ਤੋਰੀਆ, ਗੋਭੀ ਸਰ੍ਹੋਂ, ਰਾਇਆ, ਅਫ਼ਰੀਕਨ ਸਰ੍ਹੋਂ ਅਤੇ ਤਾਰਾਮੀਰਾ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਹਨ | ਤੋਰੀਆ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ਫ਼ਸਲਾਂ ਸੇਂਜੂ ਹਾਲਤਾਂ ਵਿਚ ਦਰਮਿਆਨੀ ਤੋਂ ਭਾਰੀ ਬਾਰਿਸ਼ ਵਾਲੇ ਇਲਾਕਿਆਂ ਲਈ ਢੁੱਕਵੀਆਂ ਹਨ | ਰਾਇਆ ਦੀ ਕਾਸ਼ਤ ਸੇਂਜੂ ਅਤੇ ਬਰਾਨੀ ਦੋਵੇਂ ਹਾਲਤਾਂ ਵਿਚ ਹੀ ਕੀਤੀ ਜਾ ਸਕਦੀ ਹੈ, ਪਰ ਤਾਰਾਮੀਰਾ ਸਿਰਫ਼ ਬਰਾਨੀ ਅਤੇ ਘੱਟ ਬਾਰਸ਼ ਵਾਲੇ ਇਲਾਕਿਆਂ ਲਈ ਢੁੱਕਵਾਂ ਹੈ | ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੇ ਨਾਲ ਝੋਨਾ-ਕਣਕ ਫ਼ਸਲੀ ਚੱਕਰ ਤੋਂ ਹਟ ਕੇ ਫ਼ਸਲੀ ਭਿੰਨਤਾ ਦੇ ਨਾਲ-ਨਾਲ ਪ੍ਰੋਸੈਸਿੰਗ ਕਰ ਕੇ ਤੇਲ ਅਤੇ ਖਲ਼ ਦੀ ਪੈਦਾਵਾਰ ਕਰਕੇ ਚੰਗੀ ਕਮਾਈ ਵੀ ਕੀਤੀ ਜਾ ਸਕਦੀ ਹੈ | ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀਆਂ ਰਾਇਆ ਦੀਆਂ ਕਿਸਮਾਂ ਆਰਐਲਸੀ-3, ਆਰਸੀਐਚ-1 ਅਤੇ ਗੋਭੀ ਸਰ੍ਹੋਂ ਦੀਆਂ ਜੀਐਸਸੀ-6, ਜੀਐਸਸੀ-7, ਪੀਜੀਐਸਐਚ-1707 ਕਨੋਲਾ ਕਿਸਮਾਂ ਹਨ, ਜਿਨ੍ਹਾਂ ਤੋਂ ਚੰਗੀ ਗੁਣਵੱਤਾ ਦਾ ਤੇਲ ਅਤੇ ਖਲ਼ ਪੈਦਾ ਕਰਕੇ ਚੰਗੀ ਸਿਹਤ ਦੇ ਨਾਲ-ਨਾਲ ਕਮਾਈ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ | ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀ ਕਾਸ਼ਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਹੇਠ ਲਿਖੀਆਂ ਸੁਧਰੀਆਂ ਤਕਨੀਕਾਂ ਜ਼ਰੂਰ ਅਪਣਾਓ |

ਜ਼ਮੀਨ : ਤੋਰੀਆ ਫ਼ਸਲ ਦੀ ਕਾਸ਼ਤ ਮੈਰਾ ਜ਼ਮੀਨ ਵਿਚ ਕਰਨੀ ਚਾਹੀਦੀ ਹੈ, ਜਦਕਿ ਰਾਇਆ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ਨੂੰ ਹਰ ਤਰ੍ਹਾਂ ਦੀ ਜ਼ਮੀਨ ਵਿਚ ਬੀਜਿਆ ਜਾ ਸਕਦਾ ਹੈ | ਤਾਰਾਮੀਰਾ ਦੀ ਕਾਸ਼ਤ ਲਈ ਰੇਤਲੀ ਅਤੇ ਮੈਰਾ-ਰੇਤਲੀ ਜ਼ਮੀਨ ਚੰਗੀ ਹੈ |
ਖੇਤ ਦੀ ਤਿਆਰੀ : ਖੇਤ ਨੂੰ 2 ਤੋਂ 4 ਵਾਰ ਵਾਹੋ ਅਤੇ ਹਰ ਵਾਰ ਵਾਹੀ ਮਗਰੋਂ ਸੁਹਾਗਾ ਜ਼ਰੂਰ ਫੇਰੋ | ਬਰਾਨੀ ਹਾਲਤਾਂ ਵਿਚ 1 ਤੋਂ 2 ਵਾਰ ਵਾਹੀ ਕਰੋ ਅਤੇ ਹਰ ਵਾਹੀ ਬਾਅਦ ਸੁਹਾਗਾ ਜ਼ਰੂਰ ਫੇਰੋ |
ਬਿਜਾਈ ਦਾ ਸਮਾਂ : ਗੋਭੀ ਸਰ੍ਹੋਂ ਦੀ ਬਿਜਾਈ 10 ਤੋਂ 30 ਅਕਤੂਬਰ ਦਰਮਿਆਨ ਕਰੋ | ਰਾਇਆ ਅਤੇ ਅਫ਼ਰੀਕਨ ਸਰ੍ਹੋਂ ਦੀ ਬਿਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਚੰਗੀ ਹੈ | ਤਾਰਾਮੀਰਾ ਦੀ ਬਿਜਾਈ ਅਕਤੂਬਰ ਦੇ ਮਹੀਨੇ ਢੁੱਕਵੀਂ ਹੈ |
ਬੀਜ ਨੂੰ ਟੀਕਾ ਲਾਉਣਾ : ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੇ ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਜ਼ਰੂਰ ਲਗਾਓ | ਇਕ ਏਕੜ ਦੇ ਬੀਜ ਨੂੰ ਸਾਫ਼ ਫਰਸ਼ ਜਾਂ ਪੋਲੀਥੀਨ ਸ਼ੀਟ 'ਤੇ 50-100 ਮਿਲੀਲਿਟਰ ਪਾਣੀ ਨਾਲ ਗਿੱਲਾ ਕਰਕੇ 250 ਗ੍ਰਾਮ ਸੁਡੋਮੋਨਾਸ ਪੁਟੀਡਾ ਐਮਐਲਈਐਸ-8 ਜੀਵਾਣੂ ਖਾਦ ਨਾਲ ਚੰਗੀ ਤਰ੍ਹਾਂ ਰਲਾ ਕੇ ਛਾਵੇਂ ਸੁਕਾ ਕੇ ਤੁਰੰਤ ਬਿਜਾਈ ਕਰੋ |
ਬੀਜ ਦੀ ਮਾਤਰਾ ਤੇ ਬਿਜਾਈ : ਤੋਰੀਆ, ਰਾਇਆ, ਗੋਭੀ ਸਰ੍ਹੋਂ, ਅਫ਼ਰੀਕਨ ਸਰ੍ਹੋਂ ਅਤੇ ਤਾਰਾਮੀਰਾ ਫ਼ਸਲਾਂ ਦੀ ਬਿਜਾਈ 1.5 ਕਿਲੋ ਬੀਜ ਪ੍ਰਤੀ ਏਕੜ ਨਾਲ ਕਰੋ | ਤੋਰੀਆ, ਰਾਇਆ, ਅਫ਼ਰੀਕਨ ਸਰ੍ਹੋਂ ਅਤੇ ਤਾਰਾਮੀਰਾ ਨੂੰ 30 ਸੈਂਟੀਮੀਟਰ ਅਤੇ ਗੋਭੀ ਸਰ੍ਹੋਂ ਨੂੰ 45 ਸੈਂਟੀਮੀਟਰ ਦੂਰ ਕਤਾਰਾਂ ਵਿਚ ਬੀਜੋ | ਬੀਜ ਨੂੰ 4-5 ਸੈਂਟੀਮੀਟਰ ਡੂੰਘਾ ਬੀਜੋ |
ਖਾਦਾਂ : ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ | ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਵਿਚ ਸੇਂਜੂ ਹਾਲਤਾਂ ਵਿਚ ਤੋਰੀਏ ਦੀ ਫ਼ਸਲ ਨੂੰ 55 ਕਿਲੋ ਪ੍ਰਤੀ ਏਕੜ ਯੂਰੀਆ ਅਤੇ 50 ਕਿਲੋ ਪ੍ਰਤੀ ਏਕੜ ਸੁਪਰਫਾਸਫੇਟ ਬਿਜਾਈ ਸਮੇਂ ਪੋਰ ਦਿਓ | ਰਾਇਆ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ਨੂੰ 45 ਕਿਲੋ ਪ੍ਰਤੀ ਏਕੜ ਯੂਰੀਆ ਦੀ ਪਹਿਲੀ ਕਿਸ਼ਤ ਅਤੇ 75 ਕਿਲੋ ਪ੍ਰਤੀ ਏਕੜ ਸੁਪਰਫਾਸਫੇਟ ਬਿਜਾਈ ਸਮੇਂ ਪਾਓ | 45 ਕਿਲੋ ਪ੍ਰਤੀ ਏਕੜ ਯੂਰੀਆ ਦੀ ਦੂਜੀ ਕਿਸ਼ਤ ਪਹਿਲੇ ਪਾਣੀ ਨਾਲ ਤਿੰਨ ਤੋਂ ਚਾਰ ਹਫ਼ਤੇ ਬਾਅਦ ਪਾਓ | ਬਰਾਨੀ ਹਾਲਤਾਂ ਵਿਚ ਰਾਇਆ ਦੀ ਫ਼ਸਲ ਨੂੰ 33 ਕਿਲੋ ਯੂਰੀਆ ਪ੍ਰਤੀ ਏਕੜ ਅਤੇ 50 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਪਾਓ | ਬਰਾਨੀ ਹਾਲਤਾਂ ਵਿਚ ਤਾਰਾਮੀਰਾ ਦੀ ਫ਼ਸਲ ਨੂੰ 26 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਪਾਓ | ਪੋਟਾਸ਼ ਤੱਤ ਦੀ ਵਰਤੋਂ ਜ਼ਮੀਨ ਵਿਚ ਪੋਟਾਸ਼ ਦੀ ਘਾਟ ਆਉਣ 'ਤੇ ਕਰੋ |
ਨਦੀਨਾਂ ਦੀ ਰੋਕਥਾਮ : ਨਦੀਨਾਂ ਦੀ ਰੋਕਥਾਮ ਲਈ ਤੋਰੀਏ ਦੀ ਫ਼ਸਲ ਨੂੰ ਬਿਜਾਈ ਤੋਂ 3 ਹਫ਼ਤੇ ਬਾਅਦ ਇਕ ਗੋਡੀ ਕਰਨੀ ਚਾਹੀਦੀ ਹੈ | ਰਾਇਆ, ਗੋਭੀ ਸਰ੍ਹੋਂ, ਅਫ਼ਰੀਕਨ ਸਰ੍ਹੋਂ ਅਤੇ ਤਾਰਾਮੀਰਾ ਨੂੰ ਬਿਜਾਈ ਤੋਂ 3-4 ਹਫ਼ਤੇ ਬਾਅਦ ਪਹਿਲੀ ਗੋਡੀ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ 3 ਹਫ਼ਤੇ ਬਾਅਦ ਦੂਜੀ ਗੋਡੀ ਕਰ ਸਕਦੇ ਹਾਂ |
ਸਿੰਚਾਈ : ਤੋਰੀਆ, ਰਾਇਆ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ਦੀ ਬਿਜਾਈ ਤੋਂ ਪਹਿਲਾਂ ਭਰਵੀਂ ਰੌਣੀ ਕਰ ਲੈਣੀ ਚਾਹੀਦੀ ਹੈ | ਤੋਰੀਏ ਦੀ ਫ਼ਸਲ ਨੂੰ ਜੇ ਲੋੜ ਹੋਵੇ ਤਾਂ ਇਕ ਸਿੰਚਾਈ ਫੁੱਲ ਪੈਣ ਸਮੇਂ ਕਰੋ | ਰਾਇਆ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ਨੂੰ ਪਹਿਲੀ ਸਿੰਜਾਈ ਬਿਜਾਈ ਤੋਂ 3-4 ਹਫ਼ਤੇ ਬਾਅਦ ਕਰੋ | ਰਾਇਆ ਅਤੇ ਅਫ਼ਰੀਕਨ ਸਰ੍ਹੋਂ ਨੂੰ ਦੂਜੀ ਸਿੰਚਾਈ ਜੇ ਲੋੜ ਹੋਵੇ ਤਾਂ ਫੁੱਲ ਪੈਣ 'ਤੇ ਦਿੱਤੀ ਜਾ ਸਕਦੀ ਹੈ | ਗੋਭੀ ਸਰ੍ਹੋਂ ਦੀ ਫ਼ਸਲ ਨੂੰ ਦੂਜੀ ਸਿੰਚਾਈ ਲੋੜ ਅਨੁਸਾਰ ਅਖੀਰ ਦਸੰਬਰ ਜਾਂ ਸ਼ੁਰੂ ਜਨਵਰੀ ਵਿਚ ਦਿੱਤੀ ਜਾ ਸਕਦੀ ਹੈ | ਤੀਜੀ ਸਿੰਜਾਈ ਫਰਵਰੀ ਦੇ ਦੂਜੇ ਪੰਦ੍ਹਰਵਾੜੇ ਵਿਚ ਕੀਤੀ ਜਾ ਸਕਦੀ ਹੈ |
ਕਟਾਈ ਤੇ ਗਹਾਈ : ਫਲੀਆਂ ਪੀਲੀਆਂ ਹੋ ਜਾਣ 'ਤੇ ਫ਼ਸਲ ਕੱਟਣ ਲਈ ਤਿਆਰ ਹੋ ਜਾਂਦੀ ਹੈ | ਰਾਇਆ ਅਤੇ ਤਾਰਾਮੀਰਾ ਦੀ ਫ਼ਸਲ ਮਾਰਚ ਦੇ ਮਹੀਨੇ, ਜਦਕਿ ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ਦੀ ਫ਼ਸਲ ਅਪ੍ਰੈਲ ਦੇ ਪਹਿਲੇ ਪੰਦ੍ਹਰਵਾੜੇ ਵਿਚ ਕਟਾਈ ਲਈ ਤਿਆਰ ਹੋ ਜਾਂਦੀ ਹੈ | ਕੱਟੀ ਹੋਈ ਫ਼ਸਲ ਨੂੰ ਢੇਰ ਬਣਾ ਕੇ ਰੱਖੋ | ਕਿੱਲੀਆਂ ਵਾਲੇ ਕਣਕ ਦੇ ਥ੍ਰੈਸ਼ਰ ਵਿਚ ਕੁਝ ਤਬਦੀਲੀਆਂ ਕਰਕੇ ਗਹਾਈ ਲਈ ਵਰਤਿਆ ਜਾ ਸਕਦਾ ਹੈ |
-ਫਾਰਮ ਸਲਾਹਕਾਰ ਸੇਵਾ ਕੇਂਦਰ, ਫਿਰੋਜ਼ਪੁਰ ਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਜਲੰਧਰ |