01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਅੱਜ ਲਈ ਵਿਸ਼ੇਸ਼ ਪੰਜਾਬ ਦਿਵਸ ਮੌਕੇ ਸਵੈ-ਚਿੰਤਨ ਦੀ ਲੋੜ

ਅੱਜ ਲਈ ਵਿਸ਼ੇਸ਼ ਪੰਜਾਬ ਦਿਵਸ ਮੌਕੇ ਸਵੈ-ਚਿੰਤਨ ਦੀ ਲੋੜ

ਅਜੀਤ ਡੈਸਕ 01-11-2026
ਅਜੋਕੇ ਪੰਜਾਬੀ ਸੂਬੇ ਨੂੰ  ਹੋਂਦ 'ਚ ਆਇਆਂ ਛੇ ਦਹਾਕੇ ਹੋ ਗਏ ਹਨ | ਜਦੋਂ ਪੰਜਾਬ ਦੀ ਵੰਡ ਹੋਈ, ਉਦੋਂ ਪੰਜਾਬ ਦੇਸ਼ ਦਾ ਵਿਕਾਸ ਪੱਖੋਂ ਪਹਿਲੇ ਨੰਬਰ ਦਾ ਸੂਬਾ ਸੀ | ਬਹੁਤ ਕੁਝ ਲੁਟਾ ਕੇ ਤੇ ਕਰਬਾਨੀਆਂ ਦੇ ਕੇ ਪ੍ਰਾਪਤ ਕੀਤੇ ਛੋਟੇ ਜਿਹੇ ਸੂਬੇ ਨੂੰ  ਹੋਰ ਵੀ ਵਧੀਆ ਤੇ ਖ਼ੁਸ਼ਹਾਲ ਬਣਾਉਣ ਦੀ ਸਾਰੇ ਪੰਜਾਬੀਆਂ ਨੂੰ  ਉਮੀਦ ਸੀ ਪਰ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਵਿਕਾਸ ਦੀ ਥਾਂ ਇਹ ਨਿਵਾਣ ਵੱਲ ਹੀ ਜਾਂਦਾ ਰਿਹਾ | ਅੱਜ 'ਪੰਜਾਬੀ ਸੂਬਾ ਦਿਵਸ' ਮੌਕੇ ਸਾਡੇ ਆਗੂਆਂ ਤੇ ਵੋਟਰਾਂ ਨੂੰ  ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ | ਚੋਣਾਂ ਸਿਰ 'ਤੇ ਹਨ | ਪੰਜਾਬ ਦੇ ਭਲੇ ਲਈ ਸਾਫ਼-ਸੁਥਰੇ ਅਕਸ ਵਾਲੇ ਤੇ ਪੰਜਾਬ ਦਾ ਦਰਦ ਰੱਖਣ ਵਾਲੇ ਉਮੀਦਵਾਰਾਂ ਨੂੰ  ਚੁਣ ਕੇ ਹੀ ਪੰਜਾਬ ਨੂੰ  ਹੋਰ ਨਿਘਾਰ ਵੱਲ ਜਾਣ ਤੋਂ ਰੋਕਿਆ ਜਾ ਸਕਦਾ ਹੈ |
ਇਸ ਸਮੇਂ ਪੰਜਾਬ ਦੀ ਖੇਤੀ ਤੇ ਸਨਅਤ ਵਿਚ ਖੜੋਤ ਆ ਚੁੱਕੀ ਹੈ | ਕਦੇ ਗੁਰਦਾਸਪੁਰ ਤੋਂ ਲੈ ਕੇ ਰਾਜਪੁਰੇ ਤੱਕ ਸੜਕ ਕੰਢੇ ਛੋਟੇ ਤੇ ਦਰਮਿਆਨੇ ਕਾਰਖਾਨੇ ਨਜ਼ਰੀਂ ਪੈਂਦੇ ਸਨ, ਜਦਕਿ ਹੁਣ ਬਹੁਤਿਆਂ ਨੂੰ  ਜਿੰਦੇ ਲੱਗ ਗਏ ਹਨ | ਬਹੁਤੀ ਸਨਅਤ ਲੁਧਿਆਣੇ ਜ਼ਿਲ੍ਹੇ 'ਚ ਹੀ ਇਕੱਠੀ ਹੋ ਗਈ ਹੈ, ਜਿਸ ਨੇ ਇੱਥੋਂ ਦੇ ਸੌ ਤੋਂ ਵੱਧ ਪਿੰਡ ਖਾ ਲਏ ਹਨ | ਇਹ ਪਿੰਡ ਵਾਸੀ ਦੁਰਾਡੇ ਚਲੇ ਗਏ ਤੇ ਖਾਲੀ ਘਰਾਂ 'ਚ ਹੁਣ ਦੂਜੇ ਸੂਬਿਆਂ ਤੋਂ ਆਏ ਕਾਮੇ ਰਹਿੰਦੇ ਹਨ, ਜੋ ਉਹੀ ਕਾਰਖਾਨਿਆਂ 'ਚ ਕੰਮ ਕਰਦੇ ਹਨ | ਇਸੇ ਤਰ੍ਹਾਂ ਖੇਤੀ 'ਚ ਵੀ ਪਿਛਲੇ ਚਾਰ ਦਹਾਕਿਆਂ ਤੋਂ ਖੜੋਤ ਆਈ ਹੈ | ਕਣਕ-ਝੋਨਾ ਹੀ ਮੁੱਖ ਫ਼ਸਲੀ ਚੱਕਰ ਹੈ, ਇਸ ਦਾ ਝਾੜ ਵੀ ਲਗਭਗ ਇਕ ਥਾਂ ਟਿਕਿਆ ਹੋਇਆ ਹੈ | ਮਹਿੰਗਾਈ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਉਸ ਅਨੁਪਾਤ ਅਨੁਸਾਰ ਜਿਣਸਾਂ ਦੇ ਮੁੱਲ 'ਚ ਵਾਧਾ ਨਹੀਂ ਹੋਇਆ, ਜਿਸ ਕਰਕੇ ਕਿਸਾਨ ਦੀ ਆਮਦਨ ਘਟੀ ਹੈ ਤੇ ਕੁਦਰਤੀ ਮਾਰ ਵੀ ਪੈ ਰਹੀ ਹੈ | ਬਹੁਤੇ ਕਿਸਾਨ ਹੁਣ ਕਰਜ਼ਾਈ ਹਨ |
ਪੰਜਾਬ ਦੀ ਖ਼ੁਸ਼ਹਾਲੀ ਵੇਖ ਵਿੱਦਿਆ ਦੇ ਵਪਾਰੀਆਂ ਨੇ ਇੱਥੇ ਸ਼ਾਨਦਾਰ ਸਕੂਲ ਬਣ ਲਏ, ਅੰਗਰੇਜ਼ੀ ਪੜ੍ਹਾਉਣ ਦੇ ਸਬਜ਼ਬਾਗ ਵਿਖਾਏ | ਹਰ ਪੰਜਾਬੀ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਬੱਚਿਆਂ ਨੂੰ  ਅਖੌਤੀ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਏ, ਜਿਨ੍ਹਾਂ 'ਚੋਂ ਬਹੁਤਿਆਂ 'ਚ ਪੰਜਾਬੀ ਬੋਲਣ 'ਤੇ ਪਾਬੰਦੀ ਹੈ | ਇੰਝ ਬੱਚੇ ਆਪਣੀ ਬੋਲੀ ਅਤੇ ਸੱਭਿਆਚਾਰ ਤੋਂ ਦੂਰ ਹੋ ਰਹੇ ਹਨ | ਉਨ੍ਹਾਂ ਵਿਚ ਆਪਣੀ ਮਿੱਟੀ ਦਾ ਮੋਹ ਖ਼ਤਮ ਹੋ ਰਿਹਾ ਹੈ | ਸਰਕਾਰ ਦਾ ਧਿਆਨ ਆਪਣੇ-ਆਪ ਹੀ ਸਰਕਾਰੀ ਸਕੂਲਾਂ ਤੋਂ ਦੂਰ ਹੋਣਾ ਹੀ ਸੀ | ਹੁਣ ਬਹੁਤੇ ਸਰਕਾਰੀ ਸਕੂਲਾਂ 'ਚ ਦੂਜੇ ਸੂਬਿਆਂ ਤੋਂ ਆਏ ਬੱਚੇ ਪੜ੍ਹਦੇ ਹਨ | ਪੰਜਾਬੀ ਵਿਚ ਪੜ੍ਹਾਈ ਉਹ ਹੀ ਕਰਦੇ ਹਨ ਤੇ ਪੰਜਾਬੀ ਬੋਲਦੇ ਹਨ | ਇੰਝ ਬਹੁਤੀਆਂ ਛੋਟੀਆਂ ਨੌਕਰੀਆਂ 'ਤੇ ਵੀ ਉਨ੍ਹਾਂ ਦਾ ਹੀ ਕਬਜ਼ਾ ਹੋ ਰਿਹਾ ਹੈ | ਅੰਗਰੇਜ਼ੀ ਸਕੂਲਾਂ 'ਚ ਜਾਣ ਨਾਲ ਬੱਚੇ ਆਪਣੇ-ਆਪ ਨੂੰ  ਉੱਚਾ ਸਮਝਣ ਲੱਗੇ ਹਨ, ਜਿਸ ਕਰਕੇ ਉਹ ਕਿਰਤ ਤੋਂ ਦੂਰ ਹੁੰਦੇ ਜਾ ਰਹੇ ਹਨ | ਮਾਪੇ ਵੀ ਕਿਰਤ ਤੋਂ ਦੂਰ ਹੋ ਰਹੇ ਹਨ, ਕਿਉਂਕਿ ਬਹੁਤੇ ਘਰਾਂ ਦੇ ਕੰਮ ਵੀ ਦੂਜੇ ਸੂਬਿਆਂ ਤੋਂ ਆਈਆਂ ਔਰਤਾਂ ਹੀ ਕਰਦੀਆਂ ਹਨ |
ਸਾਡੇ ਵਿੱਦਿਅਕ ਅਦਾਰਿਆਂ 'ਚ ਬੱਚਿਆਂ ਨੂੰ  ਹੁਨਰੀ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਗਿਆ | ਜਿਹੜੇ ਹੁਨਰ ਕੇਂਦਰ ਖੋਲ੍ਹੇ ਗਏ ਸਨ, ਉਨ੍ਹਾਂ ਵੱਲ ਵੀ ਧਿਆਨ ਨਾ ਦਿੱਤਾ ਗਿਆ | ਬੱਚਿਆਂ ਵਿਚ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਦੀ ਚੇਟਕ ਨਹੀਂ ਲਾਈ ਜਾਂਦੀ | ਵਿਰਲੇ-ਟਾਂਵੇ ਹੀ ਕੇਂਦਰ ਹਨ, ਜਿੱਥੇ ਅਜਿਹੀ ਸਿਖਲਾਈ ਦਿੱਤੀ ਜਾਂਦੀ ਹੋਵੇ | ਪੰਜਾਬ 'ਚ ਇਸ ਸਮੇਂ ਹੁਨਰੀ ਕਾਮਿਆਂ ਵਿਚ ਬਹੁਗਿਣਤੀ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਦੀ ਹੈ | ਪੰਜਾਬੀ ਤਾਂ ਕੇਵਲ ਮੋਟਰ ਮਕੈਨਿਕ ਹੀ ਨਜ਼ਰ ਆਉਂਦੇ ਹਨ |
ਸਿਹਤ ਸਹੂਲਤਾਂ ਦਾ ਵੀ ਇਹੋ ਹਾਲ ਹੈ | ਨਿੱਜੀ ਹਸਪਤਾਲਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਦਕਿ ਸਰਕਾਰੀ ਹਸਪਤਾਲਾਂ 'ਚ ਖੜੋਤ ਹੈ | ਇੱਥੇ ਭੀੜ, ਗੰਦਗੀ, ਲਾਪ੍ਰਵਾਹੀ ਹੀ ਨਜ਼ਰ ਆਉਂਦੀ ਹੈ | ਨਿੱਜੀ ਹਸਪਤਾਲਾਂ 'ਚ ਇੰਨਾ ਮਹਿੰਗਾ ਇਲਾਜ ਹੈ ਕਿ ਆਮ ਆਦਮੀ ਦਾ ਦਿਵਾਲੀਆਂ ਨਿਕਲ ਜਾਂਦਾ ਹੈ | ਇਹੋ ਹੀ ਹਾਲ ਸਰਕਾਰੀ ਦਫ਼ਤਰਾਂ ਦਾ ਹੈ | ਰਿਸ਼ਵਤ ਦਾ ਹਰ ਪਾਸੇ ਬੋਲਬਾਲਾ ਹੈ, ਨਸ਼ਿਆਂ ਦਾ ਪਸਾਰਾ ਆਮ ਹੈ ਤੇ ਖ਼ੁਰਾਕੀ ਚੀਜ਼ਾਂ 'ਚ ਮਿਲਾਵਟ ਦਾ ਜ਼ੋਰ ਹੈ | ਧਾਰਮਿਕ ਸਥਾਨਾਂ ਅਤੇ ਪ੍ਰਚਾਰਕਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਦਕਿ ਉਸੇ ਤੇਜ਼ੀ ਨਾਲ ਧਰਮ ਲੋਕਾਈ ਤੋਂ ਦੂਰ ਹੋ ਗਿਆ ਜਾਪਦਾ ਹੈ | ਸਿਆਸੀ ਆਗੂ ਰਾਤੋ-ਰਾਤ ਅਮੀਰ ਹੋ ਰਹੇ ਨੇ ਤੇ ਆਮ ਇਨਸਾਨ ਗ਼ਰੀਬ | ਲੋਕਾਂ 'ਚ ਨਿਰਾਸ਼ਾ ਹੈ | ਜਵਾਨੀ ਨੂੰ  ਸਿਆਸੀ ਆਗੂ ਆਪਣੇ ਪਿੱਛੇ ਲਾ ਕੇ ਭਟਕਾ ਰਹੇ ਹਨ | ਰੈਲੀਆਂ ਪਿੱਛੋਂ ਉਨ੍ਹਾਂ ਦੀ ਥਕਾਵਟ ਲਾਹੁਣ ਬਹਾਨੇ ਉਨ੍ਹਾਂ ਨੂੰ  ਨਸ਼ਿਆਂ ਲੜ ਲਾਇਆ ਜਾ ਰਿਹਾ ਹੈ | ਗ਼ਰੀਬ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ, ਜੋ ਮਜਬੂਰੀ ਵੱਸ ਖ਼ੁਦਕੁਸ਼ੀ ਦੇ ਰਾਹ ਤੱਕ ਵੀ ਪੈ ਜਾਂਦਾ ਹੈ |
ਜੇ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਦੇ ਪੰਜਾਬ ਨੂੰ  ਵੇਖੀਏ ਤਾਂ ਉਦੋਂ ਸੂਬਾ ਦੇਸ਼ ਦੇ ਪਹਿਲੇ ਸਥਾਨ 'ਤੇ ਸੀ | ਆਪਣੀ ਨਵੀਂ ਰਾਜਧਾਨੀ ਸੀ, ਭਾਖੜਾ ਯੋਜਨਾ ਨਾਲ ਬਿਜਲੀ ਤੇ ਪਾਣੀ ਦੀ ਕਮੀ ਦੂਰ ਹੋਈ ਸੀ, ਸਾਰੇ ਸੂਬੇ 'ਚ ਨਹਿਰਾਂ ਦਾ ਜਾਲ ਵਿਛਾਇਆ ਗਿਆ ਸੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ  ਬਚਾਇਆ ਜਾ ਸਕੇ ਤੇ ਖੇਤੀ ਦੇ ਨਾਲ ਸਨਅਤੀ ਵਿਕਾਸ ਵੀ ਹੋ ਰਿਹਾ ਸੀ | ਸ. ਪ੍ਰਤਾਪ ਸਿੰਘ ਕੈਰੋਂ ਨੇ ਮੁਰੱਬੇਬੰਦੀ ਕਰਵਾਈ, ਸਿੱਧੀਆਂ ਸੜਕਾਂ ਬਣੀਆਂ, ਸਕੂਲਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣੀ | ਇਸੇ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਣਾਈ ਗਈ | ਦੋਵੇਂ ਸੰਸਥਾਵਾਂ ਦੇਸ਼ 'ਚੋਂ ਮੋਹਰੀ ਬਣੀਆਂ | ਭਾਸ਼ਾ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸੰਸਕ੍ਰਿਤ ਯੂਨੀਵਰਸਿਟੀ ਕੁਰੂਕਸ਼ੇਤਰ ਬਣਾਈ ਗਈ | ਹਿੰਦੀ ਬੋਲਦੇ ਇਲਾਕੇ ਵੀ ਪੰਜਾਬੀ ਬੋਲਦੇ ਬਣਾਉਣ ਲਈ ਫਰੀਦਾਬਾਦ ਸਨਅਤੀ ਕੇਂਦਰ ਬਣਾਇਆ ਤੇ ਪੰਜਾਬੀਆਂ ਨੂੰ  ਉੱਥੇ ਵਸਾਇਆ ਗਿਆ | ਦਿੱਲੀ 'ਚ ਵੀ ਪੰਜਾਬੀਆਂ ਦਾ ਹੀ ਬੋਲਬਾਲਾ ਸੀ | ਦਸਵੀਂ ਵਿਚ ਪੰਜਾਬੀ ਤੇ ਹਿੰਦੀ ਦੀ ਪੜ੍ਹਾਈ ਲਾਜ਼ਮੀ ਕੀਤੀ ਗਈ | ਇੰਝ ਸਾਰੇ ਪੰਜਾਬੀਆਂ ਨੂੰ  ਪੰਜਾਬੀ ਦੇ ਲੜ ਲਾਇਆ ਜਾ ਰਿਹਾ ਸੀ | ਦੇਸ਼ ਦੀ ਵੰਡ ਸਮੇਂ ਉੱਜੜ ਕੇ ਆਏ ਬਹੁਤ ਸਾਰੇ ਪੰਜਾਬੀ ਦਿੱਲੀ ਤੇ ਹਰਿਆਣਾ 'ਚ ਵਸੇ | ਇੰਝ ਪੰਜਾਬੀ ਸਾਰੇ ਸੂਬੇ ਵਿਚ ਫੈਲੇ ਹੋਏ ਸਨ | ਇਹ ਪੰਜਾਬੀ ਬੋਲਦੇ ਤੇ ਗੁਰੂ ਨਾਨਕ ਦੀ ਬਾਣੀ ਦਾ ਪਾਠ ਕਰਦੇ ਸਨ | ਫੇਰ ਹਰਿਆਣਾ ਬਣਨ ਪਿੱਛੋਂ ਇਨ੍ਹਾਂ ਪੰਜਾਬੀਆਂ ਦੇ ਬੱਚਿਆਂ ਨੂੰ  ਪੰਜਾਬੀ ਤੋਂ ਦੂਰ ਹੋਣਾ ਪਿਆ ਤੇ ਹੁਣ ਉਹ ਹਿੰਦੀ ਹੀ ਬੋਲਦੇ ਹਨ | ਇੰਝ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਘਟ ਗਈ | ਇਹੋ ਹਾਲ ਦਿੱਲੀ 'ਚ ਹੋਇਆ |
ਬੇਰੁਜ਼ਗਾਰੀ, ਨਸ਼ੇ ਤੇ ਗੈਂਗਸਟਰਾਂ ਦੇ ਵਾਧੇ ਤੋਂ ਡਰਦੇ ਅਤੇ ਵਧੀਆ ਜੀਵਨ ਜਿਊਣ ਦੇ ਸੁਪਨੇ ਲੈਂਦੇ ਪੰਜਾਬੀ ਮੁੰਡੇ-ਕੁੜੀਆਂ ਵਿਦੇਸ਼ਾਂ ਨੂੰ  ਉਡਾਰੀ ਮਾਰ ਰਹੇ ਹਨ | ਪੰਜਾਬ 'ਚ ਪਗੜੀ ਵਾਲਿਆਂ ਦੀ ਗਿਣਤੀ ਘਟ ਰਹੀ ਹੈ | ਸੋਚਿਆ ਤਾਂ ਇਹ ਸੀ ਕਿ ਪੰਜਾਬੀ ਸੂਬਾ ਬਣਨ ਨਾਲ ਪੰਜਾਬ ਹੋਰ ਤਰੱਕੀ ਕਰੇਗਾ, ਜਿੱਥੇ ਖੇਤੀ, ਫੌਜ, ਟਰਾਂਸਪੋਰਟ ਵਿਚ ਇਨ੍ਹਾਂ ਦੀ ਸਰਦਾਰੀ ਹੈ, ਉੱਥੇ ਸਨਅਤ ਤੇ ਅਫਸਰਸ਼ਾਹੀ 'ਚ ਵੀ ਇਨ੍ਹਾਂ ਦਾ ਦਬਦਬਾ ਹੋਵੇਗਾ ਪਰ ਹੋਇਆ ਉਲਟ | ਸਾਡੀ ਖੇਤੀ ਤੇ ਸਨਅਤ ਵਿਚ ਖੜੋਤ ਆ ਗਈ ਹੈ | ਅਫ਼ਸਰੀ ਵਲੋਂ ਮੁੰਡਿਆਂ ਨੇ ਮੂੰਹ ਮੋੜ ਲਿਆ | ਹੁਣ ਕਿਸੇ ਵੀ ਦਫ਼ਤਰ ਚਲੇ ਜਾਓ, ਕੋਈ ਟਾਵਾਂ-ਟੱਲਾ ਹੀ ਪਗੜੀ ਵਾਲਾ ਨਜ਼ਰ ਆਉਂਦਾ ਹੈ | ਜਿਸ ਸੂਬੇ ਲਈ ਅਸੀਂ ਆਪਣੇ ਲਗਭਗ ਅੱਧੇ ਹਿੱਸੇ ਦੀ ਕੁਰਬਾਨੀ ਦਿੱਤੀ, ਉਹ ਸੂਬਾ ਹੁਣ ਨਿਵਾਣ ਵੱਲ ਚਲਾ ਗਿਆ ਹੈ | ਇਸ ਮਾੜੀ ਸਥਿਤੀ ਲਈ ਸਾਡੇ ਕੇਵਲ ਰਾਜਸੀ ਆਗੂ ਹੀ ਨਹੀਂ, ਸਗੋਂ ਧਾਰਮਿਕ ਆਗੂ ਵੀ ਜ਼ਿੰਮੇਵਾਰ ਹਨ | ਆਪਣੇ ਘਰਾਂ ਨੂੰ  ਭਰਨ ਤੇ ਰਾਤੋ-ਰਾਤ ਅਮੀਰ ਬਣਨ ਲਈ ਇਨ੍ਹਾਂ ਕੇਵਲ ਆਪਣੇ ਬਾਰੇ ਹੀ ਸੋਚਿਆ | ਇਨ੍ਹਾਂ ਨੇ ਹੀ ਸਮਾਜਿਕ ਕਦਰਾਂ-ਕੀਮਤਾਂ ਨੂੰ  ਤੋੜਿਆ ਤੇ ਦੂਜਿਆਂ ਨੂੰ  ਕੁਰਾਹੇ ਪਾਇਆ |
ਆਓ, ਇਸ ਵਾਰ ਆਪਣੀ ਵੋਟ ਉਮੀਦਵਾਰ ਦੇ ਕਿਰਦਾਰ ਨੂੰ  ਵੇਖ ਕੇ ਪਾਈਏ ਤੇ ਪੰਜਾਬ ਬਚਾਈਏ |
 
 
ਪਿਛਲੀ ਖ਼ਬਰ ਇਤਿਹਾਸ ਤੋਂ ਸਬਕ ਕਿਉਂ ਨਹੀਂ ਸਿੱਖਿਆ ਗਿਆ? ਅਗਲੀ ਖ਼ਬਰ ਪੰਜਾਬੀ ਸੱਭਿਆਚਾਰ ਵਿਚ ਕਿਰਤ ਅਤੇ ਕਲਾ ਦਾ ਪ੍ਰਤੀਕ ਚਰਖਾ”

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।