06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

21 ਸੋਨ ਤਗਮਿਆਂ ਨਾਲ ਭਾਰਤ ਚੌਥੇ ਸਥਾਨ 'ਤੇ

21 ਸੋਨ ਤਗਮਿਆਂ ਨਾਲ ਭਾਰਤ ਚੌਥੇ ਸਥਾਨ 'ਤੇ

ਅਜੀਤ ਡੈਸਕ 06-10-2026

-ਕਿਤੇ ਤਗਮਿਆਂ ਦੀ ਚਮਕ ਤੇ ਕਿਤੇ ਨਿਰਾਸ਼ਾ-

2026 ਦੀਆਂ ਏਸ਼ਿਆਈ ਖੇਡਾਂ ਜੋ ਆਇਚੀ-ਨਗੋਇਆ (ਜਪਾਨ) ਵਿਖੇ ਕਰਵਾਈਆਂ ਗਈਆਂ, ਵਿਚ ਭਾਰਤ ਦਾ ਸਫ਼ਰ 21 ਸੋਨੇ ਸਮੇਤ ਕੁੱਲ 85 (27 ਚਾਂਦੀ ਤੇ 37 ਕਾਂਸੀ ਦੇ) ਤਗਮਿਆਂ ਨਾਲ ਸਮਾਪਤ ਹੋ ਗਿਆ | ਭਾਰਤ ਨੇ ਤਗਮਾ ਸੂਚੀ 'ਚ ਚੋਟੀ ਦੇ 4 ਦੇਸ਼ਾਂ 'ਚ ਆਪਣੀ ਜਗ੍ਹਾ ਬਣਾਈ | 2022 ਦੀਆਂ ਹਾਂਗਝੋਊ (ਚੀਨ) ਹੋਈਆਂ ਏਸ਼ਿਆਈ ਖੇਡਾਂ 'ਚ ਜਿੱਤੇ 28 ਸੋਨ ਤਗਮਿਆਂ 'ਚੋਂ ਭਾਰਤ ਇਸ ਵਾਰ ਸਿਰਫ਼ 8 ਸੋਨ ਤਗਮੇ ਬਚਾ ਸਕਿਆ | ਬੇਸ਼ੱਕ ਇਸੇ ਦੌਰਾਨ ਭਾਰਤੀ ਖਿਡਾਰੀਆਂ ਨੇ ਕਈ ਨਵੇਂ ਈਵੈਂਟਾਂ 'ਚ ਸੋਨ ਤਗਮੇ ਜਿੱਤ ਕੇ ਇਹ ਵੀ ਸਾਬਤ ਕੀਤਾ ਕਿ ਭਾਰਤ ਦੀ ਖੇਡ ਤਾਕਤ ਸਿਰਫ਼ ਕੁਝ ਰਵਾਇਤੀ ਖੇਡਾਂ ਤੱਕ ਸੀਮਤ ਨਹੀਂ ਰਹੀ |


13 ਨਵੇਂ ਸੋਨ ਤਗਮੇ-ਹਾਂਗਝੋਊ ਵਿਚ ਭਾਰਤ ਦੇ 28 ਸੋਨ ਤਗਮੇ ਸਨ, ਜਦਕਿ ਇਸ ਵਾਰ ਇਹ ਗਿਣਤੀ 21 ਰਹੀ | ਪਰ ਇਨ੍ਹਾਂ ਅੰਕੜਿਆਂ ਨੂੰ  ਸਿਰਫ਼ ਗਿਰਾਵਟ ਵਜੋਂ ਦੇਖਣਾ ਠੀਕ ਨਹੀਂ | ਭਾਰਤ ਨੇ ਕਈ ਪੁਰਾਣੇ ਖ਼ਿਤਾਬ ਗੁਆਏ, ਪਰ ਹੋਰ ਈਵੈਂਟਾਂ 'ਚ ਨਵੇਂ ਚੈਂਪੀਅਨ ਵੀ ਉੱਭਰ ਕੇ ਅੱਗੇ ਆਏ ਹਨ | ਇਸ ਬਦਲਾਅ 'ਚ ਬਾਕਸਿੰਗ, ਕੁਸ਼ਤੀ, ਮਹਿਲਾ ਹਾਕੀ ਤੇ ਮਹਿਲਾ ਗੋਲਫ਼ ਨੇ ਖ਼ਾਸ ਭੂਮਿਕਾ ਨਿਭਾਈ | ਸਭ ਤੋਂ ਵੱਡਾ ਝਟਕਾ ਸ਼ੂਟਿੰਗ ਤੇ ਅਥਲੈਟਿਕਸ 'ਚ ਲੱਗਾ, ਜਦਕਿ ਬਾਕਸਿੰਗ ਤੇ ਕੁਸ਼ਤੀ ਨੇ ਭਾਰਤ ਦੀ ਕਮਜ਼ੋਰੀ ਨੂੰ  ਕਾਫ਼ੀ ਹੱਦ ਤੱਕ ਪੂਰਾ ਕੀਤਾ |
