08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ

ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ

ਅਜੀਤ ਡੈਸਕ 08-11-2026

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ  ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ | ਬੰਦੀ ਛੋੜ ਦਿਹਾੜੇ ਦਾ ਸੰਬੰਧ ਛੇਵੇਂ ਪਾਤਸ਼ਾਹ ਸ੍ਰੀ ਗੁੁਰੂ ਹਰਿਗੋਬਿੰਦ ਸਾਹਿਬ ਨਾਲ ਜੁੜਦਾ ਹੈ | ਛੇਵੇਂ ਪਾਤਸ਼ਾਹ ਆਪਣੇ ਨਾਲ 52 ਰਾਜਿਆਂ ਨੂੰ  ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਉਣ ਮਗਰੋਂ ਇਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਪਹੁੰਚੇ ਸਨ, ਜਿਸ 'ਤੇ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ | ਇਹ ਪ੍ਰੰਪਰਾ ਅੱਜ ਵੀ ਨਿਰੰਤਰ ਜਾਰੀ ਹੈ | ਬੰਦੀ ਛੋੜ ਦਿਵਸ ਮੌਕੇ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ | ਬੰਦੀ ਛੋੜ ਦੇ ਇਤਿਹਾਸ ਨੇ ਹੱਕ-ਸੱਚ ਤੇ ਇਨਸਾਫ ਦੀ ਇਕ ਵੱਡੀ ਉਦਾਹਰਨ ਪੇਸ਼ ਕੀਤੀ ਜੋ ਦੁਨੀਆਂ ਅੰਦਰ ਹੋਰ ਕਿਧਰੇ ਨਹੀਂ ਮਿਲਦੀ |

ਸਮੇਂ ਦੀਆਂ ਹਕੂਮਤਾਂ ਅਕਸਰ ਮਨੁੱਖੀ ਹੱਕਾਂ ਨੂੰ  ਦਬਾਉਣ ਦਾ ਯਤਨ ਕਰਦੀਆਂ ਰਹੀਆਂ ਹਨ | ਗੁਰੂ ਸਾਹਿਬਾਨ ਦੇ ਸਮੇਂ ਵੀ ਹਕੂਮਤਾਂ ਦਾ ਜਬਰ ਸਿਖਰ 'ਤੇ ਸੀ, ਜਿਸ ਦੇ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਬੁਲੰਦ ਕੀਤੀ | ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਹੱਕ-ਸੱਚ ਦੀ ਆਵਾਜ਼ ਨੂੰ  ਬੁਲੰਦ ਕਰਦਿਆਂ ਹੋਈ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਹਕੂਮਤ ਦੇ ਜ਼ੁਲਮ ਨਾਲ ਨਜਿੱਠਣ ਲਈ ਛੇਵੇਂ ਪਾਤਸ਼ਾਹ ਨੇ ਸਿੱਖ ਕੌਮ ਨੂੰ  ਸ਼ਸਤਰਧਾਰੀ ਹੋਣ ਲਈ ਪ੍ਰੇਰਦਿਆਂ ਘੋੜ ਸਵਾਰੀ ਅਤੇ ਯੁੱਧ ਕਲਾ ਵਿਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ | ਇਸ ਦੇ ਨਾਲ ਅਜ਼ਾਦ ਹੋਂਦ-ਹਸਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ | 
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਜ਼ਾਦਾਨਾ ਤੇ ਬੁਲੰਦ ਸ਼ਖ਼ਸੀਅਤ ਸਮੇਂ ਦੀ ਹਕੂਮਤ ਨੂੰ  ਰੜਕਣ ਲੱਗੀ | ਇਸ ਦੇ ਨਾਲ ਹੀ ਗੁਰੂ ਘਰ ਦੇ ਦੋਖੀਆਂ ਨੇ ਵੀ ਹਕੂਮਤ ਦੇ ਕੰਨ ਭਰੇ | ਬਾਦਸ਼ਾਹ ਜਹਾਂਗੀਰ ਨੇ ਕਪਟੀ ਚਾਲਾਂ ਚਲਦਿਆਂ ਗੁਰੂ ਸਾਹਿਬ ਨੂੰ  ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ | ਇਸ ਕਿਲ੍ਹੇ ਵਿਚ ਜਹਾਂਗੀਰ ਨੇ ਵੱਖ-ਵੱਖ ਰਿਆਸਤਾਂ ਦੇ 52 ਰਾਜਿਆਂ ਨੂੰ  ਵੀ ਕੈਦ ਰੱਖਿਆ ਹੋਇਆ ਸੀ | ਇਹ  ਰਾਜੇ ਆਪਣੀ ਆਜ਼ਾਦੀ ਦਾ ਵਿਚਾਰ ਤਿਆਗ ਕੇ ਘੋਰ ਨਿਰਾਸ਼ਾ ਵਿਚ ਜਾ ਚੁੱਕੇ ਸਨ | ਗੁਰੂ ਸਾਹਿਬ ਦੀ ਸੰਗਤ ਦਾ ਇਨ੍ਹਾਂ ਬੰਦੀ ਰਾਜਿਆਂ ਦੇ ਮਨਾਂ 'ਤੇ ਬਹੁਤ ਚੰਗਾ ਅਸਰ ਹੋਇਆ ਅਤੇ ਉਨ੍ਹਾਂ ਅੰਦਰ ਆਸ ਦੀ ਕਿਰਨ ਜਾਗ ਉੱਠੀ | ਇਸ ਦੇ ਨਾਲ ਹੀ ਗੁਰੂ ਸਾਹਿਬ ਨੂੰ  ਕਿਲ੍ਹੇ ਵਿਚ ਬੰਦੀ ਬਣਾਉਣ ਕਰਕੇ ਸਿੱਖ ਸੰਗਤਾਂ ਦੇ ਮਨਾਂ ਵਿਚ ਵੀ ਭਾਰੀ ਰੋਸ ਸੀ, ਜਿਸ ਨੂੰ  ਵੇਖਦਿਆਂ ਹਕੂਮਤ ਨੂੰ  ਗੁਰੂ ਸਾਹਿਬ ਨੂੰ  ਰਿਹਾਅ ਕਰਨ ਦਾ ਐਲਾਨ ਕਰਨਾ ਪਿਆ | ਗੁਰੂ ਸਾਹਿਬ ਨੇ ਆਪਣੇ ਨਾਲ ਬੰਦੀ ਰਾਜਿਆਂ ਦੀ ਰਿਹਾਈ ਲਈ ਹਕੂਮਤ ਨੂੰ  ਝੁਕਾਇਆ ਅਤੇ ਇੰਝ ਗੁਰੂ ਸਾਹਿਬ ਨੇ ਉਨ੍ਹਾਂ ਨੂੰ  ਮੁਕਤ ਕਰਵਾ ਕੇ ਲੋਕਾਈ ਨੂੰ  ਇਕ ਨਵੀਂ ਰੋਸ਼ਨੀ ਦਿੱਤੀ | ਗੁਰੂ ਸਾਹਿਬ ਦੇ ਇਸ ਕਦਮ ਨਾਲ ਮਨੁੱਖਤਾ ਅੰਦਰ ਅਜ਼ਾਦੀ ਦੀ ਲੋਅ ਇਕ ਵਾਰ ਫਿਰ ਰੋਸ਼ਨ ਹੋ ਗਈ | 
ਬੰਦੀ ਛੋੜ ਦਿਹਾੜੇ ਨਾਲ ਸਿੱਖ ਇਤਿਹਾਸ ਦਾ ਇਕ ਹੋਰ ਪੰਨਾ ਜੁੜਦਾ ਹੈ | ਸਿੱਖ ਕੌਮ 'ਤੇ ਇਕ ਸਮਾਂ ਅਜਿਹਾ ਆਇਆ ਜਦ ਹਕੂਮਤ ਨੇ ਸਿੱਖਾਂ ਨੂੰ  ਖਤਮ ਕਰਨ ਦੇ ਮਨਸੂਬੇ ਬਣਾਏ | ਸਿੱਖ ਜੰਗਲਾਂ ਵਿਚ ਰਹਿ ਕੇ ਗੁਜ਼ਾਰਾ ਕਰਨ ਲੱਗੇ | ਇਸੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਮਨੀ ਸਿੰਘ ਜੀ ਨੇ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਕਰਨ ਦੀ ਹਕੂਮਤ ਪਾਸੋਂ ਇਜਾਜ਼ਤ ਮੰਗੀ | ਹਕੂਮਤ ਨੇ ਮੰਦਭਾਵਨਾ ਤਹਿਤ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦਿੱਤੀ | ਹਕੂਮਤ ਦੀ ਮਨਸ਼ਾ ਇਕੱਠੇ ਹੋਏ ਸਿੱਖਾਂ ਨੂੰ  ਖਤਮ ਕਰਨ ਦੀ ਸੀ | ਭਾਈ ਮਨੀ ਸਿੰਘ ਨੂੰ  ਪਤਾ ਲੱਗਣ 'ਤੇ ਉਨ੍ਹਾਂ ਸੰਗਤਾਂ ਨੂੰ  ਅੰਮਿ੍ਤਸਰ ਆਉਣੋ ਰੋਕ ਦਿੱਤਾ | ਸਰਕਾਰ ਦੇ ਸਿੱਖਾਂ ਨੂੰ  ਨੁਕਸਾਨ ਪਹੁੰਚਾਉਣ ਦੇ ਮਨਸੂਬੇ ਧਰੇ-ਧਰਾਏ ਰਹਿ ਗਏ | ਇਸ 'ਤੇ ਲੋਹੀ-ਲਾਖੀ ਹੋਈ ਸਰਕਾਰ ਨੇ ਭਾਈ ਮਨੀ ਸਿੰਘ ਨੂੰ  ਨਿਸ਼ਾਨਾ ਬਣਾਇਆ | ਭਾਈ ਮਨੀ ਸਿੰਘ ਨੂੰ  ਟੈਕਸ ਨਾ ਤਾਰਨ ਬਦਲੇ ਇਸਲਾਮ ਜਾਂ ਮੌਤ ਕਬੂਲਣ ਦਾ ਫੁਰਮਾਨ ਜਾਰੀ ਕਰ ਦਿੱਤਾ | ਇਸ 'ਤੇ ਭਾਈ ਮਨੀ ਸਿੰਘ ਨੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ 'ਤੇ ਪਹਿਰਾ ਦਿੰਦਿਆਂ ਸ਼ਹਾਦਤ ਨੂੰ  ਪ੍ਰਵਾਨ ਕੀਤਾ | ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ  ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ |
ਇਸ ਤਰ੍ਹਾਂ ਬੰਦੀ ਛੋੜ ਦਿਹਾੜੇ ਦਾ ਇਤਿਹਾਸ ਮਨੁੱਖੀ ਹੱਕਾਂ ਲਈ ਸੰਘਰਸ਼ ਦੀ ਪ੍ਰੇਰਨਾ ਦਿੰਦਾ ਹੈ | ਸਿੱਖ ਕੌਮ ਦਾ ਇਹ ਖਾਸਾ ਰਿਹਾ ਹੈ ਕਿ ਇਸ ਨੇ ਹਮੇਸ਼ਾ ਹੀ ਸਮਾਜਿਕ ਕੁਰੀਤੀਆਂ ਦੇ ਨਾਲ-ਨਾਲ ਜਬਰ ਜ਼ੁਲਮ ਵਿਰੁੱਧ ਸੰਘਰਸ਼ ਕੀਤਾ | ਚੁਣੌਤੀਆਂ ਅਤੇ ਸੰਘਰਸ਼ ਦੇ ਦੌਰ ਵਿਚ ਸਿੱਖਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ | 
18ਵੀਂ ਸਦੀ ਦੇ ਮੁਸ਼ਕਿਲ ਦੌਰ ਵਿਚ ਵੀ ਸਿੱਖ ਪੰਥ ਬੰਦੀ ਛੋੜ ਦਿਵਸ ਮੌਕੇ ਸ੍ਰੀ ਅੰਮਿ੍ਤਸਰ ਵਿਚ ਇਕੱਠੇ ਹੋ ਕੇ ਕੌਮੀ ਲੇਖਾ-ਜੋਖਾ ਕਰਿਆ ਕਰਦਾ ਸੀ | ਇਸ ਮੌਕੇ ਬੀਤੇ ਸਮੇਂ ਦੇ ਕਾਰਜਾਂ ਨੂੰ  ਵਿਚਾਰ ਕੇ ਭਵਿੱਖਮੁਖੀ ਤਰਜੀਹਾਂ ਨਿਰਧਾਰਤ ਕੀਤੀਆਂ ਜਾਂਦੀਆਂ ਸਨ | ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਅੱਜ ਵੀ ਕੌਮ ਨੂੰ  ਕਈ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ, ਅੱਜ ਵੀ ਸਮਾਜ ਅੰਦਰ ਕੁਰੀਤੀਆਂ ਦੀ ਭਰਮਾਰ ਦੇ ਨਾਲ-ਨਾਲ ਪੰਥ ਵਿਰੋਧੀ ਸ਼ਕਤੀਆਂ ਸਰਗਰਮ ਹਨ, ਜਿਨ੍ਹਾਂ ਸੰਬੰਧੀ ਵਿਚਾਰ ਕਰਨ ਲਈ ਪੰਥਕ ਇਕਜੁਟਤਾ ਲਾਜ਼ਮੀ ਹੈ | ਸਿੱਖਾਂ ਵਲੋਂ ਕੁਰਬਾਨੀਆਂ ਨਾਲ ਸਥਾਪਤ ਕੀਤੀਆਂ ਸਿੱਖ ਸੰਸਥਾਵਾਂ ਨੂੰ  ਤੋੜਨ ਤੇ ਸਿੱਖ ਸ਼ਕਤੀ ਨੂੰ  ਕਮਜ਼ੋਰ ਕਰਨ ਦੇ ਕੋਝੇ ਯਤਨਾਂ ਤਹਿਤ ਚਾਲਾਂ ਚੱਲੀਆਂ ਜਾ ਰਹੀਆਂ ਹਨ | ਅੱਜ ਲੋੜ ਹੈ ਅਜਿਹੀਆਂ ਚਾਲਾਂ ਤੋਂ ਸੁਚੇਤ ਹੁੰਦੇ ਹੋਏ ਆਪਣੀਆਂ ਪੁਰਾਣੀਆਂ ਪ੍ਰੰਪਰਾਵਾਂ ਅਨੁਸਾਰ ਸਿੱਖ ਕੌਮ ਚੁਣੌਤੀਆਂ ਦੇ ਟਾਕਰੇ ਲਈ ਸਿਰਜੋੜ ਬੈਠੇ | ਬੰਦੀ ਛੋੜ ਦਿਵਸ ਦੀ ਸੰਗਤਾਂ ਨੂੰ  ਵਧਾਈ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਸਿੱਖ ਕੌਮ ਇਸ ਇਤਿਹਾਸਕ ਦਿਹਾੜੇ 'ਤੇ ਆਪਣੇ ਇਤਿਹਾਸ ਤੋਂ ਵੀ ਸੇਧ ਲਵੇ | ਬੰਦੀ ਛੋੜ ਦਿਹਾੜੇ ਦਾ ਸੁਨੇਹਾ ਸਿਰ ਜੋੜ ਕੇ ਬੈਠਣ ਅਤੇ ਪੰਥਕ ਚੁਣੌਤੀਆਂ ਚੋਂ ਉਭਰਨ ਲਈ ਇਕਜੁੱਟ ਹੋਣ ਦਾ ਸੱਦਾ ਹੈ | ਇਸ ਮੌਕੇ 'ਤੇ ਆਪਣੇ ਘਰਾਂ ਨੂੰ  ਰੁਸ਼ਨਾਉਣ ਦੇ ਨਾਲ-ਨਾਲ ਸ਼ਬਦ ਗੁਰੂ ਦੇ ਪ੍ਰਕਾਸ਼ ਰਾਹੀਂ ਆਪਣੇ ਹਿਰਦੇ ਨੂੰ  ਵੀ ਰੁਸ਼ਨਾਉਣਾ ਹੈ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਹੀ ਤਤਪਰ ਰਹਿਣਾ ਹੈ |
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |

ਪਿਛਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਅਭੁੱਲ ਅਨੁਭਵ ਅਗਲੀ ਖ਼ਬਰ ਆਲਮੀ ਮੇਲਾ ਹੈ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।