01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਇਤਿਹਾਸ ਤੋਂ ਸਬਕ ਕਿਉਂ ਨਹੀਂ ਸਿੱਖਿਆ ਗਿਆ?

ਇਤਿਹਾਸ ਤੋਂ ਸਬਕ ਕਿਉਂ ਨਹੀਂ ਸਿੱਖਿਆ ਗਿਆ?

ਅਜੀਤ ਡੈਸਕ 01-11-2026
ਨਵੰਬਰ 1984 ਦਾ ਸਿੱਖ ਕਤਲੇਆਮ ਭਾਰਤੀ ਜਮਹੂਰੀਅਤ ਦੇ ਇਤਿਹਾਸ ਦਾ ਉਹ ਕਾਲਾ ਅਧਿਆਇ ਹੈ, ਜਿਸ ਨੂੰ ਸਮਾਂ ਬੀਤਣ ਨਾਲ ਭੁਲਾਇਆ ਨਹੀਂ ਜਾ ਸਕਦਾ | ਇਸ ਦੀ ਪੀੜਾ ਸਿਰਫ਼ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਤੱਕ ਸੀਮਤ ਨਹੀਂ, ਬਲਕਿ ਇਸ ਕਤਲੇਆਮ ਨੇ ਭਾਰਤ ਦੇ ਸੰਵਿਧਾਨਕ ਪ੍ਰਬੰਧ, ਕਾਨੂੰਨ ਦੇ ਰਾਜ, ਪੁਲਿਸ ਦੀ ਨਿਰਪੱਖਤਾ ਅਤੇ ਨਿਆਂਪ੍ਰਣਾਲੀ ਦੀ ਕਾਰਗੁਜ਼ਾਰੀ ਬਾਰੇ ਵੀ ਬੁਨਿਆਦੀ ਸਵਾਲ ਖੜ੍ਹੇ ਕੀਤੇ ਹਨ | 42 ਸਾਲ ਬੀਤ ਜਾਣ ਦੇ ਬਾਵਜੂਦ ਇਹ ਸਵਾਲ ਜਿਉਂ ਦੇ ਤਿਉਂ ਖੜ੍ਹੇ ਹਨ |
31 ਅਕਤੂਬਰ 1984 ਨੂੰ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਦੋ ਸਿੱਖ ਅੰਗ-ਰੱਖਿਅਕਾਂ ਵਲੋਂ, ਜੂਨ 1984 'ਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੇ ਰੋਸ ਵਿਚ ਹੱਤਿਆ ਕਰਨ ਤੋਂ ਬਾਅਦ, ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ 18 ਸੂਬਿਆਂ ਦੇ 110 ਸ਼ਹਿਰਾਂ ਵਿਚ ਸਿੱਖਾਂ ਵਿਰੁੱਧ ਯੋਜਨਾਬੱਧ ਤਰੀਕੇ ਨਾਲ ਨਰਸੰਹਾਰ ਹੋਇਆ ਸੀ | ਨਿਹੱਥੇ ਸਿੱਖਾਂ ਨੂੰ ਘਰਾਂ 'ਚੋਂ ਕੱਢ ਕੇ ਮਾਰਿਆ ਗਿਆ, ਜਿਉਂਦੇ ਸਾੜਿਆ ਗਿਆ, ਔਰਤਾਂ ਵਿਰੁੱਧ ਜਿਨਸੀ ਹਿੰਸਾ ਹੋਈ ਅਤੇ ਘਰਾਂ, ਦੁਕਾਨਾਂ ਤੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਸਰਕਾਰੀ ਅੰਕੜਿਆਂ ਅਨੁਸਾਰ, ਇਸ ਦੌਰਾਨ ਦੇਸ਼ ਭਰ ਵਿਚ 3,325 ਸਿੱਖ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 2,733 ਮੌਤਾਂ ਇਕੱਲੀ ਦਿੱਲੀ ਵਿਚ ਹੋਈਆਂ | ਜਦਕਿ ਅਸਲ ਅੰਕੜੇ ਇਸ ਤੋਂ ਕਿਤੇ ਵੱਧ ਸਨ | 
ਵਿਦਵਾਨ ਰਜਨੀ ਕੋਠਾਰੀ ਅਨੁਸਾਰ 'ਜੋ ਕੁਝ ਦਿੱਲੀ ਵਿਚ ਨਵੰਬਰ 1984 ਦੇ ਸ਼ੁਰੂ ਵਿਚ ਹੋਇਆ, ਉਹ ਦੰਗੇ ਨਹੀਂ, ਸਗੋਂ ਕਿਸੇ ਸਾਜਿਸ਼ ਅਧੀਨ ਪਹਿਲਾਂ ਤੋਂ ਘੜੀ ਗਈ ਯੋਜਨਾ ਸੀ | ਇਸ ਨੂੰ ਸਿਰੇ ਚਾੜ੍ਹਨ ਲਈ ਖਿੱਤੇ ਦੀ ਚੋਣ (ਸਿੱਖਾਂ ਦੀਆਂ ਰਿਹਾਇਸ਼ੀ ਆਬਾਦੀਆਂ), ਸਾਜ਼ੋ-ਸਾਮਾਨ ਦਾ ਪ੍ਰਬੰਧ ਅਤੇ ਅਪਰਾਧ ਕਰਨ ਵਾਲੇ ਜਾਣੇ-ਪਛਾਣੇ ਸਨ | ਇਸ ਗੱਲ ਦੇ ਕਾਫੀ ਸ਼ੰਕੇ ਹਨ ਕਿ ਸਿੱਖ ਭਾਈਚਾਰੇ ਨੂੰ  ਸਬਕ ਸਿਖਾਉਣ ਦੀ ਯੋਜਨਾ ਕਿਸੇ ਨਾ ਕਿਸੇ ਪੱਧਰ 'ਤੇ ਪਹਿਲਾਂ ਹੀ ਤਿਆਰ ਕੀਤੀ ਗਈ ਸੀ | ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਨੂੰ ਢੁੱਕਵੇਂ ਸਮੇਂ ਵਜੋਂ ਵਰਤਿਆ ਗਿਆ | ਇਸ ਨੂੰ ਪੁਲਿਸ ਦੀ ਦੇਖ-ਰੇਖ ਹੇਠ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਕਹਿਣ ਤੋਂ ਬਿਨਾਂ ਹੋਰ ਨਾਂਅ ਨਹੀਂ ਦਿੱਤਾ ਜਾ ਸਕਦਾ |' ਜ਼ਾਹਿਰ ਹੈ ਕਿ ਜਦੋਂ ਕਿਸੇ ਮਨੁੱਖ ਨੂੰ ਉਸ ਦੇ ਨਾਂਅ, ਪਛਾਣ ਜਾਂ ਧਰਮ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਹੈ, ਤਾਂ ਹਮਲਾ ਸਿਰਫ਼ ਉਸ ਦੇ ਸਰੀਰ ਉੱਤੇ ਨਹੀਂ ਹੁੰਦਾ, ਬਲਕਿ ਇਹ ਸਮਾਜ ਦੇ ਨੈਤਿਕ ਆਧਾਰ ਅਤੇ ਸੰਵਿਧਾਨਕ ਬਰਾਬਰੀ ਉੱਤੇ ਵੀ ਹਮਲਾ ਹੁੰਦਾ ਹੈ |