ਸ਼ੂਟਿੰਗ 'ਚ ਤਿੰਨ ਸੋਨ ਤਗਮੇ-ਪਿਛਲੀਆਂ ਖੇਡਾਂ 'ਚ ਸ਼ੂਟਿੰਗ ਭਾਰਤ ਦੀ ਸਭ ਤੋਂ ਮਜ਼ਬੂਤ ਖੇਡ ਸੀ, ਜਿਸ 'ਚ ਭਾਰਤ ਨੇ 7 ਸੋਨ ਸਮੇਤ ਕੁੱਲ 22 ਤਗਮੇ ਜਿੱਤੇ ਸਨ | ਪਰ ਇਸ ਵਾਰ ਇਹ ਕੁੱਲ ਗਿਣਤੀ ਸਿਰਫ਼ 15 ਰਹਿ ਗਈ | ਨੀਰੂ ਢਾਂਡਾ ਨੇ ਮਹਿਲਾ ਟ੍ਰੈਪ ਵਿਅਕਤੀਗਤ 'ਚ ਸੋਨ ਤਗਮਾ ਤੇ ਕੀਨਨ ਚੇਨਾਈ ਨਾਲ ਮਿਲ ਕੇ ਮਿਕਸਡ ਟ੍ਰੈਪ 'ਚ ਵੀ ਖ਼ਿਤਾਬ ਹਾਸਿਲ ਕੀਤਾ | ਕਮਲਜੀਤ ਤੇ ਸੁਰੂਚੀ ਸਿੰਘ ਨੇ ਮਿਕਸਡ 10 ਮੀਟਰ ਏਅਰ ਪਿਸਟਲ 'ਚ ਸੋਨ ਤਗਮਾ ਜਿੱਤਿਆ | ਇਸੇ ਦੌਰਾਨ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਤੇ 50 ਮੀਟਰ ਰਾਈਫਲ 3-ਪੁਜ਼ੀਸ਼ਨ 'ਚ ਚਾਂਦੀ ਦੇ ਤਗਮਿਆਂ ਨਾਲ ਸਬਰ  ਕਰਨਾ ਪਿਆ |
ਅਥਲੈਟਿਕਸ 'ਚ ਸਿਰਫ਼ ਇਕ-ਅਥਲੈਟਿਕਸ ਵਿਚ ਵੀ ਭਾਰਤ ਦਾ ਪ੍ਰਦਰਸ਼ਨ ਪਿਛਲੀ ਵਾਰ ਦੇ ਮੁਕਾਬਲੇ ਕਮਜ਼ੋਰ ਰਿਹਾ | ਹਾਂਗਝੋਊ 'ਚ 6 ਸੋਨੇ ਸਮੇਤ ਕੁੱਲ 29 ਤਗਮੇ ਜਿੱਤਣ ਵਾਲੇ ਭਾਰਤ ਨੂੰ  ਨਾਗੋਇਆ 'ਚ ਸਿਰਫ਼ ਇਕ ਸੋਨ ਤਗਮੇ ਸਮੇਤ ਕੁੱਲ 24 ਤਗਮਿਆਂ ਨਾਲ ਸਬਰ ਕਰਨਾ ਪਿਆ | ਮਹਿਲਾ 4&400 ਮੀਟਰ ਰਿਲੇਅ ਟੀਮ ਨੇ ਭਾਰਤ ਲਈ ਸੋਨ ਤਗਮਾ ਜਿੱਤਿਆ | ਤੇਜਿੰਦਰਪਾਲ ਸਿੰਘ ਤੂਰ ਜੋ ਪਿਛਲੀ ਵਾਰ ਸੋਨ ਤਗਮਾ ਜੇਤੂ ਸੀ, ਇਸ ਵਾਰ ਚਾਂਦੀ ਤੱਕ ਪਹੁੰਚਿਆ | ਡੈਕਾਥਲਾਨ 'ਚ ਤੇਜਸਵਿਨ ਸ਼ੰਕਰ ਦਾ ਤਗਮਾ ਵੀ ਚਾਂਦੀ ਤੋਂ ਕਾਂਸੀ ਹੋ ਗਿਆ | ਹਾਲਾਂਕਿ ਗੁਲਵੀਰ ਸਿੰਘ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10,000 ਮੀਟਰ 'ਚ ਚਾਂਦੀ ਜਿੱਤੀ | ਇਸ ਤੋਂ ਇਲਾਵਾ ਉਨ੍ਹਾਂ ਨੇ 1500 ਮੀਟਰ 'ਚ ਵੀ ਚਾਂਦੀ ਤੇ 5000 ਮੀਟਰ 'ਚ ਕਾਂਸੀ ਤਗਮਾ ਹਾਸਿਲ ਕੀਤਾ |
ਤੀਰਅੰਦਾਜ਼ੀ 'ਚ ਨਵੀਂ ਕਹਾਣੀ-ਤੀਰਅੰਦਾਜ਼ੀ 'ਚ ਭਾਰਤ ਨੇ ਹਾਂਗਝੋਊ ਵਾਲਾ ਹੀ ਅੰਕੜਾ ਦੁਹਰਾਇਆ, 5 ਸੋਨ, 2 ਚਾਂਦੀ ਤੇ 2 ਕਾਂਸੀ ਦੇ ਤਗਮੇ | ਕੰਪਾਊਾਡ ਟੀਮ ਦੇ ਤਿੰਨੋਂ ਖ਼ਿਤਾਬ ਭਾਰਤ ਨੇ ਬਚਾ ਲਏ | ਇਸ ਤੋਂ ਇਲਾਵਾ ਮਹਿਲਾ ਰਿਕਰਵ 'ਚ ਵੀ ਭਾਰਤ ਨੇ ਵੱਡੀ ਤਰੱਕੀ ਕੀਤੀ | ਕੁਮਕੁਮ ਮੋਹੋਦ ਨੇ ਮਹਿਲਾ ਵਿਅਕਤੀਗਤ ਰਿਕਰਵ 'ਚ ਸੋਨ ਤਗਮਾ ਜਿੱਤਿਆ, ਜਦਕਿ ਮਹਿਲਾ ਰਿਕਰਵ ਟੀਮ ਨੇ ਹਾਂਗਝੋਊ ਦੇ ਕਾਂਸੀ ਦੇ ਰੰਗ ਨੂੰ  ਇਸ ਵਾਰ ਸੋਨੇ 'ਚ ਬਦਲ ਕੇ ਇਤਿਹਾਸ ਰਚ ਦਿੱਤਾ |
ਮੁੱਕੇਬਾਜ਼ੀ 'ਚ ਵੱਡੀ ਕਾਮਯਾਬੀ-ਮੁੱਕੇਬਾਜ਼ੀ ਨੇ ਭਾਰਤ ਨੂੰ  ਵੱਡਾ ਹੁਲਾਰਾ ਦਿੱਤਾ | ਪਿਛਲੀ ਵਾਰ ਭਾਰਤ ਨੇ ਮੁੱਕੇਬਾਜ਼ੀ 'ਚ ਕੋਈ ਸੋਨ ਤਗਮਾ ਨਹੀਂ ਸੀ ਜਿੱਤਿਆ ਪਰ ਇਸ ਵਾਰ 3 ਸੋਨ ਸਮੇਤ 6 ਤਗਮੇ ਜਿੱਤੇ | ਲਵਲੀਨਾ ਬੋਰਗੋਹੇਨ ਨੇ ਪਿਛਲੀ ਵਾਰ ਦੀ ਚਾਂਦੀ ਨੂੰ  ਸੋਨੇ 'ਚ ਬਦਲ ਦਿੱਤਾ | ਪ੍ਰਵੀਨ ਹੁੱਡਾ ਤੇ ਅੰਕੁਸ਼ ਪੰਘਾਲ ਨੇ ਵੀ ਆਪਣੇ-ਆਪਣੇ ਵਰਗਾਂ 'ਚ ਸੋਨ ਤਗਮੇ ਜਿੱਤੇ |
ਜ਼ੀਰੋ ਤੋਂ ਸੋਨੇ ਤੱਕ ਕੁਸ਼ਤੀ-ਹਾਂਗਝੋਊ 'ਚ ਭਾਰਤ ਨੇ ਕੁਸ਼ਤੀ 'ਚ 6 ਤਗਮੇ ਜਿੱਤੇ ਸਨ, ਪਰ ਇਕ ਵੀ ਸੋਨ ਤਗਮਾ ਨਹੀਂ ਸੀ | ਪਰ ਇਸ ਵਾਰ ਅਮਨ ਸਹਿਰਾਵਤ ਤੇ ਸੁਜੀਤ ਕਲਕਲ ਨੇ ਫ੍ਰੀਸਟਾਈਲ 'ਚ ਭਾਰਤ ਲਈ ਦੋ ਸੋਨ ਤਗਮੇ ਜਿੱਤੇ | ਨਿਤੇਸ਼ ਨੇ ਗ੍ਰੀਕੋ-ਰੋਮਨ ਵਿਚ ਇਤਿਹਾਸਕ ਚਾਂਦੀ ਹਾਸਿਲ ਕੀਤੀ | ਕੁੱਲ 6 ਤਗਮਿਆਂ ਦਾ ਅੰਕੜਾ ਬਰਕਰਾਰ ਰਿਹਾ, ਪਰ ਇਸ ਵਾਰ ਭਾਰਤ ਕੋਲ ਦੋ ਸੋਨ ਤੇ ਦੋ ਚਾਂਦੀ ਦੇ ਤਗਮੇ ਸਨ |
ਹਾਕੀ ਟੀਮਾਂ ਦਾ ਕਮਾਲ-ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣਾ ਸੋਨ ਤਗਮੇ ਦਾ ਖ਼ਿਤਾਬ ਬਚਾ ਕੇ ਸ਼ਾਨ ਨਾਲ 2028 ਲਾਸ ਏਜਲਿਸ ਉਲੰਪਿਕ ਲਈ ਕੁਆਲੀਫਾਈ ਕਰ ਲਿਆ | ਇਸ ਤੋਂ ਵੀ ਵੱਡੀ ਕਾਮਯਾਬੀ ਮਹਿਲਾ ਟੀਮ ਨੇ ਹਾਸਿਲ ਕੀਤੀ, ਜਿਸ ਨੇ ਮੌਜੂਦਾ ਚੈਂਪੀਅਨ ਚੀਨ ਨੂੰ  1-0 ਨਾਲ ਹਰਾ ਕੇ 1982 ਤੋਂ ਬਾਅਦ ਪਹਿਲੀ ਵਾਰ ਏਸ਼ਿਆਈ ਖੇਡਾਂ 'ਚ ਸੋਨ ਤਗਮਾ ਹਾਸਿਲ ਕੀਤਾ | ਇਸ ਜਿੱਤ ਨਾਲ ਮਹਿਲਾ ਹਾਕੀ ਟੀਮ ਨੇ 44 ਸਾਲ ਦਾ ਸੋਨ ਤਗਮੇ ਦਾ ਇੰਤਜ਼ਾਰ ਖਤਮ ਕੀਤਾ ਤੇ 2028 ਲਾਸ ਏਾਜਲਿਸ ਉਲੰਪਿਕ ਲਈ ਕੁਆਲੀਫਾਈ ਕੀਤਾ |
ਕ੍ਰਿਕਟ ਤੇ ਕਬੱਡੀ 'ਚ ਸਰਦਾਰੀ-ਕ੍ਰਿਕਟ ਤੇ ਕਬੱਡੀ 'ਚ ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਿਆ | ਪੁਰਸ਼ ਤੇ ਮਹਿਲਾ ਦੋਵਾਂ ਟੀਮਾਂ ਨੇ ਸੋਨ ਤਗਮੇ ਬਰਕਰਾਰ ਰੱਖੇ | ਕਬੱਡੀ 'ਚ ਵੀ ਪੁਰਸ਼ ਤੇ ਮਹਿਲਾ ਟੀਮਾਂ ਨੇ ਖ਼ਿਤਾਬ ਆਪਣੇ ਨਾਂਅ ਕੀਤੇ | ਇਨ੍ਹਾਂ ਖੇਡਾਂ 'ਚ ਭਾਰਤ ਨੇ ਸਿਰਫ਼ ਤਗਮੇ ਨਹੀਂ ਬਚਾਏ, ਸਗੋਂ ਆਪਣੀ ਚੈਂਪੀਅਨ ਵਾਲੀ ਪਛਾਣ ਕਾਇਮ ਰੱਖ ਕੇ ਏਸ਼ੀਆ 'ਚ ਆਪਣੀ ਸਰਦਾਰੀ ਬਰਕਰਾਰ ਰੱਖੀ |
ਗੋਲਫ਼ 'ਚ ਨਵਾਂ ਇਤਿਹਾਸ-ਪਿਛਲੀਆਂ ਖੇਡਾਂ 'ਚ ਅਦਿਤੀ ਅਸ਼ੋਕ ਨੇ ਚਾਂਦੀ ਜਿੱਤ ਕੇ ਭਾਰਤ ਨੂੰ  ਮਹਿਲਾ ਗੋਲਫ਼ 'ਚ ਪਹਿਲਾ ਏਸ਼ਿਆਈ ਤਗਮਾ ਦਿਵਾਇਆ ਸੀ | ਪਰ ਇਸ ਵਾਰ ਪ੍ਰਣਵੀ ਉਰਸ ਨੇ ਇਸ ਤੋਂ ਇਕ ਕਦਮ ਅੱਗੇ ਵਧ ਕੇ ਵਿਅਕਤੀਗਤ ਸੋਨ ਤਗਮਾ ਜਿੱਤਿਆ | ਉਹ ਏਸ਼ਿਆਈ ਖੇਡਾਂ 'ਚ ਸੋਨਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਗੋਲਫ਼ਰ ਬਣੀ ਹੈ |
ਸਕੁਐਸ਼ ਤੇ ਬੈਡਮਿੰਟਨ 'ਚ ਝਟਕਾ-ਸਕੁਐਸ਼ 'ਚ ਭਾਰਤ ਨੇ ਪਿਛਲੀ ਵਾਰ ਦੇ ਦੋ ਸੋਨ ਤਗਮੇ ਗੁਆ ਲਏ | ਪੰਜ ਤਗਮਿਆਂ ਦੀ ਗਿਣਤੀ ਤਾਂ ਬਰਕਰਾਰ ਰਹੀ, ਪਰ ਇਸ ਵਾਰ ਦੋ ਚਾਂਦੀ ਤੇ ਤਿੰਨ ਕਾਂਸੀ ਦੇ ਹੀ ਮਿਲੇ | ਬੈਡਮਿੰਟਨ 'ਚ ਵੀ ਭਾਰਤ ਦੀ ਤਗਮਾ ਗਿਣਤੀ ਤਿੰਨ ਤੋਂ ਘਟ ਕੇ ਇਕ ਰਹੀ | ਹਾਂਗਝੋਊ ਦੇ ਪੁਰਸ਼ ਡਬਲਜ਼ ਸੋਨ ਤਗਮੇ ਅਤੇ ਟੀਮ ਚਾਂਦੀ ਦੀ ਥਾਂ ਇਸ ਵਾਰ ਪੁਰਸ਼ ਟੀਮ ਨੂੰ  ਕਾਂਸੀ ਨਾਲ ਸਬਰ ਕਰਨਾ ਪਿਆ |
ਰੋਇੰਗ ਤੇ ਟੈਨਿਸ ਨੇ ਕੀਤਾ ਨਿਰਾਸ਼-ਰੋਇੰਗ ਵਿਚ ਹਾਂਗਝੋਊ ਦੇ ਪੰਜ ਤਗਮਿਆਂ ਦੇ ਮੁਕਾਬਲੇ ਇਸ ਵਾਰ ਭਾਰਤ ਸਿਰਫ਼ ਇਕ ਕਾਂਸੀ ਦਾ ਤਗਮਾ ਜਿੱਤ ਸਕਿਆ | ਟੈਨਿਸ 'ਚ ਤਾਂ ਭਾਰਤ ਦੀ 36 ਸਾਲ ਪੁਰਾਣੀ ਤਗਮਾ ਲੜੀ ਹੀ ਟੁੱਟ ਗਈ | 1986 ਤੋਂ ਬਾਅਦ ਪਹਿਲੀ ਵਾਰ ਭਾਰਤ ਏਸ਼ਿਆਈ ਖੇਡਾਂ ਦੇ ਟੈਨਿਸ ਮੁਕਾਬਲਿਆਂ 'ਚ ਬਿਨਾਂ ਤਗਮੇ ਦੇ ਵਾਪਸ ਆਇਆ | ਘੋੜਸਵਾਰੀ 'ਚ ਵੀ ਹਾਂਗਝੋਊ ਦੇ ਇਕ ਸੋਨ ਤੇ ਇਕ ਕਾਂਸੀ ਦੇ ਮੁਕਾਬਲੇ ਇਸ ਵਾਰ ਭਾਰਤ ਦੇ ਹੱਥ ਖਾਲੀ ਰਹੇ |
