ਕਾਂਗਰਸ ਪਾਰਟੀ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਵਲੋਂ ਆਪਣੀਆਂ ਯਾਦਾਂ ਸੰਬੰਧੀ ਲਿਖੀ ਪੁਸਤਕ ਅਜੇ ਬਾਜ਼ਾਰ 'ਚ ਨਹੀਂ ਆਈ ਪਰ ਪਿਛਲੇ ਲੰਮੇ ਸਮੇਂ ਤੋਂ ਕਿਸੇ ਨਾ ਕਿਸੇ ਰੂਪ 'ਚ ਇਸ ਦੀ ਚਰਚਾ ਚਲਦੀ ਆ ਰਹੀ ਹੈ | ਇਸ ਦੇ ਛਪਣ 'ਚ ਵੀ ਕਈ ਰੁਕਾਵਟਾਂ ਆਉਂਦੀਆਂ ਰਹੀਆਂ ਹਨ, ਪਰ ਹੁਣ ਛੇਤੀ ਹੀ ਇਸ ਦੇ ਪੁਸਤਕ ਰੂਪ 'ਚ ਸਾਹਮਣੇ ਆਉਣ ਦੀ ਸੰਭਾਵਨਾ ਹੈ | ਇਸ ਸਮੇਂ ਇਹ ਅੰਦਾਜ਼ਾ ਜ਼ਰੂਰ ਲਾਇਆ ਜਾ ਸਕਦਾ ਹੈ, ਕਿ ਸ੍ਰੀਮਤੀ ਸੋਨੀਆ ਗਾਂਧੀ ਨੇ ਇਸ ਵਿਚ ਆਪਣੀਆਂ ਨਿੱਜੀ ਯਾਦਾਂ ਨੂੰ ਵਧੇਰੇ ਥਾਂ ਦਿੱਤੀ ਹੈ | ਇਹ ਗੱਲ ਆਪਣੇ-ਆਪ 'ਚ ਮਹੱਤਵਪੂਰਨ ਜ਼ਰੂਰ ਹੈ | ਸੋਨੀਆ ਗਾਂਧੀ ਉਸ ਨਹਿਰੂ ਪਰਿਵਾਰ ਦੀ ਮੈਂਬਰ ਹੈ, ਜਿਸ ਦਾ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੀ ਸਿਆਸਤ ਵਿਚ ਵੱਡਾ ਰੋਲ ਅਤੇ ਪ੍ਰਭਾਵ ਰਿਹਾ ਹੈ | ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸਨ, ਉਨ੍ਹਾਂ ਤੋਂ ਵੀ ਪਹਿਲਾਂ ਉਨ੍ਹਾਂ ਦੇ ਪਿਤਾ ਪੰਡਿਤ ਮੋਤੀ ਲਾਲ ਨਹਿਰੂ ਨੇ ਵੀ ਉਸ ਸਮੇਂ ਦੇ ਵੱਡੇ ਵਕੀਲ ਹੁੰਦਿਆਂ, ਦੇਸ਼ ਦੀ ਆਜ਼ਾਦੀ ਦੇ ਸੰਘਰਸ਼ 'ਚ ਆਪਣਾ ਢੁਕਵਾਂ ਯੋਗਦਾਨ ਪਾਇਆ ਸੀ |
ਪੰਡਿਤ ਜਵਾਹਰ ਲਾਲ ਨਹਿਰੂ ਆਜ਼ਾਦੀ ਦੇ ਸੰਘਰਸ਼ 'ਚ ਮਹਾਤਮਾ ਗਾਂਧੀ ਤੋਂ ਉਤਸ਼ਾਹ ਤੇ ਪ੍ਰੇਰਣਾ ਲੈਂਦੇ ਰਹੇ ਸਨ | ਮੌਲਾਨਾ ਅਬੁਲ ਕਲਾਮ ਆਜ਼ਾਦ ਤੇ ਸਰਦਾਰ ਵੱਲਭ ਭਾਈ ਪਟੇਲ ਵੀ ਉਨ੍ਹਾਂ ਦੇ ਸਾਥੀ ਸਨ | ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਕ ਲੋਕਤੰਤਰੀ ਸੰਵਿਧਾਨ ਦੇ ਘੜਨ ਵਿਚ ਪੰਡਤ ਜਵਾਹਰ ਲਾਲ ਨਹਿਰੂ ਦਾ ਵੱਡਾ ਹਿੱਸਾ ਰਿਹਾ ਸੀ | ਪਹਿਲੇ ਪ੍ਰਧਾਨ ਮੰਤਰੀ ਹੋਣ ਦੇ ਨਾਲ-ਨਾਲ ਆਪਣੇ ਲੰਮੇ ਕਾਰਜਕਾਲ 'ਚ ਉਨ੍ਹਾਂ ਨੇ ਨਾ ਸਿਰਫ਼ ਲੋਕਤੰਤਰੀ ਪਰੰਪਰਾਵਾਂ ਨੂੰ ਹੀ ਮਜ਼ਬੂਤ ਕੀਤਾ, ਸਗੋਂ ਆਜ਼ਾਦ ਭਾਰਤ 'ਚ ਧਰਮ ਨਿਰਪੱਖਤਾ ਦੀ ਸੋਚ ਨੂੰ ਵੀ ਅੱਗੇ ਵਧਾਇਆ | ਦੇਸ਼ ਨੂੰ ਆਧੁਨਿਕ ਲੀਹਾਂ 'ਤੇ ਲੈ ਕੇ ਜਾਣ ਲਈ ਇਸ ਸੁਪਨਸਾਜ਼ ਮਹਾਨ ਸ਼ਖ਼ਸੀਅਤ ਦਾ ਵੱਡਾ ਯੋਗਦਾਨ ਰਿਹਾ ਹੈ | ਉਨ੍ਹਾਂ ਦੀ ਬੇਟੀ ਸ੍ਰੀਮਤੀ ਇੰਦਰਾ ਗਾਂਧੀ ਵੀ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਹੁੰਦਿਆਂ ਦੇਸ਼ ਦਾ ਪ੍ਰਸ਼ਾਸਨ ਚਲਾਉਂਦੇ ਰਹੇ ਹਨ | ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਬੇਟੇ ਰਾਜੀਵ ਗਾਂਧੀ ਨੂੰ ਪੰਜ ਸਾਲ ਲਈ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ | ਉਸ ਸਮੇਂ ਤੱਕ ਇਟਲੀ ਮੂਲ ਦੀ, ਰਾਜੀਵ ਗਾਂਧੀ ਦੀ ਪਤਨੀ ਸ੍ਰੀਮਤੀ ਸੋਨੀਆ ਗਾਂਧੀ ਸਿਆਸਤ ਵਿਚ ਪਿੱਛੇ ਹੀ ਰਹੀ | ਉਨ੍ਹਾਂ ਦਾ ਸਿਆਸਤ ਵਿਚ ਸਿੱਧਾ ਦਾਖ਼ਲਾ ਰਾਜੀਵ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਹੀ ਹੋਇਆ | ਉਸ ਸਮੇਂ ਤੋਂ ਹੁਣ ਤੱਕ ਸੋਨੀਆ ਗਾਂਧੀ ਦਾ ਕਾਂਗਰਸ ਪਾਰਟੀ 'ਤੇ ਵੱਡਾ ਪ੍ਰਭਾਵ ਰਿਹਾ ਹੈ | 10 ਸਾਲ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁੰਦਿਆਂ ਵੀ ਸਰਕਾਰ ਦੀਆਂ ਨੀਤੀਆਂ ਤੇ ਪ੍ਰਸ਼ਾਸਨ ਵਿਚ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਅਸਿੱਧੀ ਦਖ਼ਲਅੰਦਾਜ਼ੀ ਤੇ ਪ੍ਰਭਾਵ ਬਣਿਆ ਰਿਹਾ ਸੀ | ਅੱਜ ਚਾਹੇ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਕੌਮੀ ਸਿਆਸਤ 'ਚ ਨਿਵਾਣਾਂ 'ਤੇ ਹੈ ਤਾਂ ਵੀ ਇਸ ਕੌਮੀ ਪਾਰਟੀ 'ਚ ਸੋਨੀਆ ਗਾਂਧੀ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ | ਇਸੇ ਕਰਕੇ ਆਜ਼ਾਦੀ ਤੋਂ ਬਾਅਦ ਦੀ, ਦੇਸ਼ ਦੀ ਹੁਣ ਤੱਕ ਦੀ ਸਿਆਸਤ ਵਿਚ ਇਸ ਪਰਿਵਾਰ ਦੇ ਪ੍ਰਭਾਵ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ | ਦੇਸ਼ ਦੇ ਸੰਵਿਧਾਨ 'ਚ ਸਮੇਂ-ਸਮੇਂ ਹੁੰਦੀਆਂ ਰਹੀਆਂ ਸੋਧਾਂ ਦੇ ਬਾਵਜੂਦ ਇੱਥੇ ਲੋਕਤੰਤਰ ਅੱਜ ਵੀ ਪ੍ਰਸੰਗਿਕ ਬਣਿਆ ਨਜ਼ਰ ਆਉਂਦਾ ਹੈ, ਜਦਕਿ ਇਸੇ ਹੀ ਸਮੇਂ 'ਚ ਗੁਆਂਢੀ ਮੁਲਕ ਪਾਕਿਸਤਾਨ ਤੇ ਦੱਖਣੀ ਏਸ਼ੀਆ ਦੇ ਵੱਡੀ ਹੱਦ ਤੱਕ ਹੋਰ ਦੇਸ਼ ਤਾਨਾਸ਼ਾਹੀ ਦੀਆਂ ਗੁੰਝਲਾਂ ਵਿਚ ਫਸੇ ਹੋਏ ਨਜ਼ਰ ਆ ਰਹੇ ਹਨ |
ਪਿਛਲੇ ਦਿਨੀਂ ਇਸ ਪੁਸਤਕ ਦੇ ਆਧਾਰ 'ਤੇ ਇਕ ਵਿਦੇਸ਼ੀ ਪੱਤਰਕਾਰ ਨਾਲ ਮੁਲਾਕਾਤ ਵਿਚ ਸੋਨੀਆ ਗਾਂਧੀ ਨੇ ਐਮਰਜੈਂਸੀ ਬਾਰੇ ਜੋ ਆਪਣੇ ਵਿਚਾਰ ਪ੍ਰਗਟ ਕੀਤੇ ਹਨ, ਉਨ੍ਹਾਂ ਨੇ ਸਭ ਦਾ ਵੱਡੀ ਪੱਧਰ 'ਤੇ ਧਿਆਨ ਖਿੱਚਿਆ ਹੈ | ਜੂਨ 1975 'ਚ ਇੰਦਰਾ ਗਾਂਧੀ ਵਲੋਂ ਲਾਈ ਗਈ ਐਮਰਜੈਂਸੀ ਬਾਰੇ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਇਹ ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਕੀਤੀ ਗਈ ਇਕ ਵੱਡੀ ਭੁੱਲ ਸੀ ਤੇ ਇਹ ਵੀ ਕਿ ਬਾਅਦ 'ਚ ਖ਼ੁਦ ਇੰਦਰਾ ਗਾਂਧੀ ਵੀ ਅਜਿਹਾ ਹੀ ਮਹਿਸੂਸ ਕਰਨ ਲੱਗੇ ਸਨ | ਇਸੇ ਮੁਲਾਕਾਤ 'ਚ ਉਨ੍ਹਾਂ ਨੇ 1992 'ਚ ਬਾਬਰੀ ਮਸਜਿਦ ਤੋੜੇ ਜਾਣ ਨਾਲ ਆਪਣੇ ਮਨ 'ਚ ਉੱਠੇ ਦਰਦ ਦਾ ਵੀ ਜ਼ਿਕਰ ਕੀਤਾ ਹੈ | ਆਉਂਦੇ ਸਮੇਂ 'ਚ ਸੋਨੀਆ ਗਾਂਧੀ ਦੀ ਇਸ ਪੁਸਤਕ ਦੀ ਵੱਖ-ਵੱਖ ਪਹਿਲੂਆਂ ਤੋਂ ਵੱਡੀ ਚਰਚਾ ਹੋਣ ਦੀ ਸੰਭਾਵਨਾ ਹੈ ਤੇ ਵੱਖਰੀ ਵਿਚਾਰਧਾਰਾ ਵਾਲੇ ਲੋਕਾਂ ਵਲੋਂ ਉਨ੍ਹਾਂ ਦੀ ਕਈ ਪੱਖਾਂ ਤੋਂ ਆਲੋਚਨਾ ਵੀ ਕੀਤੀ ਜਾਏਗੀ | ਪਰ ਇਸ ਦੇ ਬਾਵਜੂਦ ਦੇਸ਼ ਤੇ ਦੁਨੀਆ 'ਚ ਇਸ ਪੁਸਤਕ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕੇਗਾ |
-ਬਰਜਿੰਦਰ ਸਿੰਘ ਹਮਦਰਦ