ਮਲੌਦ, 23 ਜੂਨ (ਦਿਲਬਾਗ ਸਿੰਘ ਚਾਪੜਾ)-ਮਲੌਦ ਸਬ ਤਹਿਸੀਲ ਦੇ ਨਾਇਬ ਤਹਿਸੀਲਦਾਰ ਰਘਵੀਰ ਸਿੰਘ ਨੂੰ ਵੱਖ ਵੱਖ ਕੇਸਾਂ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਬਲਾਕ ਵਿਕਾਸ ਅਫ਼ਸਰ ਨੂੰ ਵਿਜੀਲੈਂਸ ਵਿਭਾਗ ਵੱਲੋਂ ਫੜਿਆ ਗਿਆ ਸੀ। ਉਸ ਤੋਂ ਬਾਅਦ ਲੋਕਾਂ ਨੂੰ ਇਹਨਾਂ ਦਫ਼ਤਰਾਂ ਵਿੱਚ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਨਾਂ ਤਾਂ ਮਲੌਦ ਸਬ ਤਹਿਸੀਲ ਵਿਚ ਪੱਕੇ ਤੌਰ ’ਤੇ ਕਿਸੇ ਨਾਇਬ ਤਹਿਸੀਲਦਾਰ ਨੂੰ ਲਾਇਆ ਗਿਆ ਅਤੇ ਨਾ ਹੀ ਬਲਾਕ ਵਿਕਾਸ ਅਫ਼ਸਰ ਪੱਕੇ ਲਗਾਏ ਜਾ ਰਹੇ ਹਨ। ਸਿਰਫ਼ ਰਜਿਸਟਰੀਆਂ ਲਈ ਆਰਜ਼ੀ ਤੌਰ ’ਤੇ ਪਾਇਲ ਤਹਿਸੀਲ ਦੇ ਸੁਪਰਡੈਂਟ ਸਾਹਿਬ ਹਫ਼ਤੇ ਵਿੱਚ ਕੁੱਝ ਦਿਨ ਹਾਜ਼ਰੀ ਭਰ ਜਾਂਦੇ ਹਨ, ਜਦੋਂ ਕਿ ਪਹਿਲਾ ਰਹਿ ਚੁੱਕੇ ਨਾਇਬ ਤਹਿਸੀਲਦਾਰ ਦੇ ਬਿਨਾਂ ਦਸਤਖ਼ਤ ਕੀਤੀਆਂ ਵਸੀਅਤਾਂ ਅਤੇ ਰਜਿਸਟਰੀਆਂ ਵਾਲੇ ਲੋਕ ਆਏ ਦਿਨ ਦਫ਼ਤਰਾਂ ਦੇ ਗੇੜੇ ਕੱਢ ਕੇ ਮੁੜ ਜਾਂਦੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਪਤਾ ਲੱਗਾ ਕਿ ਪੰਚਾਇਤੀ ਕੰਮਾਂ ਵਿਚ ਵੀ ਕਈ ਸਰਪੰਚ ਤਾਂ ਸਿਰਫ਼ ਕਹਿਣ ਨੂੰ ਹੀ ਸਰਪੰਚ ਸਾਹਿਬ ਹਨ, ਪਰ ਉਨ੍ਹਾਂ ਦੀਆ ਪੇਮੈਂਟ ਕਰਨ ਵਾਲੀਆਂ ਡਿਜੀਟਲ ਦਸਤਖ਼ਤ ਵਾਲੀਆਂ ਡਾਉਗਲਾਂ ਇੱਕ ਅਸਰ ਰਸੂਖ਼ ਵਾਲੀ ਸ਼ਖ਼ਸੀਅਤ ਕੋਲ ਪਈਆਂ ਹਨ, ਜਿਹਨਾਂ ਦੀ ਦੇਖ ਰੇਖ ਹੇਠ ਹੀ ਕਿਸ ਨੂੰ ਕਿੰਨੀ ਪੈਮੈਟੇ ਪਾਉਂਣੀ ਹੈ, ਇਸਦੀ ਜ਼ਿੰਮੇਵਾਰੀ ਬਿਨਾ ਤਨਖ਼ਾਹ ਤੋਂ ਨਿਭਾਈ ਜਾਂਦੀ ਹੈ। ਭਾਵੇਂ ਪਹਿਲੀ ਵਾਰ ਹਲਕੇ ਨੂੰ ਅਜਿਹਾ ਵਿਧਾਇਕ ਮਿਲਿਆ ਹੈ ਜਿਸ ਦੀ ਰਿਹਾਇਸ਼ ਲੁਧਿਆਣੇ ਹੋਣ ਦੇ ਬਾਵਜੂਦ ਵੀ ਉਸ ਦੀ ਜ਼ਿਆਦਾ ਹਾਜ਼ਰੀ ਹਲਕੇ ਵਿਚ ਰਹਿੰਦੀ ਹੈ ਅਤੇ ਜਿਹੜੇ ਚਿੱਠੀ ਪੱਤਰ ਦੇ ਵੀ ਬਹੁਤ ਮਾਹਿਰ ਹਨ। ਪਰ ਪਤਾ ਨਹੀਂ ਕਿਉ ਇੱਥੇ ਕੋਈ ਪੱਕਾ ਅਫ਼ਸਰ ਲੰਮਾ ਸਮਾਂ ਨਹੀਂ ਟਿਕਦਾ। ਹੁਣ ਤਾਂ ਹਲਕਾ ਵਿਧਾਇਕ ਵੀ ਪਿੰਡਾਂ ਵਿੱਚ ਜਾ ਕੇ ਮਾਨ ਸਰਕਾਰ ਦੀ ਰਸੋਈ ਸਕੀਮ ਤਹਿਤ ਲੂਣ, ਤੇਲ, ਖੰਡ ਆਦਿ ਵੰਡਣ ਵਿਚ ਰੁਝੇ ਹੋਏ ਹਨ। ਭਾਵੇਂ ਪਾਰਟੀ ਨੇ ਉਨ੍ਹਾਂ ਦੀ ਮਦਦ ਲਈ ਡਾ. ਜਸਪ੍ਰੀਤ ਸਿੰਘ ਬੀਜਾ ਨੂੰ ਵੀ ਹਰ ਰੋਜ ਹਲਕਾ ਪਾਇਲ ਦੇ ਪੰਜ ਪਿੰਡਾਂ ਵਿਚ ਜਾ ਕੇ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਲਗਾਇਆ ਹੋਇਆ ਹੈ, ਪਰ ਜਦੋਂ ਦਫ਼ਤਰ ਹੀ ਅਫ਼ਸਰਾਂ ਤੋਂ ਖਾਲੀ ਹੋਣਗੇ, ਫਿਰ ਲੋਕ ਕੰਮ ਕਿਸ ਤੋਂ ਕਰਵਾਉਣ। ਹਲਕੇ ਵਿੱਚ ਵਿਰੋਧੀ ਧਿਰ ਵਾਲੇ ਆਗੂ ਵੀ ਸਿਰਫ਼ ਭੋਗ ਜਾਂ ਵਿਆਹ ਸਮਾਗਮਾਂ ਤੱਕ ਸੀਮਤ ਹਨ। ਸ਼ਾਇਦ ਉਹ ਵੀ ਇਹੀ ਚਾਹੁੰਦੇ ਹਨ ਕਿ ਲੋਕ ਖੱਜਲ ਖੁਆਰ ਹੁੰਦੇ ਰਹਿਣ, ਤਾਂ ਹੀ ਲੋਕ ਉਨ੍ਹਾਂ ਨੂੰ ਯਾਦ ਕਰਨਗੇ। ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਇਕ ਤਾਂ ਜੋ ਸਬ ਤਹਿਸੀਲ ਮਲੌਦ ਵਿੱਚ ਲੋਕਾਂ ਦੇ ਅਧੂਰੇ ਦਸਤਾਵੇਜ਼ ਪਏ ਹਨ, ਉਨ੍ਹਾਂ ਉੱਪਰ ਕਿਸੇ ਸੀਨੀਅਰ ਅਫ਼ਸਰ ਦੇ ਦਸਤਖ਼ਤ ਕਰਵਾ ਕੇ ਦਿੱਤੇ ਜਾਣ ਕਿਉਂਕਿ ਲੋਕ ਸਰਕਾਰੀ ਫ਼ੀਸਾਂ ਭਰ ਚੁੱਕੇ ਹਨ। ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਹੈ ਸਿਰਫ਼ ਸਬੰਧਿਤ ਅਧਿਕਾਰੀ ਦੇ ਦਸਤਖ਼ਤ ਨਹੀ ਹਨ। ਦੂਜਾ ਮਲੌਦ ਤਹਿਸੀਲ ਅਤੇ ਬਲਾਕ ਵਿੱਚ ਪੱਕੇ ਤੌਰ ’ਤੇ ਅਧਿਕਾਰੀ ਨਿਯੁਕਤ ਕੀਤੇ ਜਾਣ ਤਾਂ ਕਿ ਲੋਕਾਂ ਦੀ ਖੱਜਲ ਖੁਆਰੀ ਘਟ ਸਕੇ।
ਦਫ਼ਤਰ ਅਫ਼ਸਰਾਂ ਤੋਂ ਸੱਖਣੇ, ਵਿਧਾਇਕ ਤੇਲ ਦਾਲ ਵੰਡਣ ਵਿਚ ਰੁੱਝੇ
ਅਜੀਤ ਡੈਸਕ
24-06-2026