ਜਨਵਰੀ 2026 ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਦਿੱਲੀ ਵਿਚ ਕਤਲੇਆਮ ਨਾਲ ਸਬੰਧਿਤ ਦਰਜ 587 ਮੁੱਢਲੀਆਂ ਪੁਲਿਸ ਰਿਪੋਰਟਾਂ ਵਿਚੋਂ ਸਿਰਫ਼ 28 ਮਾਮਲਿਆਂ ਵਿਚ ਦੋਸ਼ ਸਾਬਤ ਹੋਣ ਪਿੱਛੋਂ ਸਜ਼ਾਵਾਂ ਹੋਈਆਂ ਸਨ | ਇਨ੍ਹਾਂ ਵਿਚੋਂ 13 ਮਾਮਲੇ ਕਤਲ ਨਾਲ ਸਬੰਧਿਤ ਸਨ | ਇਸੇ ਰਿਪੋਰਟ ਅਨੁਸਾਰ 241 ਮਾਮਲੇ ਅਣਸੁਲਝੇ ਅਤੇ 253 ਮਾਮਲਿਆਂ ਵਿਚ ਦੋਸ਼ੀ ਬਰੀ ਹੋਏ | ਇਹ ਅੰਕੜੇ ਨਿਆਪ੍ਰਣਾਲੀ ਦੀ ਕਾਰਗੁਜ਼ਾਰੀ ਬਾਰੇ ਬੇਚੈਨ ਕਰਨ ਵਾਲੇ ਸਵਾਲ ਖੜ੍ਹੇ ਕਰਦੇ ਹਨ | ਜੇ ਕਿਸੇ ਕਤਲੇਆਮ ਤੋਂ ਬਾਅਦ ਪੀੜਤਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਕਾਤਲਾਂ ਦੀ ਪਛਾਣ ਕਰਵਾਉਣ, ਗਵਾਹੀਆਂ ਦੇਣ ਅਤੇ ਅਦਾਲਤੀ ਕਾਰਵਾਈ ਪੂਰੀ ਕਰਵਾਉਣ ਲਈ ਦਹਾਕਿਆਂ ਤੱਕ ਸੰਘਰਸ਼ ਕਰਨਾ ਪਵੇ, ਤਾਂ ਸਵਾਲ ਸਿਰਫ਼ ਵਿਅਕਤੀਗਤ ਦੋਸ਼ੀਆਂ ਦਾ ਨਹੀਂ ਰਹਿੰਦਾ, ਇਹ ਸੰਸਥਾਗਤ ਜਵਾਬਦੇਹੀ ਦਾ ਸਵਾਲ ਬਣ ਜਾਂਦਾ ਹੈ |
ਫਰਵਰੀ 2025 ਵਿਚ ਦਿੱਲੀ ਦੀ ਇਕ ਅਦਾਲਤ ਨੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲਾਂ ਨਾਲ ਸਬੰਧਤ ਮਾਮਲੇ ਵਿਚ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ | ਇਸ ਤੋਂ ਪਹਿਲਾਂ 2018 ਵਿਚ ਦਿੱਲੀ ਹਾਈਕੋਰਟ ਨੇ ਇਕ ਹੋਰ ਮਾਮਲੇ ਵਿਚ ਉਸ ਨੂੰ ਉਮਰ ਕੈਦ ਸੁਣਾਈ ਸੀ | ਅਗਸਤ 2026 ਵਿਚ ਉਸ ਦੀ ਮੌਤ ਹੋ ਗਈ | ਇਸੇ ਤਰ੍ਹਾਂ ਨਵੰਬਰ '84 ਦੇ ਕਤਲੇਆਮ ਦੇ ਹੋਰ ਬਹੁਤ ਸਾਰੇ ਦੋਸ਼ੀ ਕਾਨੂੰਨੀ ਸਜ਼ਾਵਾਂ ਮਿਲਣ ਤੋਂ ਬਗ਼ੈਰ ਹੀ ਕੁਦਰਤੀ ਮੌਤੇ ਜਹਾਨੋਂ ਫੌਤ ਹੋ ਚੁੱਕੇ ਹਨ | ਇਹ ਘਟਨਾਕ੍ਰਮ ਦਰਸਾਉਂਦਾ ਹੈ ਕਿ ਇਨਸਾਫ਼ ਦੀ ਪ੍ਰਕਿਰਿਆ ਕਿੰਨੀ ਲੰਮੀ ਰਹੀ ਹੈ | ਦੇਰ ਨਾਲ ਮਿਲਿਆ ਇਨਸਾਫ਼ ਨਾ-ਕੇਵਲ ਬੇਮਾਅਨਾ ਹੀ ਹੁੰਦਾ ਹੈ, ਸਗੋਂ ਇਸ ਵਿਚੋਂ ਇਨਸਾਫ਼ ਦੀ ਭਾਵਨਾ ਵੀ ਮਰ ਜਾਂਦੀ ਹੈ ਜਿਸ ਕਾਰਨ ਪੀੜਤਾਂ ਦਾ ਦਰਦ ਵਧਦਾ ਹੈ ਅਤੇ ਕਾਨੂੰਨ ਦੀ ਭਰੋਸੇਯੋਗਤਾ ਕਮਜ਼ੋਰ ਹੋ ਜਾਂਦੀ ਹੈ |
ਪਰ ਅਫ਼ਸੋਸ ਦੀ ਗੱਲ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਸਿੱਖ ਕਤਲੇਆਮ ਤੋਂ ਬਾਅਦ ਵੀ ਕੋਈ ਸਬਕ ਨਹੀਂ ਸਿੱਖਿਆ, ਤਾਹੀਓਾ ਨਵੰਬਰ 1984 ਤੋਂ ਬਾਅਦ ਵੀ ਭਾਰਤ ਵਿਚ ਫ਼ਿਰਕੂ ਦੰਗਿਆਂ ਅਤੇ ਕਤਲੇਆਮ ਦਾ ਤਾਂਡਵ ਰੁਕ ਨਹੀਂ ਸਕਿਆ | ਸੰਨ 1989 ਦੇ ਭਾਗਲਪੁਰ ਦੰਗੇ, 1992 ਦੇ ਮੁੰਬਈ ਦੰਗੇ ਅਤੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਗਏ | ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ, ਸਾਲ 2023 ਵਿਚ ਦੇਸ਼ ਭਰ ਵਿਚ ਧਾਰਮਿਕ ਜਾਂ ਫ਼ਿਰਕੂ ਦੰਗਿਆਂ ਦੇ 272 ਮਾਮਲੇ ਦਰਜ ਹੋਏ | ਜੇ ਅੱਜ ਵੀ ਸਮਾਜ ਵਿਚ ਧਾਰਮਿਕ ਪਛਾਣ ਦੇ ਆਧਾਰ 'ਤੇ ਨਫ਼ਰਤ ਫੈਲਾਈ ਜਾਵੇ, ਕਿਸੇ ਭਾਈਚਾਰੇ ਨੂੰ ਦੇਸ਼ ਪ੍ਰਤੀ ਵਫ਼ਾਦਾਰੀ ਦੇ ਸਬੂਤ ਦੇਣ ਲਈ ਮਜਬੂਰ ਕੀਤਾ ਜਾਵੇ ਅਤੇ ਹਿੰਸਾ ਕਰਨ ਵਾਲਿਆਂ ਨੂੰ ਸਿਆਸੀ ਸਰਪ੍ਰਸਤੀ ਮਿਲਣ ਦਾ ਪ੍ਰਭਾਵ ਪੈਦਾ ਹੋਵੇ, ਤਾਂ ਅਤੀਤ ਦੀਆਂ ਗ਼ਲਤੀਆਂ ਮੁੜ ਦੁਹਰਾਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ |
ਹਾਲਾਂਕਿ ਭਾਰਤੀ ਸੰਵਿਧਾਨ ਧਾਰਾ-25 ਤਹਿਤ ਹਰੇਕ ਨਾਗਰਿਕ ਨੂੰ  ਜੀਵਨ ਅਤੇ ਆਜ਼ਾਦੀ ਦਾ ਬਰਾਬਰ ਅਧਿਕਾਰ ਦਿੰਦਾ ਹੈ ਅਤੇ ਧਾਰਾ-15 ਜਾਤ, ਧਰਮ ਅਤੇ ਲਿੰਗ ਆਧਾਰਿਤ ਭੇਦ-ਭਾਵ ਨੂੰ ਜੁਰਮ ਕਰਾਰ ਦਿੰਦੀ ਹੈ ਪਰ ਦੇਸ਼ 'ਚ ਆਜ਼ਾਦੀ ਦੇ 79 ਸਾਲਾਂ ਦੌਰਾਨ ਲਗਾਤਾਰ ਵਧ ਰਿਹਾ ਫ਼ਿਰਕੂਵਾਦ ਕਿਤੇ ਨਾ ਕਿਤੇ ਨਿਆਂਪ੍ਰਣਾਲੀ ਵਿਚ ਵੀ ਊਣਤਾਈਆਂ ਵੱਲ ਸੰਕੇਤ ਕਰਦਾ ਹੈ | ਸਾਡੇ ਦੇਸ਼ ਦੇ ਸੰਵਿਧਾਨ ਦੀ ਧਾਰਾ-356 ਸਰਕਾਰ 'ਤੇ ਫ਼ਿਰਕੂ ਸਦਭਾਵਨਾ ਅਤੇ ਨਾਗਰਿਕਾਂ ਦੀ ਸੁਰੱਖਿਆ ਬਹਾਲ ਰੱਖਣ ਦੀ ਜ਼ਿੰਮੇਵਾਰੀ ਤੈਅ ਕਰਦੀ ਹੈ | ਇਸ ਧਾਰਾ ਤਹਿਤ ਸੰਵਿਧਾਨਿਕ ਫ਼ਰਜ਼ ਵਿਚ ਅਸਫਲ ਰਹਿਣ ਵਾਲੀ ਸਰਕਾਰ ਨੂੰ  ਬਰਖ਼ਾਸਤ ਕੀਤਾ ਜਾ ਸਕਦਾ ਹੈ | ਰਾਜਸੀ ਕਾਰਨਾਂ ਕਰਕੇ ਤਾਂ ਬੇਸ਼ੱਕ ਕਈ ਸੂਬਿਆਂ ਵਿਚ ਸਮੇਂ-ਸਮੇਂ ਸਰਕਾਰਾਂ ਭੰਗ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਨਵੰਬਰ '84 ਦੇ ਇੰਨੇ ਵੱਡੇ ਕਤਲੇਆਮ ਅਤੇ ਦੇਸ਼ ਵਿਚ ਵੱਖ-ਵੱਖ ਸਮਿਆਂ ਦੌਰਾਨ ਹੋਏ ਦੰਗਿਆਂ ਦੇ ਬਾਵਜੂਦ ਕਿਸੇ ਵੀ ਸੰਵਿਧਾਨਿਕ ਸ਼ਕਤੀ ਨੇ ਕਦੇ ਕੋਈ ਸਰਕਾਰ ਭੰਗ ਕਰਨ ਦੀ ਲੋੜ ਨਹੀਂ ਸਮਝੀ | 
ਸਾਡੇ ਦੇਸ਼ ਨੂੰ  ਬਰਤਾਨੀਆ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਸ ਨੇ ਸਾਲ 2011 ਦੌਰਾਨ ਦੇਸ਼ ਅੰਦਰ ਵਾਪਰੇ ਦੰਗਿਆਂ ਦੇ ਦੋਸ਼ੀਆਂ ਨੂੰ  ਸਿਰਫ਼ 90 ਦਿਨਾਂ ਵਿਚ ਸਖ਼ਤ ਸਜ਼ਾਵਾਂ ਦਿੱਤੀਆਂ ਸਨ | ਸੱਚ ਤਾਂ ਇਹ ਹੈ ਕਿ ਭਾਰਤੀ ਨਿਆਂਪਾਲਿਕਾ ਕੋਲ ਦੰਗਿਆਂ ਦੌਰਾਨ ਬਲਾਤਕਾਰੀਆਂ, ਲੁਟੇਰਿਆਂ ਅਤੇ ਕਾਤਲਾਂ ਨੂੰ  ਸਜ਼ਾਵਾਂ ਦੇਣ ਲਈ ਢੁੱਕਵੇਂ ਕਾਨੂੰਨ ਵੀ ਨਹੀਂ ਹਨ | ਹੇਠਲੀਆਂ ਅਦਾਲਤਾਂ ਦੀਆਂ ਨਿਗੂਣੀਆਂ ਜਿਹੀਆਂ ਸਜ਼ਾਵਾਂ ਨੂੰ  ਵੀ ਦੋਸ਼ੀ ਉੱਪਰਲੀਆਂ ਅਦਾਲਤਾਂ ਵਿਚ ਚੁਣੌਤੀ ਦੇ ਕੇ 'ਸ਼ੱਕ ਦੇ ਆਧਾਰ' ਉੱਤੇ ਬਰੀ ਹੋ ਜਾਂਦੇ ਹਨ | ਸਭ ਤੋਂ ਵੱਡੀ ਖ਼ਾਮੀ ਇਹ ਹੈ ਕਿ ਦੰਗਿਆਂ ਦੇ ਦੋਸ਼ੀਆਂ ਨੂੰ  ਸਜ਼ਾਵਾਂ ਦਿਵਾਉਣ ਲਈ ਪੀੜਤ 'ਤੇ ਇਹ ਜ਼ਿੰਮੇਵਾਰੀ ਪਾਈ ਜਾਂਦੀ ਹੈ ਕਿ ਉਹ ਦੋਸ਼ੀ ਨੂੰ  ਦੋਸ਼ੀ ਸਾਬਤ ਕਰੇ, ਪਰ ਦੰਗਿਆਂ ਵਿਚ ਜਦੋਂ ਸਮੂਹਿਕ ਤੌਰ 'ਤੇ ਹਿੰਸਕ ਭੀੜਾਂ ਲੋਕਾਂ 'ਤੇ ਜਾਨਲੇਵਾ ਹਮਲੇ ਕਰਦੀਆਂ ਹਨ, ਤਾਂ ਪੀੜਤ ਕਿਸ ਦੀ ਗੋਲੀ, ਲਾਠੀ ਜਾਂ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਇਆ, ਇਹ ਸਾਬਤ ਕਰਨਾ ਬਹੁਤ ਔਖਾ ਹੁੰਦਾ ਹੈ | ਦੰਗਿਆਂ ਦੇ ਸਬੂਤ ਇਕੱਠੇ ਕਰਨੇ ਬਹੁਤ ਔਖਾ ਕੰਮ ਹੈ | ਇਸ ਲਈ ਫ਼ਿਰਕੂ ਦੰਗਿਆਂ ਨੂੰ  ਰੋਕਣ ਲਈ ਅਤੇ ਦੋਸ਼ੀਆਂ ਨੂੰ  ਮਿਸਾਲੀ ਸਜ਼ਾਵਾਂ ਦੇਣ ਲਈ ਸਖ਼ਤ ਕਾਨੂੰਨੀ ਪ੍ਰਬੰਧ ਕਰਨਾ ਨਿਹਾਇਤ ਜ਼ਰੂਰੀ ਹੈ | ਕਿਸੇ ਦੋਸ਼ੀ ਨੂੰ  ਸਜ਼ਾ ਦਿਵਾਉਣ ਲਈ ਪੀੜਤ ਉੱਤੇ ਭਾਰ ਪਾਉਣ ਦੀ ਬਜਾਇ ਕਾਨੂੰਨ ਦੁਆਰਾ ਦੋਸ਼ੀ ਅੱਗੇ ਇਹ ਸਵਾਲ ਖੜ੍ਹਾ ਕੀਤਾ ਜਾਵੇ ਕਿ ਉਹ ਆਪਣੀ ਬੇਗੁਨਾਹੀ ਸਾਬਤ ਕਰੇ | ਸਾਡੇ ਦੇਸ਼ ਵਿਚ ਘੱਟ-ਗਿਣਤੀਆਂ ਅਤੇ ਹੋਰ ਦੱਬੇ-ਕੁਚਲੇ ਵਰਗਾਂ ਦੇ ਹਿਤਾਂ ਦੀ ਸੁਰੱਖਿਆ ਲਈ ਕੇਂਦਰ ਅਤੇ ਸੂਬਾ ਪੱਧਰੀ ਕਮਿਸ਼ਨਾਂ ਦੀ ਘਾਟ ਨਹੀਂ ਹੈ ਪਰ ਅਜਿਹੇ ਕਮਿਸ਼ਨਾਂ ਦੀਆਂ ਤਾਕਤਾਂ ਸੀਮਤ ਹੋਣ ਕਾਰਨ ਅਤੇ ਇਨ੍ਹਾਂ ਕਮਿਸ਼ਨਾਂ 'ਤੇ ਵੀ ਸੱਤਾਧਾਰੀਆਂ ਵਲੋਂ ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਚਹੇਤਿਆਂ ਨੂੰ  ਕਾਬਜ਼ ਕਰਨ ਕਰਕੇ, ਅਜਿਹੇ ਕਮਿਸ਼ਨ ਘੱਟ-ਗਿਣਤੀਆਂ ਦੇ ਹਿਤਾਂ ਦੀ ਸੁਰੱਖਿਆ 'ਚ ਸਹਾਈ ਨਹੀਂ ਹੁੰਦੇ | ਅਜਿਹੇ ਕਮਿਸ਼ਨਾਂ ਦੀ ਪ੍ਰਸੰਗਿਕਤਾ ਵੀ ਪੁਨਰ-ਨਿਰਧਾਰਿਤ ਕਰਨ ਦੀ ਲੋੜ ਹੈ | 
ਨਵੰਬਰ 1984 ਦੇ ਸਿੱਖ ਕਤਲੇਆਮ ਵੇਲੇ ਨਾ-ਸਿਰਫ਼ ਸਿੱਖਾਂ ਦਾ ਸਰੀਰਕ ਘਾਣ ਕੀਤਾ ਗਿਆ, ਸਗੋਂ ਸਾਜਿਸ਼ੀ ਤਰੀਕੇ ਨਾਲ ਸਿੱਖਾਂ ਖ਼ਿਲਾਫ਼ ਜਾਣ-ਬੁੱਝ ਕੇ ਜਿਊਣ ਲਈ ਅਜਿਹੇ ਹਾਲਾਤ ਪੈਦਾ ਕੀਤੇ ਗਏ, ਜੋ ਰਹਿੰਦੀਆਂ ਸਦੀਆਂ ਤੱਕ ਪੀੜਾਦਾਇਕ ਰਹਿਣਗੇ | ਇਸ ਕਤਲੇਆਮ ਨਾਲ ਭਾਰਤ ਦੇ ਇਕ ਖ਼ੁਸ਼ਹਾਲ ਅਤੇ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸਿੱਖ ਭਾਈਚਾਰੇ ਦੀ ਵਿਰਾਸਤ, ਸਮਾਜਿਕ ਢਾਂਚੇ, ਆਰਥਿਕਤਾ ਅਤੇ ਜੀਣ-ਥੀਣ ਦੀਆਂ ਸੰਭਾਵਨਾਵਾਂ ਹੀ ਰੋਲ ਕੇ ਰੱਖ ਦਿੱਤੀਆਂ ਗਈਆਂ | ਇਸੇ ਦਾ ਹੀ ਨਤੀਜਾ ਸੀ ਕਿ ਪੰਜਾਬ ਸਦੀਆਂ ਤੱਕ ਪਛੜ ਗਿਆ ਅਤੇ ਇੱਥੋਂ ਦੀ ਜਵਾਨੀ, ਕਿਸਾਨੀ ਤੇ ਉਦਯੋਗ ਇੱਥੋਂ ਹਿਜ਼ਰਤ ਕਰਕੇ ਦੂਜੇ ਸੂਬਿਆਂ ਅਤੇ ਦੇਸ਼ਾਂ ਵਿਚ ਚਲੇ ਗਏ | 
ਇਹ ਠੀਕ ਹੈ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ  ਨਾ ਤਾਂ ਕਦੇ ਭੁਲਾਇਆ ਜਾ ਸਕਦਾ ਹੈ ਅਤੇ ਨਾ ਹੀ ਭੁੱਲਣਾ ਚਾਹੀਦਾ ਹੈ ਪਰ ਸਿੱਖ ਕੌਮ ਨੂੰ  ਇਸ ਇਤਿਹਾਸਕ ਸਾਕੇ ਦੀ ਯਾਦ ਨੂੰ ਹੁਣ ਰੋਸ ਦੇ ਡੂੰਘੇ ਜ਼ਖ਼ਮਾਂ ਤੋਂ ਚੇਤਨਤਾ ਦਾ ਸੂਰਜ ਬਣਾਉਣ ਦੀ ਲੋੜ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਮਨੁੱਖੀ ਬਰਾਬਰੀ, ਕਿਰਤ, ਸਾਂਝ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ | ਇਹ ਸਿਧਾਂਤ ਸਿਰਫ਼ ਧਾਰਮਿਕ ਉਪਦੇਸ਼ ਨਹੀਂ, ਸਗੋਂ ਅੱਜ ਦੇ ਵੰਡੇ ਹੋਏ ਸਮਾਜ ਲਈ ਵਿਹਾਰਕ ਮਾਰਗ-ਦਰਸ਼ਨ ਵੀ ਹਨ | ਸਿੱਖ ਕੌਮ ਨੂੰ ਇਨਸਾਫ਼ ਦੀ ਮੰਗ ਉੱਤੇ ਦਿ੍ੜ੍ਹ ਰਹਿੰਦਿਆਂ ਸਿੱਖਾਂ ਦੀ ਕਰਮ ਅਤੇ ਜਨਮ ਭੂਮੀ ਪੰਜਾਬ ਦੀ ਜੀਵਨ-ਜਾਚ ਵਿਚੋਂ ਗੁਆਚ ਰਹੀਆਂ ਨਰੋਈਆਂ ਸੱਭਿਅਕ ਕਦਰਾਂ-ਕੀਮਤਾਂ, ਵਾਤਾਵਰਨ, ਸਿਹਤ ਤੇ ਸਿੱਖਿਆ ਦੇ ਗੰਭੀਰ ਸੰਕਟ, ਪਖੰਡਵਾਦ ਅਤੇ ਵਹਿਮ-ਭਰਮ, ਮਾਂ-ਬੋਲੀ ਤੋਂ ਬੇਮੁਖਤਾਈ, ਸਰੀਰਕ ਰਿਸ਼ਟ-ਪੁਸ਼ਟਤਾ ਤੋਂ ਬੇਧਿਆਨੀ, ਗੁਆਚ ਰਿਹਾ ਕਿਰਤ ਸੱਭਿਆਚਾਰ ਅਤੇ ਧਰਮ ਦੀਆਂ ਸੱਚੀਆਂ ਕਦਰਾਂ-ਕੀਮਤਾਂ ਤੋਂ ਟੁੱਟੀ ਰਾਜਨੀਤੀ ਵਿਚ ਜਗੀਰੂ ਤੇ ਕੁਨਬਾਪ੍ਰਸਤੀ ਵਰਗੀਆਂ ਦਰਪੇਸ਼ ਚੁਣੌਤੀਆਂ ਉੱਤੇ ਵੀ ਸਾਂਝਾ ਕੌਮੀ ਏਜੰਡਾ ਤਿਆਰ ਕਰਨਾ ਚਾਹੀਦਾ ਹੈ | ਸਿੱਖ ਰਾਜਨੀਤਕ ਲੀਡਰਸ਼ਿਪ ਨੂੰ ਨਿੱਜੀ ਅਤੇ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਮਸਲਿਆਂ ਲਈ ਠੋਸ ਅਤੇ ਸਿੱਟਾਮੁਖੀ ਵਿਚਾਰ ਪ੍ਰਬੰਧ ਉਲੀਕਣਾ ਚਾਹੀਦਾ ਹੈ | 
ਇਸੇ ਤਰ੍ਹਾਂ ਨਵੰਬਰ '84 ਦੇ ਕਤਲੇਆਮ ਦੀ ਇਤਿਹਾਸਕ ਯਾਦ ਨੂੰ  ਸੰਭਾਲਦਿਆਂ ਸਿੱਖ ਕੌਮੀਅਤ ਨੂੰ ਆਪਣੀ ਧਾਰਮਿਕ ਵਿਰਾਸਤ, ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਸੇਵਾ ਦੇ ਕਾਰਜਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ, ਜਿਵੇਂ ਸਿੱਖ ਆਪਣੇ ਇਤਿਹਾਸ ਦੇ ਵੱਡੇ ਅਤੇ ਛੋਟੇ ਘੱਲੂਘਾਰਿਆਂ ਤੋਂ ਬਾਅਦ 'ਰਾਖ ਵਿਚੋਂ ਕੁਕਨੂਸ ਦੇ ਮੁੜ ਜ਼ਿੰਦਾ ਹੋਣ' ਵਾਂਗ ਮੁੜ ਖੜ੍ਹੇ ਹੁੰਦੇ ਰਹੇ ਹਨ | ਅਜੋਕੇ ਵਿਸ਼ਵ ਪ੍ਰਸੰਗ 'ਚ ਗੁਰਮਤਿ ਦੇ ਅਨਮੋਲ ਫ਼ਲਸਫ਼ੇ ਨੂੰ  ਦੁਨੀਆ ਦੇ ਸਾਹਮਣੇ ਅਮਨ-ਸ਼ਾਂਤੀ ਅਤੇ ਆਦਰਸ਼ਕ ਮਨੁੱਖੀ ਜੀਵਨ ਦੇ 'ਤੀਜੇ ਬਦਲ' ਵਜੋਂ ਰੱਖਣ ਦੀ ਜ਼ਿੰਮੇਵਾਰੀ ਵੀ ਤਾਂ ਅੱਜ ਸਿੱਖ ਕੌਮ ਅੱਗੇ ਦਰਕਾਰ ਹੈ |
 
-ਫ਼ੋਨ: 98780-70008.
ਪਿਛਲੀ ਖ਼ਬਰ ਹਿੰਦੀ ਕਹਾਣੀ ਅਸੀਂ ਉਹੀ ਹਾਂ ਅਗਲੀ ਖ਼ਬਰ ਅੱਜ ਲਈ ਵਿਸ਼ੇਸ਼ ਪੰਜਾਬ ਦਿਵਸ ਮੌਕੇ ਸਵੈ-ਚਿੰਤਨ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।