ਪੰਜਾਬ ਦੀ ਸਾਰੀ ਖੇਤੀ ਭਾਵੇਂ ਮਸ਼ੀਨੀ ਹੋ ਗਈ ਹੈ ਪਰ ਫਿਰ ਵੀ ਪਸ਼ੂਆਂ ਦੀ ਗਿਣਤੀ 80 ਲੱਖ ਤੋਂ ਵੱਧ ਹੈ। ਇਨ੍ਹਾਂ ਲਈ ਹਰ ਸਾਲ ਕੋਈ 900 ਲੱਖ ਟਨ ਹਰਾ ਚਾਰਾ ਚਾਹੀਦਾ ਹੁੰਦਾ ਹੈ ਪਰ ਪੰਜਾਬ ਵਿਚ ਇਸ ਸਮੇਂ ਚਾਰੇ ਦੀ ਪੈਦਾਵਾਰ 700 ਲੱਖ ਟਨ ਤੋਂ ਵੀ ਘੱਟ ਹੈ। ਸੂਬੇ ਵਿਚ ਜਿੱਥੇ ਚਾਰੇ ਹੇਠ ਰਕਬੇ ਵਿਚ ਵਾਧਾ ਕਰਨ ਦੀ ਲੋੜ ਹੈ, ਉੱਥੇ ਪਸ਼ੂਆਂ ਦੀ ਗਿਣਤੀ ਵਿਚ ਵੀ ਵਾਧਾ ਕਰਨਾ ਜ਼ਰੂਰੀ ਹੈ। ਡੇਅਰੀ ਦੇ ਧੰਦੇ ਲਈ ਪੰਜਾਬ ਸਭ ਤੋਂ ਢੁਕਵਾਂ ਹੈ। ਸਾਰੀ ਧਰਤੀ ਸੇਂਜੂ ਹੋਣ ਕਰਕੇ ਸਾਰਾ ਸਾਲ ਹਰਾ ਚਾਰਾ ਮਿਲ ਸਕਦਾ ਹੈ। ਉਂਝ ਵੀ ਛੋਟੇ ਕਿਸਾਨਾਂ ਦੀ ਆਮਦਨ ਵਿਚ ਵਾਧੇ ਲਈ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਇਸ ਸਮੇਂ ਵੀ ਸੂਬੇ ਵਿਚ ਦੁੱਧ ਦੀ ਪ੍ਰਤੀ ਡੰਗਰ ਪ੍ਰਾਪਤੀ ਸਾਰੇ ਦੇਸ਼ ਤੋਂ ਵੱਧ ਹੈ। ਇੱਥੇ ਦੇਸ਼ ਦੇ ਸਾਰੇ ਡੰਗਰਾਂ ਦਾ ਕੋਈ ਦੋ ਫ਼ੀਸਦੀ ਹੈ ਪਰ ਦੁੱਧ ਦੇਸ਼ ਦੀ ਕੁੱਲ ਪੈਦਾਵਾਰ ਦਾ ਅੱਠ ਫ਼ੀਸਦੀ ਹੈ। ਚੰਗੇ ਪਸ਼ੂ ਪ੍ਰਬੰਧ ਅਤੇ ਹਰੇ ਚਾਰੇ ਵਿਚ ਵਾਧੇ ਨਾਲ ਦੁੱਧ ਦੀ ਮਿਕਦਾਰ ਵਿਚ ਵਾਧਾ ਕੀਤਾ ਜਾ ਸਕਦਾ ਹੈ।
ਅਗੇਤੀ ਕਣਕ ਦੀ ਵਾਢੀ ਨਾਲ ਵਿਹਲੇ ਹੋਏ ਖੇਤਾਂ ਵਿਚ ਹਰੇ ਚਾਰੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਅਪ੍ਰੈਲ ਦਾ ਮਹੀਨਾ ਸਾਉਣੀ ਦੇ ਸਾਰੇ ਹਰੇ ਚਾਰਿਆਂ ਦੀ ਬਿਜਾਈ ਲਈ ਢੁਕਵਾਂ ਹੈ। ਇਸ ਮਹੀਨੇ ਮੱਕੀ, ਬਾਜਰਾ, ਚਰ੍ਹੀ, ਵਧੇਰੇ ਲੌਅ ਦੇਣ ਵਾਲੀ ਚਰ੍ਹੀ, ਦੋਗਲਾ ਨੇਪੀਅਰ ਬਾਜਰਾ, ਗਿੰਨੀ ਘਾਹ ਤੇ ਰਵਾਂਹ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਜੇਕਰ ਚਾਰੇ ਦੀਆਂ ਫ਼ਸਲਾਂ ਵਿਚ ਰਵਾਂਹ ਰਲਾ ਕੇ ਬੀਜੇ ਜਾਣ ਤਾਂ ਚਾਰੇ ਦੀ ਪੌਸ਼ਟਿਕਤਾ ਵਿਚ ਵਾਧਾ ਕੀਤਾ ਜਾ ਸਕਦਾ ਹੈ। ਗਰਮੀਆਂ ਵਿਚ ਲਵੇਰਿਆਂ ਦਾ ਦੁੱਧ ਘਟ ਜਾਂਦਾ ਹੈ। ਗਰਮੀ ਦੇ ਨਾਲੋਂ ਨਾਲ ਇਸ ਦਾ ਇਕ ਕਾਰਨ ਹਰੇ ਚਾਰੇ ਦੀ ਘਾਟ ਵੀ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਜਿਹੜਾ ਵੀ ਖੇਤ ਖਾਲੀ ਹੈ, ਉੱਥੇ ਹਰੇ ਚਾਰੇ ਦੀ ਬਿਜਾਈ ਸ਼ੁਰੂ ਕੀਤੀ ਜਾਵੇ।
ਬਰਸੀਮ ਵੀ ਇਸ ਮਹੀਨੇ ਖਤਮ ਹੋ ਜਾਂਦੀ ਹੈ। ਇੰਝ ਹਰੇ ਚਾਰੇ ਦੀ ਘਾਟ ਆ ਜਾਂਦੀ ਹੈ। ਆਖਰੀ ਕਟਾਈ ਦੀ ਥਾਂ ਫ਼ਸਲ ਨੂੰ ਪੱਕਣ ਦੇਵੋ ਤਾਂ ਜੋ ਅਗਲੇ ਸਾਲ ਲਈ ਬੀਜ ਪ੍ਰਾਪਤ ਹੋ ਸਕੇ। ਚਾਰੇ ਦੀ ਫ਼ਸਲ 'ਤੇ ਕਿਸੇ ਵੀ ਕੀਟਨਾਸ਼ਕ ਤੇ ਨਦੀਨ ਨਾਸ਼ਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਬਹੁਤ ਜ਼ਰੂਰੀ ਹੋ ਜਾਵੇ ਤਾਂ ਮਾਹਿਰਾਂ ਦੀ ਸਲਾਹ ਤੋਂ ਬਗੈਰ ਇਨ੍ਹਾਂ ਦੀ ਵਰਤੋਂ ਨਾ ਕੀਤੀ ਜਾਵੇ। ਛਿੜਕਾਅ ਪਿੱਛੋਂ ਚਾਰੇ ਨੂੰ ਉਨੇ ਦਿਨ ਨਾ ਕੱਟਿਆ ਜਾਵੇ, ਜਿੰਨੇ ਦਿਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਚਾਰੇ ਦੀ ਫ਼ਸਲ ਨੂੰ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਰਸਾਇਣਕ ਖਾਦਾਂ ਨਹੀਂ ਪਾਉਣੀਆਂ ਚਾਹੀਦੀਆਂ, ਜਿੱਥੋਂ ਤੱਕ ਹੋ ਸਕੇ ਰੂੜੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ।
ਮੱਕੀ ਇਕ ਵਧੀਆ ਚਾਰਾ ਹੈ, ਜਿਸ ਨੂੰ ਪਸ਼ੂ ਖ਼ੁਸ਼ ਹੋ ਕੇ ਖਾਂਦੇ ਹਨ। ਇਹ ਦੋ ਮਹੀਨਿਆਂ ਵਿਚ ਕਟਾਈ ਲਈ ਤਿਆਰ ਹੋ ਜਾਂਦਾ ਹੈ। ਜੇ-1008 ਤੇ ਜੇ-1007 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਤੋਂ ਕੋਈ 165 ਕੁਇੰਟਲ ਹਰਾ ਚਾਰਾ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ। ਇਕ ਏਕੜ ਲਈ 30 ਕਿਲੋ ਬੀਜ ਦੀ ਲੋੜ ਪੈਂਦੀ ਹੈ। ਚਰ੍ਹੀ ਇਕ ਅਜਿਹਾ ਚਾਰਾ ਹੈ, ਜਿਹੜਾ ਦੂਜਿਆਂ ਦੇ ਮੁਕਾਬਲੇ ਸਭ ਤੋਂ ਵੱਧ ਰਕਬੇ ਵਿਚ ਬੀਜਿਆ ਜਾਂਦਾ ਹੈ। ਐਸਐਲ-44, ਐਸਐਲ-45, ਐਸਐਲ-46 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਸ ਦਾ ਇਕ ਏਕੜ 'ਚੋਂ 240 ਕੁਇੰਟਲ ਚਾਰਾ ਪ੍ਰਾਪਤ ਹੋ ਜਾਂਦਾ ਹੈ। ਇਕ ਏਕੜ ਲਈ 25 ਕਿਲੋ ਬੀਜ ਚਾਹੀਦਾ ਹੈ। ਚਰ੍ਹੀ ਦੀਆਂ ਅਜਿਹੀਆਂ ਕਿਸਮਾਂ ਵੀ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਕਈ ਕਟਾਈਆਂ ਪ੍ਰਾਪਤ ਹੋ ਜਾਂਦੀਆਂ ਹਨ। ਪੰਜਾਬ ਸੂਡਕੈਸ ਚਰ੍ਹੀ-4 ਅਤੇ ਪੰਜਾਬ ਸੂਡਕੇਸ ਚਰ੍ਹੀ ਇਸ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਤੋਂ 450 ਕੁਇੰਟਲ ਤੋਂ ਵੀ ਵੱਧ ਪ੍ਰਤੀ ਏਕੜ ਹਰਾ ਚਾਰਾ ਮਿਲ ਜਾਂਦਾ ਹੈ। ਇਕ ਏਕੜ ਲਈ 15 ਕਿਲੋ ਬੀਜ ਦੀ ਲੋੜ ਪੈਂਦੀ ਹੈ। ਬਾਜਰਾ ਇਕ ਹੋਰ ਹਰਾ ਚਾਰਾ ਹੈ, ਜਿਸ ਨੂੰ ਚੋਖਾ ਪਸੰਦ ਕੀਤਾ ਜਾਂਦਾ ਹੈ। ਰੇਤਲੇ ਇਲਾਕਿਆਂ ਵਿਚ ਤਾਂ ਬਿਜਾਈ ਹੀ ਬਾਜਰੇ ਦੀ ਕੀਤੀ ਜਾਂਦੀ ਹੈ। ਪੀਸੀਬੀ-164, ਪੀਸੀਬੀ-165 ਅਤੇ ਪੀਸੀਬੀ-166 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਕ ਏਕੜ ਲਈ ਅੱਠ ਕਿਲੋ ਬੀਜ ਵਰਤੋ ਪਰ ਬੀਜ ਨੂੰ ਬੀਜਣ ਤੋਂ ਪਹਿਲਾਂ ਐਗਰੋਜ਼ੀਮ ਅਤੇ ਕੈਪਟਾਨ ਜਾਂ ਥੀਰਮ ਜ਼ਹਿਰ ਨਾਲ ਸੋਧ ਲਵੋ। ਰਵਾਂਹ ਇਕ ਪੌਸ਼ਟਿਕ ਚਾਰਾ ਹੈ। ਇਸ ਨੂੰ ਮੱਕੀ ਤੇ ਚਰ੍ਹੀ ਵਿਚ ਰਲ਼ਾ ਕੇ ਵੀ ਬੀਜਿਆ ਜਾਂਦਾ ਹੈ। ਸੀਐਲ-367 ਸਿਫ਼ਾਰਸ਼ ਕੀਤੀ ਕਿਸਮ ਹੈ। ਇਕ ਏਕੜ 'ਚੋਂ ਕੋਈ 108 ਕੁਇੰਟਲ ਹਰਾ ਚਾਰਾ ਪ੍ਰਾਪਤ ਹੋ ਜਾਂਦਾ ਹੈ। ਇਸ ਲਈ 12 ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਘਰ ਵਿਚ ਲਵੇਰਾ ਜ਼ਰੂਰ ਰੱਖੋ ਤਾਂ ਜੋ ਘਰ ਦਾ ਸ਼ੁੱਧ ਦੁੱਧ, ਮੱਖਣ ਤੇ ਘਿਓ ਵਰਤਿਆ ਜਾ ਸਕੇ। ਪੰਜਾਬੀ ਜਿਹੜੇ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦਾ ਗਲਾਸ ਪੀਂਦੇ ਸੀ ਤੇ ਸਵੇਰ ਅਧਰਿੜਕਾ, ਉਨ੍ਹਾਂ ਨੇ ਹੁਣ ਕੁਝ ਮਾੜੀਆਂ ਅਲਾਮਤਾਂ ਅਪਣਾ ਲਈਆਂ ਹਨ। ਇਸੇ ਕਰਕੇ ਉਹ ਵੀ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ ਅਤੇ ਸਰੀਰਕ ਪੱਖੋਂ ਕਮਜ਼ੋਰ ਹੋ ਰਹੇ ਹਨ। ਚੰਗਾ, ਸ਼ੁੱਧ ਅਤੇ ਤਾਜ਼ਾ ਖਾਓ। ਮਿਹਨਤ ਕਰੋ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਸੰਭਾਲਿਆ ਜਾ ਸਕੇ।
-ਮੋਬਾਈਲ : 94170-87328