23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਖਾਣ ਵਾਲੇ ਪਦਾਰਥਾਂ ਤੋਂ ਐਲਰਜੀ

ਅਜੀਤ ਡੈਸਕ 27-03-2026

ਖਾਣ ਵਾਲੇ ਪਦਾਰਥਾਂ ਤੋਂ ਐਲਰਜੀ ਦੇ ਲੱਛਣ ਬੱਚਿਆਂ ਅਤੇ ਨਵਜੰਮੇ ਬੱਚਿਆਂ ਵਿਚ ਬਹੁਤ ਆਮ ਗੱਲ ਹੈ ਪਰ ਇਹ ਕਿਸੇ ਵੀ ਉਮਰ ਵਿਚ ਦੇਖੇ ਜਾ ਸਕਦੇ ਹਨ। ਸੰਭਵ ਹੈ ਕਿ ਜਿਨ੍ਹਾਂ ਖਾਣ ਵਾਲੇ ਪਦਾਰਥਾਂ ਨੂੰ ਤੁਸੀਂ ਸਾਲਾਂ ਬੱਧੀ ਬਿਨਾਂ ਕਿਸੇ ਸਮੱਸਿਆ ਦੇ ਖਾਂਦੇ ਰਹੇ ਹੋ, ਅਚਾਨਕ ਹੀ ਹੁਣ ਉਨ੍ਹਾਂ ਤੋਂ ਤੁਹਾਨੂੰ ਐਲਰਜੀ ਹੋ ਜਾਵੇ।
ਤੁਹਾਡੇ ਸਰੀਰ ਦੀ ਰੋਗ-ਪ੍ਰਤੀਰੱਖਿਆ ਪ੍ਰਣਾਲੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਭ ਸੰਕ੍ਰਮਣਾਂ ਤੇ ਹੋਰ ਖ਼ਤਰਿਆਂ ਨਾਲ ਲੜ ਕੇ ਤੁਹਾਨੂੰ ਸਿਹਤਮੰਦ ਰੱਖਦੀ ਹੈ। ਜਦੋਂ ਤੁਹਾਡੀ ਰੋਗ-ਪ੍ਰਤੀਰੱਖਿਆ ਪ੍ਰਣਾਲੀ ਕਿਸੇ ਖਾਣ ਵਾਲੇ ਪਦਾਰਥ ਜਾਂ ਉਸ ਵਿਚ ਮੌਜੂਦ ਕਿਸੇ ਤੱਤ ਦੀ ਪਛਾਣ ਕਿਸੇ ਖ਼ਤਰੇ ਦੇ ਰੂਪ ਵਿਚ ਕਰ ਕੇ ਉਸ ਲਈ ਸੁਰੱਖਿਆਤਮਿਕ ਪ੍ਰਤੀਕਿਰਿਆ ਕਰਦੀ ਹੈ ਤਾਂ ਖਾਣ ਵਾਲੇ ਪਦਾਰਥਾਂ ਦੀ ਐਲਰਜੀ ਪ੍ਰਤੀਕਿਰਿਆ ਦਾ ਮਾਮਲਾ ਸਾਹਮਣੇ ਆਉਂਦਾ ਹੈ।
ਭਾਰਤ ਵਿਚ ਕਰੀਬ 3 ਫ਼ੀਸਦੀ ਬਾਲਗ ਅਤੇ 6 ਤੋਂ 8 ਫ਼ੀਸਦੀ ਬੱਚੇ ਖਾਣ ਵਾਲੇ ਪਦਾਰਥ ਤੋਂ ਭਾਵ ਫੂਡ ਐਲਰਜੀ ਦੇ ਸ਼ਿਕਾਰ ਹਨ। ਉਂਝ ਕਿਸੇ ਨੂੰ ਕਿਸੇ ਵੀ ਚੀਜ਼ ਤੋਂ ਐਲਰਜੀ ਹੋ ਸਕਦੀ ਹੈ, ਪਰ ਕੁਝ ਵਿਸ਼ੇਸ਼ ਖਾਣ ਵਾਲੇ ਪਦਾਰਥ ਜਿਵੇਂ ਕਣਕ, ਰਾਈ, ਬਾਜਰਾ, ਮੱਛੀ, ਅੰਡੇ, ਮੂੰਗਫਲੀ, ਸੋਇਆਬੀਨ, ਦੁੱਧ ਤੋਂ ਬਣੇ ਪਦਾਰਥ, ਸੁੱਕੇ ਮੇਵੇ ਮੁੱਖ ਹਨ। ਕਈ ਲੋਕਾਂ ਨੂੰ ਬੈਂਗਣ, ਖੀਰਾ, ਭਿੰਡੀ ਅਤੇ ਪਪੀਤੇ ਤੋਂ ਵੀ ਐਲਰਜੀ ਹੁੰਦੀ ਹੈ।
ਐਲਰਜੀ ਦੇ ਲੱਛਣ ਸੌਖਿਆਂ ਹੀ ਪਛਾਣੇ ਜਾ ਸਕਦੇ ਹਨ। ਉਲਟੀ ਤੇ ਦਸਤ ਹੋਣਾ, ਭੁੱਖ ਨਾ ਲੱਗਣਾ। ਮੂੰਹ, ਗਲੇ, ਅੱਖਾਂ, ਚਮੜੀ ਤੇ ਸਰੀਰ ਦੇ ਦੂਜੇ ਹਿੱਸਿਆਂ ਵਿਚ ਖਾਰਿਸ਼ ਹੋਣਾ, ਪੇਟ ਵਿਚ ਦਰਦ ਅਤੇ ਮਰੋੜ ਹੋਣਾ, ਖੂਨ ਦਾ ਦਬਾਅ ਘੱਟ ਹੋ ਜਾਣਾ, ਸਾਹ ਮਾਰਗ 'ਚ ਰੁਕਾਵਟ ਹੋ ਜਾਣਾ, ਦਿਲ ਦੀ ਧੜਕਣ ਤੇਜ਼ ਹੋਣਾ ਆਦਿ।
ਖਾਣ ਵਾਲੀਆਂ ਚੀਜ਼ਾਂ ਤੋਂ ਐਲਰਜੀ ਦੇ ਲੱਛਣ ਹਲਕੇ ਤੋਂ ਲੈ ਕੇ ਗੰਭੀਰ ਤੱਕ ਹੋ ਸਕਦੇ ਹਨ। ਸਿਰਫ਼ ਇਸ ਲਈ ਇਹ ਮੰਨ ਲੈਣਾ ਕਿ ਸ਼ੁਰੂਆਤ ਵਿਚ ਛੋਟੀ-ਮੋਟੀ ਸਮੱਸਿਆ ਹੋਈ ਸੀ ਤਾਂ ਬਾਅਦ ਵਿਚ ਉਹੀ ਖਾਣ ਵਾਲੇ ਪਦਾਰਥ ਐਲਰਜੀ ਵੱਡੀ ਸਮੱਸਿਆ ਖੜ੍ਹੀ ਨਹੀਂ ਕਰਨਗੇ, ਇਹ ਸੋਚਣਾ ਗ਼ਲਤ ਹੈ। ਹੋ ਸਕਦਾ ਹੈ ਕਿ ਜਿਸ ਖਾਣ ਵਾਲੇ ਪਦਾਰਥ ਦੀ ਵਜ੍ਹਾ ਕਰਕੇ ਪਹਿਲੀ ਵਾਰ ਹਲਕੇ ਲੱਛਣ ਹੀ ਦਿਸਣ, ਅਗਲੀ ਵਾਰ ਉਸ ਦੇ ਗੰਭੀਰ ਬੁਰੇ ਪ੍ਰਭਾਵ ਵੀ ਦੇਖਣ ਨੂੰ ਮਿਲ ਸਕਦੇ ਹਨ।
ਜਿੰਨੀ ਵਾਰ ਐਲਰਜੀ ਲਈ ਜ਼ਿੰਮੇਦਾਰ ਸੰਭਾਵਿਤ ਖਾਣ ਵਾਲੇ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਪਦਾਰਥਾਂ ਤੋਂ ਪੈਦਾ ਹੁੰਦੀ ਐਲਰਜੀ ਨੂੰ ਉਤਪ੍ਰੇਰਿਤ ਕਰਨ ਵਾਲੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ। ਇਸ ਦੇ ਲੱਛਣ ਵੱਖ-ਵੱਖ ਵਿਅਕਤੀਆਂ ਵਿਚ ਵੱਖ-ਵੱਖ ਹੋ ਸਕਦੇ ਹਨ। ਇਹ ਵੀ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਵਿਚ ਵੀ ਹਰ ਵਾਰ ਇਕੋ ਜਿਹੇ ਲੱਛਣ ਹੀ ਦਿਸਣ। ਇਸ ਐਲਰਜੀ ਦਾ ਅਸਰ ਤੁਹਾਡੀ ਚਮੜੀ, ਸਾਹ ਤੰਤਰ, ਪੇਟ ਤੇ ਅੰਤੜੀਆਂ ਸੰਬੰਧੀ ਮਾਰਗ ਤੇ ਦਿਲ ਪ੍ਰਣਾਲੀ 'ਤੇ ਦਿਸ ਸਕਦਾ ਹੈ। ਹਾਲਾਂਕਿ ਕਿਸੇ ਵੀ ਉਮਰ ਵਿਚ ਇਹ ਐਲਰਜੀ ਦੀ ਸਮੱਸਿਆ ਸਾਹਮਣੇ ਆ ਸਕਦੀ ਹੈ। ਪਰ ਜ਼ਿਆਦਾਤਰ ਮਾਮਲਿਆਂ ਵਿਚ ਬਚਪਨ ਵਿਚ ਹੀ ਇਸ ਦੇ ਲੱਛਣ ਨਜ਼ਰ ਆ ਜਾਂਦੇ ਹਨ। ਜੇਕਰ ਤੁਸੀਂ ਇਸ ਐਲਰਜੀ ਨੂੰ ਲੈ ਕੇ ਸ਼ੰਕਾ ਵਿਚ ਹੋ ਤਾਂ ਕਿਸੇ ਐਲਰਜੀ ਮਾਹਿਰ ਕੋਲ ਜਾ ਕੇ ਜੋ ਤੁਹਾਡੇ ਪਰਿਵਾਰ ਦੇ ਇਤਿਹਾਸ ਤੋਂ ਜਾਣੂ ਹੋਣ ਤੋਂ ਬਾਅਦ ਜ਼ਰੂਰੀ ਜਾਂਚ ਦੀ ਸਲਾਹ ਦੇਵੇਗਾ ਅਤੇ ਨਤੀਜੇ ਦੇ ਆਧਾਰ 'ਤੇ ਇਸ ਐਲਰਜੀ ਬਾਰੇ ਫ਼ੈਸਲਾ ਲਵੇਗਾ।
ਇਸ ਐਲਰਜੀ ਨਾਲ ਨਿਪਟਣ ਦਾ ਮੁੱਖ ਢੰਗ ਉਨ੍ਹਾਂ ਖਾਣ ਵਾਲੇ ਪਦਾਰਥਾਂ ਤੋਂ ਪਰਹੇਜ਼ ਹੈ, ਜਿਨ੍ਹਾਂ ਤੋਂ ਸਮੱਸਿਆ ਹੁੰਦੀ ਹੈ। ਖਾਣ ਵਾਲੇ ਉਤਪਾਦਾਂ ਵਿਚ ਮੌਜੂਦ ਸਮੱਗਰੀਆਂ ਦੀ ਸੂਚੀ ਨੂੰ ਧਿਆਨ ਨਾਲ ਪੜ੍ਹੋ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ਜਿਨ੍ਹਾਂ ਚੀਜ਼ਾਂ ਤੋਂ ਪਰਹੇਜ਼ ਹੈ, ਉਹ ਕਿਸੇ ਹੋਰ ਨਾਂਅ ਨਾਲ ਤਾਂ ਸੂਚੀਬੱਧ ਨਹੀਂ ਹਨ।
ਡੱਬਾਬੰਦ ਖਾਣ ਵਾਲੇ ਪਦਾਰਥ ਹਮੇਸ਼ਾ ਹੀ ਐਲਰਜੀ ਦੇ ਕਾਰਕ, ਇਨ੍ਹਾਂ 8 ਸਭ ਤੋਂ ਆਮ ਚੀਜ਼ਾਂ ਦੁੱਧ, ਅੰਡਾ, ਕਣਕ, ਸੋਇਆ, ਮੂੰਗਫਲੀ, ਮੇਵੇ, ਮੱਛੀ ਤੇ ਪਾਣੀ ਦੀਆਂ ਸ਼ੈਲਫਿਸ਼ (ਸਿੱਪੀਆਂ) ਦੀ ਪਛਾਣ ਕੇ ਆਪਣੇ ਉਤਪਾਦਾਂ ਵਿਚ ਉਸ ਦੀ ਮੌਜੂਦਗੀ ਬਾਰੇ ਸੌਖੀ ਤੇ ਸਪੱਸ਼ਟ ਭਾਸ਼ਾ ਵਿਚ ਜਾਣਕਾਰੀ ਦੇਣੀ ਚਾਹੀਦੀ। ਉਹੋ ਜਿਹੀ ਸਥਿਤੀ ਵਿਚ ਵੀ ਇਨ੍ਹਾਂ ਐਲਰਜਨਕ ਚੀਜ਼ਾਂ ਦੀ ਮੌਜੂਦਗੀ ਬਾਰੇ ਜ਼ਰੂਰ ਦੱਸਿਆ ਜਾਣਾ ਚਾਹੀਦਾ ਹੈ, ਜਦੋਂ ਉਹ ਪਦਾਰਥ ਉਤਪਾਦਾਂ ਵਿਚ ਐਡੀਟਿਵ (ਉਤਪਾਦ ਦੀ ਗੁਣਵੱਤਾ ਵਿਚ ਸੁਧਾਰ ਜਾਂ ਉਨ੍ਹਾਂ ਨੂੰ ਦੀ ਰੱਖਿਆ ਕਰਨ ਲਈ) ਜਾਂ ਸੁਆਦ ਜਾਂ ਸੁਗੰਧ ਵਾਲੇ ਬਣਾਉਣ ਦੇ ਤੌਰ 'ਤੇ ਵਰਤੋਂ ਕੀਤੇ ਜਾ ਰਹੇ ਹੋਣ।
ਐਲਰਜੀ ਕਰਨ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ, ਕਹਿਣਾ ਸੌਖਾ ਲਗਦਾ ਹੈ ਪਰ ਇਹ ਬਹੁਤ ਮੁਸ਼ਕਿਲ ਕੰਮ ਹੈ। ਹਾਲਾਂਕਿ ਸਮੱਗਰੀਆਂ ਦੀ ਸੂਚੀ ਤੋਂ ਇਸ ਮਾਮਲੇ ਵਿਚ ਕੁਝ ਹੱਦ ਤੱਕ ਮਦਦ ਮਿਲੀ ਹੈ, ਪਰ ਕੁਝ ਖਾਧ ਪਦਾਰਥ ਏਨੇ ਆਮ ਹਨ ਕਿ ਉਨ੍ਹਾਂ ਤੋਂ ਬਚ ਸਕਣਾ ਚੁਣੌਤੀਪੂਰਨ ਕੰਮ ਹੈ।
ਖਾਣ ਵਾਲੇ ਪਦਾਰਥਾਂ ਤੋਂ ਐਲਰਜੀ ਤੋਂ ਪੀੜਤ ਬਹੁਤੇ ਲੋਕ ਸੋਚਦੇ ਹਨ ਕਿ ਕੀ ਉਨ੍ਹਾਂ ਦੀ ਇਹ ਹੋਂਦ ਹਮੇਸ਼ਾ ਹੀ ਬਣੀ ਰਹੇਗੀ। ਇਸ ਦਾ ਕੋਈ ਨਿਸਚਿਤ ਜਵਾਬ ਨਹੀਂ ਹੈ। ਸੰਭਵ ਹੈ ਕਿ ਦੁੱਧ, ਅੰਡੇ, ਕਣਕ ਤੇ ਸੋਇਆ ਤੋਂ ਹੋਣ ਵਾਲੀ ਐਲਰਜੀ ਦੀ ਸਮੱਸਿਆ ਸਮੇਂ ਦੇ ਨਾਲ-ਨਾਲ ਖ਼ਤਮ ਹੋ ਜਾਵੇ, ਜਦ ਕਿ ਮੂੰਗਫਲੀ, ਮੇਵੇ, ਮੱਛੀ ਤੇ ਸਿੱਪੀਆਂ ਤੋਂ ਹੋਣ ਵਾਲੀ ਐਲਰਜੀ ਦੀ ਸਮੱਸਿਆ ਸਾਰੀ ਜ਼ਿੰਦਗੀ ਬਣੀ ਰਹਿ ਸਕਦੀ ਹੈ।
-੦-

ਪਿਛਲੀ ਖ਼ਬਰ ਲੰਮੀ ਉਮਰ ਦਾ ਰਾਜ਼ ਹੈ ਸਿਹਤਮੰਦ ਆਦਤਾਂ ਅਗਲੀ ਖ਼ਬਰ ਪੇਟ ਦੀਆਂ ਬਿਮਾਰੀਆਂ ਵੱਖੀ ਵਿਚ ਦਰਦ ਕਿਉਂ ਤੇ ਇਲਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।