿਚ ਅਮਰੀਕਾ ਅਤੇ ਇਜ਼ਰਾਈਲ ਨੇ ਪਹਿਲਾਂ ਇਸ ਟਾਪੂ 'ਤੇ ਹਮਲੇ ਕੀਤੇ ਸਨ। ਪਰ ਬਾਅਦ ਵਿਚ ਇਨ੍ਹਾਂ ਟਾਪੂਆਂ 'ਤੇ ਤੇਲ ਦੇ ਭੰਡਾਰਾਂ ਨੂੰ ਨਸ਼ਟ ਨਾ ਕਰਨ ਦੀ ਮਨਸ਼ਾ ਨਾਲ ਹਮਲੇ ਰੋਕ ਦਿੱਤੇ ਗਏ ਸਨ। ਇਸੇ ਹੀ ਤਰ੍ਹਾਂ ਹੋਰਮੁਜ਼ ਜਲਡਮਰੂ ਦਾ ਸਮੁੰਦਰੀ ਇਲਾਕਾ ਈਰਾਨ ਦੇ ਬਹੁਤ ਨੇੜੇ ਹੋਣ ਕਾਰਨ ਇਹ ਇਸ ਦੇ ਇਕ ਤਰ੍ਹਾਂ ਨਾਲ ਕਾਬੂ ਵਿਚ ਹੈ। ਇਸ ਰਸਤੇ ਰਾਹੀਂ ਦੁਨੀਆ ਭਰ ਦੇ ਦੇਸ਼ਾਂ ਦਾ ਵਪਾਰ ਹੁੰਦਾ ਹੈ। ਖ਼ਾਸ ਤੌਰ 'ਤੇ ਤੇਲ ਦਾ 20 ਫ਼ੀਸਦੀ ਵਪਾਰ ਹੋਰਮੁਜ਼ ਰਾਹੀਂ ਹੀ ਹੁੰਦਾ ਹੈ। ਈਰਾਨ ਵਲੋਂ ਇਸ ਰਸਤੇ 'ਤੇ ਜਾਣ ਵਾਲੇ ਜਹਾਜ਼ਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸੇ ਕਾਰਨ ਇਥੋਂ ਜਹਾਜ਼ਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ। ਜਿਸ ਨਾਲ ਦੁਨੀਆ ਭਰ ਵਿਚ ਕੱਚੇ ਤੇਲ ਦੀ ਕਮੀ ਪੈਦਾ ਹੋ ਗਈ ਹੈ ਅਤੇ ਤੇਲ ਦੀਆਂ ਕੀਮਤਾਂ ਲਗਾਤਾਰ ਵਧਣ ਲੱਗੀਆਂ ਹਨ।
ਅਮਰੀਕੀ ਪ੍ਰਸ਼ਾਸਕ ਡੋਨਾਲਡ ਟਰੰਪ ਨੇ ਯੂਰਪੀਅਨ ਦੇਸ਼ਾਂ ਤੋਂ ਈਰਾਨ ਦਾ ਅਜਿਹਾ ਕਬਜ਼ਾ ਹਟਾਉਣ ਸੰਬੰਧੀ ਮਦਦ ਮੰਗੀ ਸੀ ਪਰ ਉਨ੍ਹਾਂ ਦੇ ਇਨਕਾਰ ਤੋਂ ਬਾਅਦ ਟਰੰਪ ਬੇਹੱਦ ਬੌਖਲਾਹਟ ਵਿਚ ਆਇਆ ਜਾਪਦਾ ਹੈ। ਅਜਿਹੀ ਬੌਖਲਾਹਟ ਵਿਚ ਉਹ ਆਉਂਦੇ ਦਿਨਾਂ ਵਿਚ ਈਰਾਨ 'ਤੇ ਹੋਰ ਵੀ ਵੱਡੀ ਕਾਰਵਾਈ ਕਰ ਸਕਦਾ ਹੈ, ਜਿਸ ਨਾਲ ਮੱਧ ਪੂਰਬ ਵਿਚ ਹੋਰ ਵੀ ਵਧੇਰੇ ਤਬਾਹੀ ਦੀ ਸੰਭਾਵਨਾ ਬਣ ਗਈ ਹੈ। ਖਾੜੀ ਦੇ ਕਈ ਅਹਿਮ ਦੇਸ਼ਾਂ ਵਿਚ ਅਮਰੀਕਾ ਦੇ ਸੈਨਿਕ ਅੱਡੇ ਹਨ। ਈਰਾਨ ਵਲੋਂ ਇਨ੍ਹਾਂ ਦੇਸ਼ਾਂ 'ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਸਥਿਤੀ ਹੋਰ ਵੀ ਵਿਗੜਦੀ ਨਜ਼ਰ ਆ ਰਹੀ ਹੈ। ਇਸੇ ਹੀ ਤਰ੍ਹਾਂ ਯਮਨ ਦੇ ਇਕ ਵੱਡੇ ਹਿੱਸੇ 'ਤੇ ਹੂਤੀ ਬਾਗ਼ੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਸਾਲ 2014 ਵਿਚ ਹੂਤੀਆਂ ਨੇ ਯਮਨ ਦੀ ਰਾਜਧਾਨੀ ਸਾਨਾ ਸਮੇਤ ਹੋਰ ਕਾਫੀ ਵੱਡੇ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ, ਜਿਸ ਨਾਲ ਖਾੜੀ ਦੇਸ਼ਾਂ ਲਈ ਹੋਰ ਵੀ ਵੱਡੀ ਚੁਣੌਤੀ ਪੈਦਾ ਹੋ ਗਈ ਸੀ। ਹੂਤੀਆਂ ਨੇ ਪਿਛਲੇ ਸਮੇਂ ਵਿਚ ਵੀ ਅਰਬ ਸਾਗਰ ਦੇ ਦੱਖਣੀ ਹਿੱਸੇ ਵਿਚ ਬਾਬ-ਐਲ-ਮੰਦੇਬ ਦੇ ਸਮੁੰਦਰੀ ਰਸਤੇ 'ਤੇ ਕਬਜ਼ਾ ਕਰ ਲਿਆ ਸੀ। ਖਾੜੀ ਦੇਸ਼ਾਂ ਦਾ ਤੇਲ ਦਾ ਬਹੁਤਾ ਵਪਾਰ ਲਾਲ ਸਾਗਰ ਦੇ ਇਸੇ ਰਸਤੇ ਰਾਹੀਂ ਹੁੰਦਾ ਹੈ। ਹੂਤੀਆਂ ਦੇ ਸਰਗਰਮ ਹੋਣ ਨਾਲ ਇਹ ਸਥਿਤੀ ਹੋਰ ਵੀ ਗੰਭੀਰ ਬਣ ਗਈ ਹੈ। ਅਮਰੀਕਾ ਅਤੇ ਇਜ਼ਰਾਈਲ ਨੇ 28 ਫਰਵਰੀ ਨੂੰ ਈਰਾਨ 'ਤੇ ਹਮਲੇ ਸ਼ੁਰੂ ਕੀਤੇ ਸਨ ਪਰ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਇਸ ਲੜਾਈ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ। ਇੰਨੇ ਦਿਨ ਬੀਤਣ ਨਾਲ ਮੱਧ ਪੂਰਬ ਵਿਚ ਨੁਕਸਾਨ ਲਗਾਤਾਰ ਵਧਦਾ ਜਾ ਰਿਹਾ ਹੈ। ਡੋਨਾਲਡ ਟਰੰਪ ਦੂਸਰੀ ਵਾਰ ਦੇਸ਼ ਦਾ ਰਾਸ਼ਟਰਪਤੀ ਬਣਿਆ ਹੈ ਪਰ ਆਉਂਦਿਆਂ ਹੀ ਉਸ ਨੇ ਦੂਜੇ ਦੇਸ਼ਾਂ ਤੋਂ ਅਮਰੀਕਾ ਨੂੰ ਬੁੰਗੀ ਬਰਾਮਦ ਤੇ ਭਾਰੀ ਟੈਰਿਫ ਲਾਉਣ, ਅਮਰੀਕਾ ਨੂੰ ਹੁੰਦੇ ਨਜਾਇਜ਼ ਪ੍ਰਵਾਸ ਨੂੰ ਰੋਕਣ ਸਮੇਤ ਬਹੁਤ ਸਾਰੇ ਅਜਿਹੇ ਸਖ਼ਤ ਫ਼ੈਸਲੇ ਲਏ, ਜਿਨ੍ਹਾਂ ਨਾਲ ਦੁਨੀਆ ਦੇ ਬਹੁਤੇ ਦੇਸ਼ ਨਾਰਾਜ਼ ਹੋ ਗਏ ਹਨ। ਉਸ ਦੀਆਂ ਇਨ੍ਹਾਂ ਨੀਤੀਆਂ ਨਾਲ ਅਮਰੀਕਾ ਵਿਚ ਵੀ ਮਹਿੰਗਾਈ ਵਧਣ ਲੱਗੀ ਹੈ ਅਤੇ ਇਹ ਪ੍ਰਭਾਵ ਬਣਿਆ ਨਜ਼ਰ ਆਉਣ ਲੱਗਾ ਹੈ ਕਿ ਰਾਸ਼ਟਰਪਤੀ ਨੇ ਈਰਾਨ ਨਾਲ ਲੜਾਈ ਸਹੇੜ ਕੇ ਇਕ ਵੱਡੀ ਮੁਸੀਬਤ ਆਪਣੇ ਪੱਲੇ ਪਾ ਲਈ ਹੈ। ਇਨ੍ਹਾਂ ਨੀਤੀਆਂ ਕਰਕੇ ਹੀ ਅਮਰੀਕਾ ਵਿਚ ਪਹਿਲਾਂ ਕਈ ਵਾਰ ਉਸ ਦੇ ਖ਼ਿਲਾਫ਼ ਵੱਡੇ ਅਤੇ ਸਖ਼ਤ ਮੁਜ਼ਾਹਰੇ ਹੋ ਚੁੱਕੇ ਹਨ।
ਪਿਛਲੇ ਸਾਲ ਜੂਨ ਦੇ ਮਹੀਨੇ ਵਿਚ ਇਕ ਵੱਡਾ ਪ੍ਰਦਰਸ਼ਨ ਹੋਇਆ ਸੀ। ਫਿਰ ਅਕਤੂਬਰ ਮਹੀਨੇ ਵਿਚ ਦੇਸ਼ ਭਰ ਵਿਚ ਮੁਜ਼ਾਹਰੇ ਹੋਏ। ਹੁਣ ਤੀਸਰੀ ਵਾਰ ਸਾਰੇ ਮੁਲਕ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਹਜ਼ਾਰਾਂ ਥਾਵਾਂ 'ਤੇ ਮੁਜ਼ਾਹਰੇ ਕਰਦੇ ਨਜ਼ਰ ਆ ਰਹੇ ਹਨ। ਅਜਿਹੀ ਸਥਿਤੀ ਕਰਕੇ ਟਰੰਪ ਬਚਾਅ ਦੀ ਨੀਤੀ 'ਤੇ ਜ਼ਰੂਰ ਆ ਗਿਆ ਜਾਪਦਾ ਹੈ ਪਰ ਇਸ ਦੇ ਨਾਲ-ਨਾਲ ਜੋ ਹਾਲਾਤ ਪੈਦਾ ਹੋ ਰਹੇ ਹਨ, ਉਨ੍ਹਾਂ ਨੂੰ ਵੇਖਦਿਆਂ ਛੇਤੀ ਇਸ ਤਬਾਹਕੁੰਨ ਲੜਾਈ ਦੇ ਖ਼ਤਮ ਹੋਣ ਦੀ ਆਸ ਨਹੀਂ ਹੈ, ਕਿਉਂਕਿ ਜੇਕਰ ਟਰੰਪ ਬਿਨਾਂ ਕੋਈ ਜਿੱਤ ਹਾਸਿਲ ਕੀਤਿਆਂ ਪਿਛੇ ਹਟ ਜਾਂਦਾ ਹੈ ਤਾਂ ਦੁਨੀਆ ਭਰ ਵਿਚ ਅਮਰੀਕਾ ਤੇ ਉਸ ਦਾ ਵੱਕਾਰ ਕਾਫ਼ੀ ਹੇਠਾਂ ਡਿੱਗ ਪਵੇਗਾ, ਇਸੇ ਕਾਰਨ ਉਸ ਨੇ ਇਸ ਲੜਾਈ ਨੂੰ ਵੱਕਾਰ ਦਾ ਸਵਾਲ ਬਣਾ ਲਿਆ ਹੈ। ਫਿਰ ਵੀ ਆਪੋ-ਆਪਣੇ ਢੰਗ-ਤਰੀਕੇ ਨਾਲ ਦੁਨੀਆ ਦੇ ਬਹੁਤੇ ਦੇਸ਼ ਇਸ ਲੜਾਈ ਨੂੰ ਖ਼ਤਮ ਕਰਾਉਣ ਲਈ ਯਤਨਸ਼ੀਲ ਹਨ। ਬਿਨਾਂ ਸ਼ੱਕ ਇਹ ਲੜਾਈ ਖ਼ਤਮ ਹੋਣੀ ਚਾਹੀਦੀ ਹੈ, ਨਹੀਂ ਤਾਂ ਇਸ ਕਾਰਨ ਦੁਨੀਆ ਦੇ ਸਾਰੇ ਦੇਸ਼ਾਂ ਲਈ ਊਰਜਾ ਦੀ ਕਮੀ ਸਮੇਤ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਪੈਦਾ ਹੋ ਜਾਣਗੀਆਂ। ਇਹ ਵੱਡੀ ਤਬਾਹੀ ਨੂੰ ਸੱਦਾ ਦੇਣ ਵਾਲੀ ਗੱਲ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