ਮਾਮੂਲੀ ਜਿਹਾ ਮੱਛਰ ਅਸਲ ਵਿਚ ਸਾਡੇ ਲਈ ਬੜਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਮਲੇਰੀਆ, ਡੇਂਗੂ ਵਰਗੀਆਂ ਜਾਨਲੇਵਾ ਬਿਮਾਰੀਆਂ ਮੱਛਰਾਂ ਵਲੋਂ ਹੀ ਪੈਦਾ ਹੋ ਰਹੀਆਂ ਹਨ। 1994 ਵਿਚ ਮਣੀਪੁਰ, ਰਾਜਸਥਾਨ ਆਦਿ ਸੂਬਿਆਂ ਵਿਚ ਮਲੇਰੀਏ ਕਾਰਨ ਹੀ ਮਹਾਮਾਰੀ ਫੈਲੀ ਸੀ ਅਤੇ ਹਜ਼ਾਰਾਂ ਜਾਨਾਂ ਗਈਆਂ ਸਨ।
ਭਾਰਤ ਸਰਕਾਰ ਮੱਛਰਾਂ ਤੋਂ ਫੈਲ ਰਹੇ ਰੋਗਾਂ 'ਤੇ ਸੌ ਖਰਬਾਂ ਰੁਪਏ ਰਕਮ ਖ਼ਰਚ ਕਰ ਰਹੀ ਹੈ ਪਰ ਫਿਰ ਵੀ ਮਲੇਰੀਆ ਰੋਗ ਵੱਡੀ ਸਮੱਸਿਆ ਬਣਿਆ ਹੋਇਆ ਹੈ।
ਕੀ ਹੈ ਮਲੇਰੀਆ-ਮਲੇਰੀਆ ਤੇਜ਼ ਬੁਖਾਰ ਇਕ ਹਾਲਤ ਹੈ। ਇਹ ਸੂਖਮ ਜੀਵ ਦੇ ਸੰਕ੍ਰਮਣ ਕਾਰਨ ਹੁੰਦਾ ਹੈ ਜਿਸ ਨੂੰ ਮਲੇਰੀਆ ਪਰਜੀਵੀ ਕਹਿੰਦੇ ਹਨ। ਸੰਕ੍ਰਮਿਤ ਮਾਦਾ ਮੱਛਰਾਂ ਦੇ ਡੱਸਣ ਨਾਲ ਇਹ ਪਰਜੀਵੀ ਮਨੁੱਖੀ ਸਰੀਰ ਵਿਚ ਪਹੁੰਚ ਜਾਂਦੇ ਹਨ ਅਤੇ 15 ਤੋਂ 20 ਦਿਨਾਂ ਅੰਦਰ ਸਿਹਤਮੰਦ ਵਿਅਕਤੀ ਨੂੰ ਬੁਖਾਰ ਹੋ ਜਾਂਦਾ ਹੈ। ਮਲੇਰੀਏ ਦੀ ਸ਼ੁਰੂਆਤੀ ਸਥਿਤੀ ਵਿਚ ਰੋਗੀ ਨੂੰ ਤੇਜ਼ ਸਰਦੀ ਲਗਦੀ ਹੈ ਅਤੇ ਕੰਬਣੀ ਨਾਲ ਸਿਰ ਦਰਦ ਹੁੰਦਾ ਹੈ। ਬਾਅਦ ਵਿਚ ਰੋਗੀ ਨੂੰ ਤੇਜ਼ ਬੁਖਾਰ ਚੜ੍ਹਦਾ ਹੈ ਅਤੇ ਜ਼ਿਆਦਾ ਪਿਆਸ ਲਗਦੀ ਹੈ। ਹੌਲੀ-ਹੌਲੀ ਪਸੀਨਾ ਆਉਣ ਦੇ ਨਾਲ-ਨਾਲ ਬੁਖਾਰ ਘਟਦਾ ਜਾਂਦਾ ਹੈ ਅਤੇ ਗੂੜ੍ਹੀ ਨੀਂਦ ਆਉਂਦੀ ਹੈ। ਨਾਲ ਹੀ ਰੋਗੀ ਨੂੰ ਕਾਫ਼ੀ ਕਮਜ਼ੋਰੀ ਮਹਿਸੂਸ ਹੁੰਦੀ ਹੈ।
ਮਲੇਰੀਆ ਤੋਂ ਨੁਕਸਾਨ : ਮਲੇਰੀਆ ਵਿਚ ਰੋਗੀ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ। ਵਜ਼ਨ ਘਟ ਜਾਂਦਾ ਹੈ। ਫੇਫੜਿਆਂ ਵਿਚ ਸੋਜ, ਪੀਲੀਆ ਆਦਿ ਰੋਗ ਵੀ ਮਲੇਰੀਆ ਦੇ ਪ੍ਰਭਾਵ ਤੋਂ ਹੋ ਸਕਦਾ ਹੈ। ਮਲੇਰੀਏ ਨਾਲ ਗਰਭਵਤੀ ਔਰਤਾਂ ਦਾ ਗਰਭਪਾਤ ਹੋ ਸਕਦਾ ਹੈ।
ਮਲੇਰੀਆ ਤੋਂ ਬਚਾਅ : ਮੱਛਰਾਂ ਦੀ ਗਿਣਤੀ ਵਧਣ ਦੇ ਨਾਲ ਹੀ ਮਲੇਰੀਆ ਦਾ ਸੰਕ੍ਰਮਣ ਵਧੇਗਾ, ਅਖੀਰ ਮੱਛਰਾਂ ਦੀ ਰੋਕਥਾਮ ਜ਼ਰੂਰੀ ਹੈ। ਮੱਛਰਾਂ ਦੇ ਪ੍ਰਜਨਨ ਲਈ ਬਾਰਿਸ਼ ਦਾ ਮੌਸਮ ਸਰਬੋਤਮ ਅਨੁਕੂਲ ਹੈ, ਇਸ ਲਈ ਮੌਨਸੂਨ ਦੇ ਆਉਂਦਿਆਂ ਹੀ ਮੱਛਰਾਂ ਤੋਂ ਬਚਣ ਦੇ ਉੁਪਾਅ ਕਰ ਲੈਣੇ ਚਾਹੀਦੇ ਹਨ। ਪਾਣੀ ਨੂੰ ਖੁੱਲ੍ਹੀ ਥਾਂ 'ਚ ਇਕੱਠਾ ਨਾ ਹੋਣ ਦਿਓ। ਨਾਲੀਆਂ ਦੀ ਸਾਫ਼-ਸਫ਼ਾਈ ਕਰਦੇ ਰਹੋ ਅਤੇ ਕੂਲਰ ਦੇ ਪਾਣੀ ਨੂੰ ਹਰ ਹਫ਼ਤੇ ਬਦਲੋ। ਇਸ ਨਾਲ ਮਾਦਾ ਮੱਛਰਾਂ ਨੂੰ ਆਂਡੇ ਦੇਣ ਦਾ ਆਧਾਰ ਹੀ ਪ੍ਰਾਪਤ ਨਹੀਂ ਹੋਵੇਗਾ।
ਦਰਵਾਜ਼ੇ-ਖਿੜਕੀਆਂ 'ਤੇ ਜਾਲੀ ਲਗਾ ਕੇ ਮੱਛਰਾਂ ਨੂੰ ਘਰ ਅੰਦਰ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਮੱਛਰਾਂ ਨੂੰ ਦੂਰ ਭਜਾਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਸੌਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਸੁਰੱਖਿਅਤ ਉਪਾਅ ਹੈ। ਕੀਟਨਾਸ਼ਕ ਦਵਾਈਆਂ ਆਦਿ ਦਾ ਛਿੜਕਾਅ ਵੀ ਮੱਛਰਾਂ ਦੀ ਰੋਕਥਾਮ ਦਾ ਕਾਰਗਰ ਉਪਾਅ ਹੈ।
ਸ਼ੁਰੂਆਤੀ ਇਲਾਜ : ਜੇਕਰ ਤੁਹਾਨੂੰ ਕੰਬਣੀ ਨਾਲ ਤੇਜ਼ ਬੁਖਾਰ ਆਵੇ ਤਾਂ ਨੇੜਲੇ ਸਿਹਤ ਕੇਂਦਰ 'ਤੇ ਖੂਨ ਦੀ ਜਾਂਚ ਕਰਾ ਕੇ ਤੁਰੰਤ ਇਲਾਜ ਸ਼ੁਰੂ ਕਰੋ। ਦੇਸ਼ ਦੇ ਹਰੇਕ ਸਿਹਤ ਕੇਂਦਰ 'ਤ ਮਲੇਰੀਆ ਦੇ ਇਲਾਜ ਦੀ ਦਵਾਈ ਮੌਜੂਦ ਹੈ। ਘਰੇਲੂ ਇਲਾਜ ਦੇ ਤੌਰ 'ਤੇ ਰੋਜ਼ਾਨਾ ਤੁਲਸੀ ਦੀਆਂ ਪੱਤੀਆਂ ਨੂੰ ਚਬਾ ਕੇ ਖਾਣ ਨਾਲ ਮਲੇਰੀਆ ਤੋਂ ਬਚਿਆ ਜਾ ਸਕਦਾ ਹੈ। ਮਲੇਰੀਏ ਵਿਚ ਹਲਕਾ ਭੋਜਨ ਕਰਨਾ ਚੰਗਾ ਰਹਿੰਦਾ ਹੈ।
ਮੱਛਰਾਂ ਦੀ ਰੋਕਥਾਮ ਮਲੇਰੀਏ ਤੋਂ ਬਚਾਅ
ਅਜੀਤ ਡੈਸਕ
17-07-2026