16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬਹੁਤ ਲਾਭਕਾਰੀ ਹੈ ਗਾਂ ਦਾ ਦੁੱਧ

ਬਹੁਤ ਲਾਭਕਾਰੀ ਹੈ ਗਾਂ ਦਾ ਦੁੱਧ

ਅਜੀਤ ਡੈਸਕ 16-10-2026

ਗਾਂ ਦੇ ਦੁੱਧ ਵਿਚ ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ ਲੂਣ, ਚਿਕਨਾਈ ਆਦਿ ਜੀਵਨ ਲਈ ਲਾਹੇਵੰਦ ਤੱਤ ਪਾਏ ਜਾਂਦੇ ਹਨ | ਗਾਂ ਦੇ ਦੁੱਧ ਦੀ ਖ਼ੂਬੀ ਹੈ ਕਿ ਇਕ ਲੀਟਰ ਗਾਂ ਦੇ ਦੁੱਧ ਵਿਚ ਓਨੇ ਹੀ ਪੌਸ਼ਟਿਕ ਤੱਤ ਮੌਜੂਦ ਰਹਿੰਦੇ ਹਨ ਜਿੰਨੇ ਅੱਠ ਅੰਡਿਆਂ ਜਾਂ ਦੋ ਪੌਂਡ ਮੁਰਗੀ ਦੇ ਮਾਸ ਜਾਂ ਤਿੰਨ ਪੌਂਡ ਮੱਛੀ ਵਿਚ |
ਔਰਤ ਅਤੇ ਕੁਝ ਪਸ਼ੂਆਂ ਦੇ ਦੁੱਧ ਨੂੰ  ਭੋਜਨ ਦੇ ਰੂਪ ਵਿਚ ਸਰਬੋਤਮ ਮੰਨਿਆ ਗਿਆ ਹੈ | ਔਰਤ ਦਾ ਦੁੱਧ ਜਿਥੇ ਨਵੇਂ ਜਨਮੇ ਬੱਚੇ ਲਈ ਅੰਮਿ੍ਤ ਬਰਾਬਰ ਗੁਣਕਾਰੀ ਭੋਜਨ ਹੈ, ਉਥੇ ਹੋਰ ਪਸ਼ੂਆਂ ਦੇ ਮੁਕਾਬਲੇ ਗੁਣਾਂ ਦੇ ਪੱਖ ਤੋਂ ਗਾਂ ਦਾ ਦੁੱਧ ਸਰਬੋਤਮ ਮੰਨਿਆ ਗਿਆ ਹੈ |
ਗਾਂ ਦਾ ਦੁੱਧ ਬੁਖਾਰ, ਮਾਨਸਿਕ ਰੋਗ, ਉਦਾਸੀ, ਬੇਹੋਸ਼ੀ, ਭਰਮ, ਸੰਗ੍ਰਹਿਣੀ, ਪੀਲੀਆ, ਦਾਹ, ਪਿਆਸ, ਦਿਲ ਦੇ ਰੋਗ, ਸ਼ੂਲ, ਗੋਲਾ, ਬਵਾਸੀਰ, ਖੂਨਪਿੱਤ, ਪਰਿਸ਼ਰਮ, ਗਲਾਨੀ ਅਤੇ ਗਰਭਰਿਸਾਵ ਵਰਗੀਆਂ ਬਿਮਾਰੀਆਂ ਵਿਚ ਲਾਭਕਾਰੀ ਹੈ |
ਬਾਲਗ, ਬਜ਼ੁਰਗ, ਪਤਲੇ ਵਿਅਕਤੀਆਂ ਲਈ ਗਾਂ ਦਾ ਦੁੱਧ ਬਹੁਤ ਲਾਭਕਾਰੀ ਹੈ | ਜੋ ਵਿਅਕਤੀ ਗਾਂ ਦਾ ਦੁੱਧ ਹਮੇਸ਼ਾ ਪੀਂਦੇ ਹਨ, ਉਨ੍ਹਾਂ ਦੇ ਦਿਮਾਗ਼ੀ ਰੋਗ ਖ਼ਤਮ ਹੋ ਜਾਂਦੇ ਹਨ ਅਤੇ ਬੁਢਾਪਾ ਉਨ੍ਹਾਂ 'ਤੇ ਛੇਤੀ ਹਮਲਾ ਨਹੀਂ ਕਰ ਪਾਉਂਦਾ |
ਮਾਹਿਰਾਂ ਅਨੁਸਾਰ ਗਾਂ ਦਾ ਦੁੱਧ ਬਲਵਰਧਕ ਅਤੇ ਰਸਾਇਣ ਹੈ | ਇਹ ਥਕਾਵਟ, ਨੀਂਦ, ਡਰ, ਖੰਘ, ਪਿਆਸ ਅਤੇ ਭੁੱਖ ਨੂੰ  ਸ਼ਾਂਤ ਕਰਦਾ ਹੈ | ਬੁਖਾਰ, ਪਿਸ਼ਾਬ ਰੋਗ ਅਤੇ ਲਹੂ ਦੀ ਗਰਮੀ ਵਰਗੀਆਂ ਬਿਮਾਰੀਆਂ ਨੂੰ  ਖ਼ਤਮ ਕਰ ਦਿੰਦਾ ਹੈ |
ਗਾਂ ਦੇ ਦੁੱਧ ਵਿਚ ਵਿਟਾਮਿਨ 'ਏ', 'ਬੀ' ਅਤੇ 'ਡੀ' ਭਰਪੂਰ ਮਾਤਰਾ ਵਿਚ ਹੋਣ ਦੀ ਵਜ੍ਹਾ ਕਰਕੇ ਇਸ ਦੀ ਵਰਤੋਂ ਨਾਲ ਖੂਨ ਵਹਾਅ, ਹਾਜ਼ਮਾ ਕਿਰਿਆ ਅਤੇ ਸਰੀਰ 'ਚ ਸ਼ਕਤੀ ਬਣਾਈ ਰੱਖਣ ਦੇ ਸਮਰੱਥ ਹੁੰਦਾ ਹੈ | ਗਾਂ ਦਾ ਦੁੱਧ ਮਨੁੱਖ ਲਈ ਸੰਪੂਰਨ ਭੋਜਨ ਹੈ |
ਦੁੱਧ ਸਵੇਰ ਸਮੇਂ ਪੀਣਾ ਲਾਭਕਾਰੀ ਹੈ | ਰਾਤ ਨੂੰ  ਦੁੱਧ ਸੌਣ ਤੋਂ ਤਿੰਨ ਘੰਟੇ ਪਹਿਲਾਂ ਪੀ ਲੈਣਾ ਚਾਹੀਦਾ ਹੈ | ਦੁੱਧ ਵਿਚ ਕੁਦਰਤੀ ਮਿਠਾਸ ਹੁੰਦੀ ਹੈ | ਜੇਕਰ ਮਿਠਾਸ ਦੀ ਜ਼ਰੂਰਤ ਹੋਵੇ ਤਾਂ ਚੀਨੀ ਦੀ ਬਜਾਏ ਸ਼ਹਿਦ ਦੀ ਵਰਤੋਂ ਕਰੋ | ਗਾਂ ਦੇ ਦੁੱਧ ਵਿਚ ਪੋਸ਼ਕ ਤੱਤਾਂ ਤੋਂ ਇਲਾਵਾ ਕੈਰੋਟਿਨ ਨਾਮੀ ਪੌਸ਼ਟਿਕ ਤੱਤ ਵੀ ਬਹੁਤ ਰਹਿੰਦਾ ਹੈ, ਜੋ ਸਿਹਤ ਅਤੇ ਸੁੰਦਰਤਾ ਨੂੰ  ਵਧਾਉਂਦਾ ਹੈ | ਇਸੇ ਕਾਰਨ ਗਾਂ ਦੇ ਦੁੱਧ ਨੂੰ  ਦਵਾਈ ਮੰਨਿਆ ਗਿਆ ਹੈ |
ਗਾਂ ਦਾ ਦੁੱਧ, ਦਹੀਂ, ਘਿਓ, ਪਿਸ਼ਾਬ ਅਤੇ ਗੋਬਰ ਧਾਰਮਿਕ ਪ੍ਰੋਗਰਾਮਾਂ ਵਿਚ ਵਰਤਿਆ ਜਾਂਦਾ ਹੈ | ਇਨ੍ਹਾਂ ਨੂੰ  ਹੀ ਪੰਜ ਵਿਧੀਆਂ ਨਾਲ ਬਣਾਈ ਗਈ ਦਵਾਈ ਦੀ ਵਰਤੋਂ ਸਰੀਰ ਵਿਚ ਜੀਵਨ ਸ਼ਕਤੀ ਦਾ ਵਾਧਾ ਕਰਦੀ ਹੈ |
