ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਹਾੜ੍ਹੀ ਤੇ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਰਾਜ ਭਰ ਵਿਚ ਲਾਏ ਜਾਂਦੇ ਕਿਸਾਨ ਮੇਲੇ ਸਾਡੇ ਖੇਤੀਬਾੜੀ ਵਿਗਿਆਨ ਦੀ ਮਾਣਮੱਤੀ ਵਿਰਾਸਤ ਅਤੇ ਸਾਂਝੀ ਵਿਚਾਰ ਚਰਚਾ ਲਈ ਅਹਿਮ ਮੰਚ ਬਣਦੇ ਹਨ। ਪੰਜਾਬ ਵਿਚ ਵਿਗਿਆਨਕ ਖੇਤੀ ਦੀ ਵਿਰਾਸਤ ਦੀ ਸ਼ੁਰੂਆਤ ਪੀ.ਏ.ਯੂ. ਵਲੋਂ ਖੇਤੀ ਤਕਨੀਕਾਂ ਦੀ ਖੋਜ ਅਤੇ ਕਿਸਾਨਾਂ ਤੱਕ ਪਹੁੰਚਾਉਣ ਦੇ ਸਿਲਸਿਲੇ ਵਜੋਂ ਆਰੰਭ ਹੋਈ। ਹਰੀ ਕ੍ਰਾਂਤੀ ਦੌਰਾਨ ਇਸ ਭਾਵਨਾ ਨੂੰ ਬਲ ਮਿਲਿਆ ਅਤੇ ਕਿਸਾਨ ਵਿਗਿਆਨੀ ਦੀ ਸਾਂਝ ਨੇ ਭਾਰਤੀ ਖੇਤੀਬਾੜੀ ਦੇ ਨਜ਼ਰੀਏ ਨੂੰ ਬਦਲ ਕੇ ਦੇਸ਼ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ। ਕਣਕ-ਝੋਨਾ ਉਸ ਬਦਲਾਅ ਦੇ ਦੋ ਅਹਿਮ ਪੱਖ ਬਣੇ ਜਿਨ੍ਹਾਂ ਨੇ ਦਹਾਕਿਆਂ ਤੱਕ ਸਥਿਰਤਾ, ਯਕੀਨੀ ਖਰੀਦ ਤੇ ਆਰਥਿਕ ਭਰੋਸਾ ਪ੍ਰਦਾਨ ਕੀਤਾ।
ਖੇਤੀਬਾੜੀ ਪ੍ਰਣਾਲੀਆਂ ਨੂੰ ਬਿਨਾਂ ਸ਼ੱਕ ਸਮੇਂ ਦੇ ਨਾਲ ਬਦਲਣਾ ਅਤੇ ਵਿਕਸਤ ਹੋਣਾ ਚਾਹੀਦਾ ਹੈ। ਕਣਕ ਝੋਨੇ ਵਾਲਾ ਰਵਾਇਤੀ ਉਤਪਾਦਨ ਮਾਡਲ ਜੋ ਕਦੇ ਖੁਸ਼ਹਾਲੀ ਪ੍ਰਦਾਨ ਕਰਦਾ ਸੀ, ਹੁਣ ਕੁਦਰਤੀ ਸਰੋਤਾਂ 'ਤੇ ਕਾਫ਼ੀ ਦਬਾਅ ਦਾ ਕਾਰਨ ਬਣ ਕੇ ਭਵਿੱਖ ਬਾਰੇ ਸੰਜੀਦਾ ਚਰਚਾ ਲਈ ਮਜਬੂਰ ਕਰ ਰਿਹਾ ਹੈ। ਪਿਛਲੇ ਚਾਰ-ਪੰਜ ਦਹਾਕਿਆਂ ਦੌਰਾਨ ਪੰਜਾਬ ਦੀ ਖੇਤੀਬਾੜੀ ਹੌਲੀ-ਹੌਲੀ ਝੋਨਾ-ਕਣਕ ਫ਼ਸਲੀ ਪ੍ਰਣਾਲੀ ਵਿਚ ਵਟ ਗਈ ਹੈ, ਜਿਸ 'ਚ ਸਾਉਣੀ ਦੇ ਮੌਸਮ ਵਿਚ ਝੋਨਾ ਤੇ ਹਾੜ੍ਹੀ ਦੇ ਮੌਸਮ 'ਚ ਕਣਕ ਸਾਡੇ ਵਧੇਰੇ ਕਾਸ਼ਤ ਖੇਤਰ 'ਚ ਭਾਰੂ ਹੁੰਦੀ ਹੈ।
ਸਭ ਤੋਂ ਗੰਭੀਰ ਪ੍ਰਭਾਵ ਧਰਤੀ ਹੇਠਲੇ ਪਾਣੀ ਦੇ ਸਰੋਤਾਂ 'ਤੇ ਪਿਆ ਹੈ। ਝੋਨੇ ਦੀ ਕਾਸ਼ਤ ਲਈ ਪਾਣੀ ਵੱਡੀ ਮਾਤਰਾ ਵਿਚ ਵਰਤਿਆ ਜਾਂਦਾ ਹੈ। ਬਹੁਤੇ ਜ਼ਿਲ੍ਹਿਆਂ ਵਿਚ ਪਾਣੀ ਦਾ ਪੱਧਰ ਚਿੰਤਾਜਨਕ ਰੂਪ 'ਚ ਡਿਗਿਆ ਹੈ, ਜਿਸ ਨਾਲ ਡੂੰਘੇ ਬੋਰਾਂ ਦੀ ਲੋੜ ਸਿੰਜਾਈ ਦੀਆਂ ਲਾਗਤਾਂ ਨੂੰ ਵਧਾ ਰਹੀ ਹੈ। ਜੇਕਰ ਹਾਲਾਤ ਨੂੰ ਸੰਭਾਲਿਆ ਨਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੰਜਾਈ ਤੇ ਪੀਣ ਯੋਗ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਹਾਕਿਆਂ ਤੋਂ ਲਗਾਤਾਰ ਝੋਨਾ-ਕਣਕ ਦੀ ਕਾਸ਼ਤ ਨੇ ਭੂਮੀ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਸਮੇਂ ਦੇ ਨਾਲ ਮਿੱਟੀ ਜੈਵਿਕ ਤੱਤਾਂ ਤੋਂ ਵਾਂਝੀ ਤੇ ਘੱਟ ਲਚਕੀਲੀ ਹੁੰਦੀ ਗਈ, ਜਿਸ ਲਈ ਵੱਧ ਖਾਦਾਂ ਦੀ ਲੋੜ ਪੈਂਦੀ ਹੈ। ਸੂਖਮ ਪੌਸ਼ਟਿਕ ਤੱਤਾਂ ਖ਼ਾਸ ਕਰਕੇ ਮੈਗਨੀਜ਼ ਦੀ ਘਾਟ ਉਤਪਾਦਨ ਲਾਗਤਾਂ ਨੂੰ ਹੋਰ ਵਧਾਉਂਦੀ ਹੈ ਅਤੇ ਖੇਤੀ ਕਰਨਾ ਲੰਮੇ ਸਮੇਂ ਲਈ ਲਾਭਦਾਇਕ ਨਹੀਂ ਰਹਿੰਦਾ।
ਪੰਜਾਬ ਵਿਚ ਰਵਾਇਤੀ ਖੇਤੀ ਪ੍ਰਣਾਲੀ ਵਿਚ ਅਨਾਜ ਫ਼ਸਲਾਂ, ਹਰੇ ਚਾਰੇ, ਰੁੱਖਾਂ ਅਤੇ ਪਸ਼ੂਆਂ ਦਾ ਸੁਮੇਲ ਆਉਂਦਾ ਹੈ। ਇਸ ਨਾਲ ਵਾਤਾਵਰਨ ਤੇ ਕਾਸ਼ਤਕਾਰੀ ਸੰਤੁਲਨ ਅਤੇ ਸਵੈ ਨਿਰਭਰਤਾ ਕਾਇਮ ਹੁੰਦੀ ਹੈ। ਕਣਕ-ਝੋਨੇ ਵਾਲੇ ਚੱਕਰ ਨੇ ਇਸ ਭਿੰਨਤਾ ਨੂੰ ਤੇਜ਼ੀ ਨਾਲ ਘਟਾਇਆ ਹੈ। ਸਿਰਫ਼ ਦੋ ਫ਼ਸਲਾਂ ਦੇ ਦਬਦਬੇ ਵਾਲੇ ਖੇਤ ਘੱਟ ਲਾਭਦਾਇਕ ਕੀੜਿਆਂ, ਪੰਛੀਆਂ ਤੇ ਸੂਖਮ ਜੀਵਾਂ ਦੀ ਪਰਵਰਿਸ਼ ਕਰਕੇ ਕੀਟਾਂ ਦੇ ਕੁਦਰਤੀ ਵਿਧਾਨ ਕਮਜ਼ੋਰ ਕਰਦੇ ਹਨ। ਨਤੀਜਨ ਕੀੜਿਆਂ ਦਾ ਪ੍ਰਕੋਪ ਵਧ ਗਿਆ, ਜਿਸ ਨਾਲ ਰਸਾਇਣਕ ਕੀਟਨਾਸ਼ਕਾਂ 'ਤੇ ਨਿਰਭਰਤਾ ਵੀ ਵਧ ਗਈ। ਬਹੁਤ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਮਿੱਟੀ ਤੇ ਪਾਣੀ ਨੂੰ ਦੂਸ਼ਿਤ ਕਰਕੇ ਮਨੁੱਖੀ ਸਿਹਤ ਲਈ ਜ਼ੋਖ਼ਮ ਪੈਦਾ ਕਰਦੀ ਹੈ ਤੇ ਲਾਭਦਾਇਕ ਜੀਵਾਂ ਨੂੰ ਘਟਾਉਂਦੀ ਹੈ, ਜਿਸ ਵਿਚ ਫ਼ਸਲ ਉਤਪਾਦਕਤਾ ਲਈ ਜ਼ਰੂਰੀ ਪਰਾਗ ਤੱਤ ਵੀ ਸ਼ਾਮਿਲ ਹੁੰਦੇ ਹਨ।
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨਾ ਝੋਨਾ-ਕਣਕ ਪ੍ਰਣਾਲੀ ਨਾਲ ਜੁੜੀ ਇਕ ਹੋਰ ਮਹੱਤਵਪੂਰਨ ਚੁਣੌਤੀ ਹੈ। ਝੋਨੇ ਦੀ ਕਟਾਈ ਤੇ ਕਣਕ ਦੀ ਬਿਜਾਈ ਦੇ ਵਿਚਕਾਰ ਘੱਟ ਵਕਫ਼ਾ ਰਹਿੰਦ-ਖੂੰਹਦ ਪ੍ਰਬੰਧਨ ਲਈ ਘੱਟ ਸਮਾਂ ਦਿੰਦਾ ਹੈ। ਪਰਾਲੀ ਸਾੜਨ ਨਾਲ ਧੂੰਆਂ ਤੇ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ, ਜੋ ਹਵਾ 'ਚ ਮਿਲ ਕੇ ਗੰਭੀਰ ਸਥਿਤੀ ਬਣਾਉਦੀਆਂ ਹਨ। ਜਨਤਕ ਸਿਹਤ ਦੇ ਮਾੜੇ ਪ੍ਰਭਾਵਾਂ ਤੋਂ ਇਲਾਵਾ ਇਹ ਕੀਮਤੀ ਜੈਵਿਕ ਪਦਾਰਥ ਜੋ ਮਿੱਟੀ ਨੂੰ ਹੋਰ ਅਮੀਰ ਬਣਾਉਂਦੇ ਹਨ, ਦਾ ਨੁਕਸਾਨ ਵੀ ਹੁੰਦਾ ਹੈ। ਮਲਚਿੰਗ ਤੇ ਜੈਵਿਕ ਖਾਦ ਬਣਾਉਣ ਰਾਹੀਂ ਬਿਹਤਰ ਰਹਿੰਦ-ਖੂੰਹਦ ਪ੍ਰਬੰਧਨ ਮਿੱਟੀ ਦੇ ਕਾਰਬਨ ਨੂੰ ਵਧਾ ਸਕਦਾ ਹੈ ਤੇ ਹੌਲੀ-ਹੌਲੀ ਹਵਾ ਪ੍ਰਦੂਸ਼ਣ ਅਤੇ ਰਸਾਇਣਕ ਲਾਗਤਾਂ 'ਤੇ ਸਾਡੀ ਨਿਰਭਰਤਾ ਨੂੰ ਘਟਾ ਸਕਦਾ ਹੈ।
ਜਲਵਾਯੂ ਪਰਿਵਰਤਨਸ਼ੀਲਤਾ ਨੇ ਦੋ ਫ਼ਸਲੀ ਆਧਾਰਿਤ ਪ੍ਰਣਾਲੀ ਦੀਆਂ ਕਮਜ਼ੋਰੀਆਂ ਨੂੰ ਹੋਰ ਵੀ ਉਜਾਗਰ ਕੀਤਾ ਹੈ। ਵਧਦਾ ਤਾਪਮਾਨ, ਅਨਿਯਮਿਤ ਬਾਰਿਸ਼ ਅਤੇ ਮਹੱਤਵਪੂਰਨ ਵਿਕਾਸ ਪੜਾਵਾਂ ਦੌਰਾਨ ਗਰਮੀ ਦਾ ਤਣਾਅ ਖੇਤੀਬਾੜੀ ਉਪਜ ਨੂੰ ਵੱਧ ਤੋਂ ਵੱਧ ਅਣਕਿਆਸੀ ਬਣਾ ਰਿਹਾ ਹੈ। ਵਾਰ-ਵਾਰ ਸਖ਼ਤ ਮੌਸਮੀ ਘਟਨਾਵਾਂ ਇਕ ਜਾਂ ਦੋ ਪ੍ਰਮੁੱਖ ਫ਼ਸਲਾਂ 'ਤੇ ਨਿਰਭਰਤਾ ਦੀ ਕਮਜ਼ੋਰੀ ਨੂੰ ਉਜਾਗਰ ਕਰਦੀ ਹੈ। ਇਸ ਦੇ ਜਵਾਬ ਵਜੋਂ ਖੇਤੀ ਭਿੰਨਤਾ ਲਾਜ਼ਮੀ ਬਦਲ ਬਣਦੀ ਹੈ। ਫ਼ਸਲ ਕਾਸ਼ਤਕਾਰੀ ਦਾ ਦਾਇਰਾ ਵਧਾ ਕੇ ਕਿਸਾਨ ਜੋਖ਼ਮ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਤਬਦੀਲ ਕਰ ਸਕਦੇ ਹਨ ਅਤੇ ਜਲਵਾਯੂ ਅਨਿਸਚਿਤਤਾ ਦੇ ਵਿਰੁੱਧ ਉਸਾਰੂ ਢੰਗਾਂ ਨੂੰ ਵਧਾ ਸਕਦੇ ਹਨ।
ਹਾਲੀਆ ਰੁਝਾਨ ਇਸ ਉਤਪਾਦਨ ਲੋੜ ਨੂੰ ਹੋਰ ਮਜ਼ਬੂਤ ਕਰਦੇ ਹਨ। ਬਹੁਤੇ ਖੇਤਰਾਂ 'ਚ ਝੋਨੇ-ਕਣਕ ਭਾਰੂ ਰਹਿਣ ਕਾਰਨ ਰਕਬੇ ਅਤੇ ਉਤਪਾਦਕਤਾ ਦੋਵਾਂ 'ਚ ਵਾਧਾ ਮੱਧਮ ਹੋਇਆ ਹੈ। ਇਸ ਦੇ ਉਲਟ ਬਾਗਬਾਨੀ ਖੇਤਰ 'ਚ ਉਤਸ਼ਾਹਜਨਕ ਵਾਧਾ ਦੇਖਣ ਨੂੰ ਮਿਲਿਆ ਹੈ। ਫ਼ਲਾਂ ਤੇ ਸਬਜ਼ੀਆਂ ਹੇਠਲਾ ਰਕਬਾ ਕਾਫ਼ੀ ਵਧਿਆ ਹੈ, ਜਿਸ ਨਾਲ ਉਤਪਾਦਨ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ। ਕਿੰਨੂ, ਅਮਰੂਦ, ਅੰਬ, ਨਾਸ਼ਪਾਤੀ, ਆਲੂ, ਪਿਆਜ਼, ਟਮਾਟਰ, ਮਟਰ ਤੇ ਹੋਰ ਸਬਜ਼ੀਆਂ ਵਰਗੀਆਂ ਫ਼ਸਲਾਂ ਦਰਸਾਉਂਦੀਆਂ ਹਨ ਕਿ ਭਿੰਨਤਾ ਆਰਥਿਕ ਤੌਰ 'ਤੇ ਲਾਭਦਾਇਕ ਤੇ ਵਾਤਾਵਰਨ ਲਈ ਲਾਭਕਾਰੀ ਹੋ ਸਕਦੀ ਹੈ। ਇਨ੍ਹਾਂ 'ਚੋਂ ਬਹੁਤ ਸਾਰੀਆਂ ਫ਼ਸਲਾਂ ਨੂੰ ਵੱਧ ਆਮਦਨ ਦੇ ਬਾਵਜੂਦ ਝੋਨੇ ਨਾਲੋਂ ਘੱਟ ਪਾਣੀ ਦੀ ਲੋੜ ਹੁੰਦੀ ਹੈ।
ਦਾਲਾਂ ਤੇ ਤੇਲ ਬੀਜਾਂ ਨੂੰ ਫ਼ਸਲੀ ਚੱਕਰ ਵਿਚ ਜੋੜਨ ਨਾਲ ਵਾਤਾਵਰਨ ਸੰਤੁਲਨ ਮੁੜ ਬਹਾਲ ਕੀਤਾ ਜਾ ਸਕਦਾ ਹੈ। ਦਾਲਾਂ ਜੈਵਿਕ ਨਾਈਟ੍ਰੋਜਨ ਨਿਰਧਾਰਨ ਦੁਆਰਾ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀਆਂ ਹਨ ਅਤੇ ਕੀੜਿਆਂ ਤੇ ਬਿਮਾਰੀ ਦੇ ਚੱਕਰ ਨੂੰ ਤੋੜਨ ਵਿਚ ਮਦਦ ਕਰਦੀਆਂ ਹਨ। ਮੂੰਗੀ, ਮਾਂਹ, ਛੋਲੇ, ਸਰ੍ਹੋਂ, ਸੂਰਜਮੁਖੀ, ਕਪਾਹ, ਬਾਸਮਤੀ ਅਤੇ ਮੱਕੀ ਵਰਗੀਆਂ ਫ਼ਸਲਾਂ ਪੰਜਾਬ ਦੀਆਂ ਖੇਤੀਬਾੜੀ-ਜਲਵਾਯੂ ਸਥਿਤੀਆਂ ਦੇ ਅਨੁਕੂਲ ਹਨ ਕਿਉਂਕਿ ਇਨ੍ਹਾਂ ਨੂੰ ਸਿੰਜਾਈ ਦੀ ਲੋੜ ਘੱਟ ਹੁੰਦੀ ਹੈ। ਬਾਗਬਾਨੀ ਤੇ ਸਬਜ਼ੀਆਂ ਦੀ ਕਾਸ਼ਤ ਵਿਚ ਵਾਧਾ ਨਾ ਸਿਰਫ਼ ਖੇਤੀ ਆਮਦਨ ਨੂੰ ਮਜ਼ਬੂਤ ਕਰਦਾ ਹੈ ਤੇ ਰੁਜ਼ਗਾਰ ਪੈਦਾ ਕਰਦਾ ਹੈ, ਸਗੋਂ ਫ਼ਲਾਂ ਤੇ ਸਬਜ਼ੀਆਂ ਦੁਆਰਾ ਪੋਸ਼ਣ ਸੁਰੱਖਿਆ ਦਾ ਵੀ ਸਮਰਥਨ ਕਰਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਰਾਜ ਦਾ ਪਸਾਰ ਢਾਂਚਾ ਇਸ ਤਬਦੀਲੀ ਨੂੰ ਸੁਚਾਰੂ ਬਣਾਉਣ ਲਈ ਸੁਧਰੀਆਂ ਕਿਸਮਾਂ ਅਤੇ ਸਰੋਤ-ਪੱਖੀ ਤਕਨਾਲੋਜੀਆਂ ਦਾ ਵਿਕਾਸ ਅਤੇ ਪ੍ਰਸਾਰ ਲਗਾਤਾਰ ਕਰ ਰਿਹਾ ਹੈ। ਸਿੱਧੀ ਬਿਜਾਈ ਵਾਲਾ ਝੋਨਾ, ਤੁਪਕਾ ਸਿੰਜਾਈ ਅਤੇ ਸ਼ੁੱਧ ਪੌਸ਼ਟਿਕ ਪ੍ਰਬੰਧਨ ਵਰਗੀਆਂ ਨਵੀਨ ਵਿਧੀਆਂ ਕਿਸਾਨਾਂ ਨੂੰ ਪਾਣੀ ਅਤੇ ਖੇਤੀ ਲਾਗਤਾਂ ਦੀ ਸੁਯੋਗ ਵਰਤੋਂ ਕਰਨ ਲਈ ਤਿਆਰ ਕਰਦੀਆਂ ਹਨ। ਬਿਹਤਰ ਕੀਮਤ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਕਿਸਾਨ ਉਤਪਾਦਕ ਸੰਗਠਨਾਂ ਅਤੇ ਸਹਿਕਾਰੀ ਮਾਰਕੀਟਿੰਗ ਢਾਂਚੇ ਨੂੰ ਮਜ਼ਬੂਤ ਕਰਨਾ ਬਰਾਬਰ ਦਾ ਮਹੱਤਵਪੂਰਨ ਹੈ।
ਇਹ ਤਬਦੀਲੀ ਕਣਕ-ਝੋਨੇ ਨੂੰ ਤਿਆਗ ਕੇ ਰਾਸ਼ਟਰੀ ਭੋਜਨ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨ ਦੀ ਨਹੀਂ ਹੈ। ਇਸ ਦੀ ਥਾਂ ਇਹ ਮੁੱਦਾ ਖੇਤੀ ਦੇ ਸੰਤੁਲਨ ਲਈ ਨਵੀਂ ਰਣਨੀਤਕ ਪਹੁੰਚ ਦਾ ਹੈ। ਝੋਨੇ 'ਤੇ ਨਿਰਭਰਤਾ ਨੂੰ ਘਟਾਉਣਾ, ਪਾਣੀ ਦੀ ਸੁਚੱਜੀ ਵਰਤੋਂ ਦੇ ਤਰੀਕਿਆਂ ਨੂੰ ਅਪਣਾਉਣਾ ਅਤੇ ਜਿੱਥੇ ਸੰਭਵ ਹੋਵੇ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਨਾ ਖੇਤੀ ਭਿੰਨਤਾ ਦੇ ਅਹਿਮ ਪੜਾਅ ਹਨ। ਜੇ ਇਹ ਬਦਲਾਅ ਲਗਾਤਾਰ ਅਭਿਆਸ ਦਾ ਹਿੱਸਾ ਬਣਨ ਤਾਂ ਅਰਥਪੂਰਨ ਤਬਦੀਲੀ ਲਿਆ ਸਕਦੇ ਹਨ।
ਇਸ ਤਰ੍ਹਾਂ ਖੇਤੀ ਭਿੰਨਤਾ ਅਪਣਾ ਕੇ ਅਸੀਂ ਫ਼ਸਲਾਂ ਦੀ ਕਾਸ਼ਤ ਤੋਂ ਵੱਧ ਆਪਣੀ ਕੁਦਰਤੀ ਵਿਰਾਸਤ ਦੀ ਰੱਖਿਆ ਕਰ ਸਕਦੇ ਹਾਂ, ਖੇਤੀ ਆਮਦਨ ਨੂੰ ਮਜ਼ਬੂਤ ਕਰ ਸਕਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਲਚਕੀਲਾ ਤੇ ਖੁਸ਼ਹਾਲ ਭਵਿੱਖ ਸੁਰੱਖਿਅਤ ਕਰ ਸਕਦੇ ਹਾਂ।
-ਨਿਰਦੇਸ਼ਕ ਪਸਾਰ ਸਿੱਖਿਆ,
ਪੀ.ਏ.ਯੂ. ਲੁਧਿਆਣਾ।