ਅੰਮ੍ਰਿਤਸਰ, 23 ਨਵੰਬਰ (ਜਸਵੰਤ ਸਿੰਘ ਜੱਸ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ਾਲਸਾ ਯੂਨੀਵਰਸਿਟੀ ਸਮੇਤ ਖ਼ਾਲਸਾ ਵਿਦਿਅਕ ਸੰਸਥਾਵਾਂ ਵਲੋਂ ਮੀਲਾਂ ਲੰਬਾ ਨਗਰ ਕੀਰਤਨ ਖ਼ਾਲਸਾ ਕਾਲਜ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਗਿਆ ਹੈ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਵਿਚ ਖ਼ਾਲਸਾ ਯੂਨੀਵਰਸਿਟੀ, ਖ਼ਾਲਸਾ ਕਾਲਜ ਸਮੇਤ ਹੋਰ ਖ਼ਾਲਸਾ ਵਿਦਿਅਕ ਸੰਸਥਾਵਾਂ ਦੇ 30 ਹਜਾਰ ਤੋਂ ਵੱਧ ਵਿਦਿਆਰਥੀ, ਪ੍ਰੋਫੈਸਰ, ਅਧਿਆਪਕ ਤੇ ਪ੍ਰਬੰਧਕ ਸ਼ਾਮਿਲ ਹਨ। ਇਹ ਨਗਰ ਕੀਰਤਨ ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪੁਤਲੀ ਘਰ, ਭੰਡਾਰੀ ਪੁੱਲ, ਹਾਲ ਬਾਜ਼ਾਰ, ਵਿਰਾਸਤੀ ਮਾਰਗ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਵੇਗਾ। ਇਸ ਨਗਰ ਕੀਰਤਨ ਵਿਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਮਹਿਲ ਸਿੰਘ, ਪ੍ਰਿੰਸੀਪਲ ਡਾਕਟਰ ਆਤਮ ਸਿੰਘ ਰੰਧਾਵਾ, ਡਾਕਟਰ ਇੰਦਰਜੀਤ ਸਿੰਘ ਗੋਗੋਆਣੀ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਖ਼ਾਲਸਾ ਅਦਾਰਿਆਂ ਦੇ ਪ੍ਰਿੰਸੀਪਲ ਅਤੇ ਖਾਲਸਾ ਕਾਲਜ ਗਵਰਨਰ ਕੌਂਸਲ ਦੇ ਮੈਂਬਰ ਸਾਹਿਬਾਨ ਸ਼ਾਮਿਲ ਹਨ।