ਭਾਰਤੀ ਹੀ ਨਹੀਂ, ਯੂਨਾਨੀ ਮਾਹਿਰ ਅਤੇ ਵਿਦਵਾਨ ਵੀ ਗਾਂ ਦੇ ਦੁੱਧ ਦੀ ਪ੍ਰਸੰਸਾ ਕਰਦੇ ਨਹੀਂ ਥਕਦੇ | ਉਨ੍ਹਾਂ ਦਾ ਕਹਿਣਾ ਹੈ ਕਿ ਗਾਂ ਦਾ ਦੁੱਧ ਉੱਜਵਲ ਅਤੇ ਮਿੱਠੇ ਵਾਲਾ ਹੁੰਦਾ ਹੈ | ਇਹ ਦਿਲ, ਤਪਦਿਕ ਅਤੇ ਫੇਫੜਿਆਂ ਦੇ ਜ਼ਖ਼ਮ ਵਿਚ ਬਹੁਤ ਫ਼ਾਇਦੇਮੰਦ ਹੈ |
ਇਸ ਦੀ ਵਰਤੋਂ ਨਾਲ ਸਦਮਾ, ਡਰ, ਪਾਗਲਪਨ ਆਦਿ ਦੂਰ ਹੁੰਦਾ ਹੈ | ਇਹ ਸ਼ਕਤੀ ਵਧਾਉਣ ਵਾਲਾ ਪਦਾਰਥ ਹੈ | ਇਸ ਦੀ ਵਰਤੋਂ ਨਾਲ ਰੰਗ ਨਿਖਰਦਾ ਹੈ ਅਤੇ ਦਿਲ ਅਤੇ ਦਿਮਾਗ਼ ਨੂੰ  ਤਾਕਤ ਮਿਲਦੀ ਹੈ | ਹਾਜ਼ਮਾ ਸਹੀ ਹੋ ਕੇ ਸਰੀਰ ਨੂੰ  ਤੰਦਰੁਸਤ ਅਤੇ ਮਜ਼ਬੂਤ ਬਣਾਉਂਦਾ ਹੈ |
ਨਤੀਜੇ ਦੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਗਾਂ ਦੇ ਦੁੱਧ ਦੀ ਵਰਤੋਂ ਮਨੁੱਖ ਲਈ ਇਕ ਬਹੁਤ ਵਧੀਆ ਭੋਜਨ ਹੈ | ਇਸ ਤੋਂ ਹਾਸਿਲ ਹੋਣ ਵਾਲੇ ਵਿਟਾਮਿਨ ਅਤੇ ਪੋਸ਼ਕ ਤੱਤ ਉੱਚੇ ਦਰਜੇ ਦੇ ਹਾਜ਼ਮਾਕਾਰੀ ਅਤੇ ਸਾਤਵਿਕ ਹੁੰਦੇ ਹਨ, ਜਿਨ੍ਹਾਂ ਨੂੰ  ਸਰੀਰ ਸੁਭਾਵਿਕ ਰੂਪ ਨਾਲ ਗ੍ਰਹਿਣ ਕਰਦਾ ਹੈ | ਇਸ ਲਈ ਗਾਂ ਦਾ ਦੁੱਧ ਬਾਲਗ, ਬਜ਼ੁਰਗ ਅਤੇ ਕਮਜ਼ੋਰਾਂ ਲਈ ਵਰਦਾਨ ਹੈ |
ਗਾਂ ਦਾ ਦੁੱਧ ਦਵਾਈ ਦੇ ਰੂਪ ਵਿਚ : -ਵਾਲ ਝੜਨ 'ਤੇ ਇਸ਼ਨਾਨ ਤੋਂ ਅੱਧਾ ਘੰਟਾ ਪਹਿਲਾਂ ਵਾਲਾਂ ਵਿਚ ਗਾਂ ਦੇ ਦੁੱਧ ਦੀ ਮਾਲਿਸ਼ ਕਰਨ ਨਾਲ ਵਾਲਾਂ ਦਾ ਡਿੱਗਣਾ ਰੁਕ ਜਾਂਦਾ ਹੈ |
ਗਾਂ ਦੇ ਦੁੱਧ ਤੋਂ ਬਣੇ ਦਹੀਂ ਅਤੇ ਲੱਸੀ ਦੀ ਵਰਤੋਂ ਨਾਲ ਪੇਟ ਦੇ ਕੀੜੇ ਖ਼ਤਮ ਹੋ ਜਾਂਦੇ ਹਨ | ਕਾਲੀ ਮਿਰਚ ਅਤੇ ਮਿਸ਼ਰੀ ਵਾਲੇ ਗਾਂ ਦਾ ਦੁੱਧ ਪੀਣ ਨਾਲ ਜ਼ੁਕਾਮ ਦੂਰ ਹੁੰਦਾ ਹੈ | ਸੁੰਢ ਨੂੰ  ਗਾਂ ਦੇ ਦੁੱਧ ਵਿਚ ਘਿਸਾ ਕੇ ਮੱਥੇ 'ਤੇ ਲੇਪ ਕਰਨ ਨਾਲ ਸਿਰ ਦਰਦ ਸ਼ਾਂਤ ਹੋ ਜਾਂਦਾ ਹੈ |
ਗਾਂ ਦੇ ਦੁੱਧ ਵਿਚ ਬਦਾਮ ਦੀ ਖੀਰ ਬਣਾ ਕੇ ਖਾਣ ਨਾਲ ਅੱਧਾ ਸਿਰ ਦਰਦ ਦੂਰ ਹੁੰਦਾ ਹੈ | ਦੁੱਧ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਗੈਸ ਨਹੀਂ ਬਣਦੀ | ਸਵੇਰੇ ਸਾਝਰੇ ਤਾਜ਼ਾ ਦੁੱਧ ਚੋਅ ਕੇ ਛਾਣ ਕੇ ਬਿਨਾਂ ਗਰਮ ਕੀਤੇ ਸ਼ਹਿਦ ਜਾਂ ਭਿੱਜੀ ਹੋਈ ਕਿਸ਼ਮਿਸ਼ ਦਾ ਪਾਣੀ ਮਿਲਾ ਕੇ 40 ਦਿਨ ਤੱਕ ਪੀਣ ਨਾਲ ਅੱਖਾਂ ਦੀ ਰੌਸ਼ਨੀ ਅਤੇ ਯਾਦ ਸ਼ਕਤੀ ਵਧਦੀ ਹੈ |
ਗਾਂ ਦਾ ਦੁੱਧ ਪੀਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ |
ਚਿਹਰੇ ਦੇ ਕਿੱਲ, ਮੁਹਾਂਸੇ, ਦਾਗ-ਧੱਬੇ ਦੂਰ ਕਰਨ ਲਈ ਸੌਣ ਤੋਂ ਪਹਿਲਾਂ ਹਲਕਾ ਗਰਮ ਦੁੱਧ ਚਿਹਰੇ 'ਤੇ ਮਲੋ ਅਤੇ ਕੁਝ ਸਮੇਂ ਬਾਅਦ ਚਿਹਰਾ ਧੋ ਲਓ | ਇਸ ਨਾਲ ਚਿਹਰੇ ਦੀ ਸੁੰਦਰਤਾ ਵਧੇਗੀ |
ਦੁੱਧ ਵਿਚ ਪਾਣੀ ਮਿਲਾ ਕੇ ਫਹੇ ਨਾਲ ਸਰੀਰ 'ਤੇ ਮਲੋ | ਕੁਝ ਦੇਰ ਬਾਅਦ ਇਸ਼ਨਾਨ ਕਰ ਲਓ | ਇਸ ਨਾਲ ਸਰੀਰ ਦੀ ਖੁਸ਼ਕੀ ਅਤੇ ਖਾਰਿਸ਼ ਦੂਰ ਹੋਵੇਗੀ |

ਪਿਛਲੀ ਖ਼ਬਰ ਖਾਣੇ ਦੇ ਵਿਕਾਰ - ਇਕ ਮੋਨੋਵਿਗਿਆਨਕ ਸਮੱਸਿਆ! ਅਗਲੀ ਖ਼ਬਰ ਵਿਟਾਮਿਨ ਸੀ, ਕੈਲਸ਼ੀਅਮ, ਆਇਰਨ ਸਹੀ ਮਾਤਰਾ 'ਚ ਵਰਤੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।