ਮਾਛੀਵਾੜਾ ਸਾਹਿਬ, 23 ਜੂਨ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ 32 ਗ੍ਰਾਮ ਹੈਰੋਇਨ ਸਮੇਤ ਪ੍ਰਿਤਪਾਲ ਕੌਰ ਅਤੇ ਅਰਸ਼ਦੀਪ ਸਿੰਘ ਉਰਫ਼ ਆਸ਼ੂ ਵਾਸੀ ਮਾਛੀਵਾੜਾ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਰਿਸ਼ਤੇ ਵਿਚ ਮਾਂ ਤੇ ਪੁੱਤਰ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਸਮਰਾਲਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਾਕਮ ਸਿੰਘ ਵਲੋਂ ਕੁਹਾੜਾ ਰੋਡ ’ਤੇ ਸਟੇਡੀਅਮ ਨੇੜ੍ਹੇ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਸਬੰਧੀ ਨਾਕਾਬੰਦੀ ਕੀਤੀ ਹੋਈ ਸੀ ਕਿ ਪਿੰਡ ਅਡਿਆਣਾ ਸਾਈਡ ਤੋਂ ਆਉਂਦੀ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਦਾ ਚਾਲਕ ਪੁਲਸ ਪਾਰਟੀ ਨੂੰ ਦੇਖ ਘਬਰਾ ਕੇ ਗੱਡੀ ਮੋੜਨ ਲੱਗਾ ਤਾਂ ਉਸ ਨੂੰ ਕਰਮਚਾਰੀਆਂ ਵਲੋਂ ਕਾਬੂ ਕਰ ਲਿਆ। ਗੱਡੀ ਦਾ ਚਾਲਕ ਤਾਕੀ ਖੋਲ੍ਹ ਕੇ ਭੱਜਣ ਲੱਗਾ ਜਿਸ ਨੂੰ ਕਾਬੂ ਕਰ ਲਿਆ ਗਿਆ ਅਤੇ ਉਸਦੀ ਕੰਡਕਟਰ ਸੀਟ ’ਤੇ ਇੱਕ ਔਰਤ ਬੈਠੀ ਸੀ। ਨੌਜਵਾਨ ਨੂੰ ਪਹਿਚਾਣ ਪੁੱਛਣ ’ਤੇ ਉਸ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਉਰਫ਼ ਆਸ਼ੂ ਦੱਸਿਆ ