ਨਵੀਂ ਦਿੱਲੀ, 20 ਨਵੰਬਰ (ਪੀ.ਟੀ.ਆਈ.)-ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਪੁਲਿਸ ਨੂੰ ਔਰਤਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿਚ ਲੋੜੀਂਦੇ ਇੱਕ ਵਿਅਕਤੀ ਨੂੰ ਸ਼ੁੱਕਰਵਾਰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਵਾਪਸ ਭੇਜ ਦਿੱਤਾ ਗਿਆ। ਇਹ ਕਾਰਵਾਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਤਾਲਮੇਲ ਨਾਲ ਨੇਪਰੇ ਚਾੜ੍ਹੀ ਗਈ।
ਸੀ.ਬੀ.ਆਈ. ਦੀ ਬੁਲਾਰਨ ਬੀਨਾ ਯਾਦਵ ਨੇ ਇੱਕ ਬਿਆਨ ਵਿਚ ਕਿਹਾ ਕਿ ਫਰਾਰ ਮੁਲਜ਼ਮ ਮੁਹੰਮਦ ਮਾਜ਼ਿਨ ਵਿਰੁੱਧ ਇੰਟਰਪੋਲ ਦਾ ‘ਰੈੱਡ ਨੋਟਿਸ’ ਜਾਰੀ ਸੀ। ਉਹ ਇੱਕ ਅਜਿਹੇ ਮਾਮਲੇ ਵਿਚ ਲੋੜੀਂਦਾ ਸੀ ਜਿਸ ਵਿਚ ਉਸਨੇ ਕਥਿਤ ਤੌਰ ‘ਤੇ ਪੀੜਤਾ ਨੂੰ ਵਿਆਹ ਦਾ ਝੂਠਾ ਵਾਅਦਾ ਦੇ ਕੇ ਫਸਾਇਆ, ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸਦਾ ਸਰੀਰਕ, ਮਾਨਸਿਕ ਅਤੇ ਵਿੱਤੀ ਸ਼ੋਸ਼ਣ ਕੀਤਾ। ਇਸ ਵਿਚ ਉਸ ਤੋਂ ਧੋਖੇ ਨਾਲ 18 ਲੱਖ ਰੁਪਏ ਹਾਸਲ ਕਰਨਾ ਵੀ ਸ਼ਾਮਿਲ ਹੈ।
ਯਾਦਵ ਨੇ ਕਿਹਾ ਕਿ ਸੰਬੰਧਿਤ ਅਦਾਲਤ ਵਿਚ ਦੋਸ਼ ਪੱਤਰ ਪਹਿਲਾਂ ਹੀ ਦਾਖ਼ਲ ਕੀਤਾ ਜਾ ਚੁੱਕਾ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਉਸਨੇ ਇਸੇ ਤਰ੍ਹਾਂ 13 ਹੋਰ ਔਰਤਾਂ ਦਾ ਵੀ ਵਿਆਹ ਦੇ ਬਹਾਨੇ ਸ਼ੋਸ਼ਣ ਕੀਤਾ, ਉਨ੍ਹਾਂ ਤੋਂ ਪੈਸੇ ਲਏ ਅਤੇ ਉਨ੍ਹਾਂ ਨਾਲ ਨਿੱਜੀ ਪਲਾਂ ਦੀਆਂ ਵੀਡੀਓਜ਼ ਬਣਾਈਆਂ। ਇਸ ਤੋਂ ਬਾਅਦ ਮੁਲਜ਼ਮ ਵਿਦੇਸ਼ ਭੱਜ ਗਿਆ ਸੀ।