ਨਵੀਂ ਉਮੀਦ-ਇਸ ਵਾਰ ਦੀਆਂ ਖੇਡਾਂ 'ਚ ਵੱਡੀ ਖ਼ਾਸੀਅਤ ਇਹ ਰਹੀ ਕਿ ਭਾਰਤ ਨੇ ਕੁਝ ਨਵੀਆਂ ਖੇਡਾਂ 'ਚ ਵੀ ਆਪਣੀ ਮੌਜੂਦਗੀ ਦਰਜ ਕਰਾਈ | ਸੂਚਿਕਾ ਤਰੀਆਲ ਨੇ ਐਮ.ਐਮ.ਏ. (ਮਿਕਸਡ ਮਾਰਸ਼ਲ ਆਰਟਸ) ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਨੂੰ  ਇਸ ਖੇਡ 'ਚ ਪਹਿਲਾ ਏਸ਼ਿਆਈ ਤਗਮਾ ਦਿਵਾਇਆ | ਜੈ ਮੀਨਾ ਨੇ ਸਾਫਟ ਟੈਨਿਸ 'ਚ ਅਤੇ ਕੁਰਾਸ਼ ਵਿਚ ਪਿੰਕੀ ਬਲਹਾਰਾ ਨੇ ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਨੂੰ  ਇਸ ਖੇਡ 'ਚ ਵਾਪਸ ਪੋਡੀਅਮ 'ਤੇ ਪਹੁੰਚਾਇਆ | ਮਿਕਸਡ ਡਬਲਜ਼ ਟੇਬਲ ਟੈਨਿਸ ਵਿਚ ਦੀਆ ਚਿਤਲੇ ਅਤੇ ਮਾਨੁਸ਼ ਸ਼ਾਹ ਨੇ ਕਾਂਸੀ ਜਿੱਤੀ, ਜਦਕਿ ਵੁਸ਼ੂ ਵਿਚ ਰੋਸ਼ਿਬੀਨਾ ਦੇਵੀ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ |
ਚਾਨੂ ਨੇ ਸੁਪਨਾ ਕੀਤਾ ਪੂਰਾ-ਵੇਟਲਿਫਟਿੰਗ ਵਿਚ ਮੀਰਾਬਾਈ ਚਾਨੂ ਦੀ ਚਾਂਦੀ ਵੀ ਭਾਰਤ ਲਈ ਖ਼ਾਸ ਰਹੀ | ਇਹ ਏਸ਼ਿਆਈ ਖੇਡਾਂ ਵਿਚ ਉਸ ਦਾ ਪਹਿਲਾ ਤਗਮਾ ਸੀ | ਉਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮੇ ਜਿੱਤ ਚੁੱਕੀ ਮੀਰਾਬਾਈ ਦੇ ਕਰੀਅਰ 'ਚ ਏਸ਼ਿਆਈ ਤਗਮਾ ਨਹੀਂ ਸੀ | ਨਾਗੋਇਆ ਦੀ ਚਾਂਦੀ ਨਾਲ ਉਸ ਨੇ ਇਹ ਕਮੀ ਵੀ ਪੂਰੀ ਕਰ ਲਈ |

-ਮੋਬਾਈਲ : 98729-78781

ਪਿਛਲੀ ਖ਼ਬਰ ਐੱਫ.ਜ਼ੈੱਡ. 1073 ਉਡਾਣ ਦੀ ਘਟਨਾ ਜੇਕਰ ਜਹਾਜ਼ ਵਿਚ 'ਆਫ-ਡਿਊਟੀ' ਪਾਇਲਟ ਨਾ ਹੁੰਦੇ? ਅਗਲੀ ਖ਼ਬਰ ਚੰਗੀ ਕਮਾਈ ਤੇ ਵਧੀਆ ਤੇਲ ਲਈ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀ ਕਾਸ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।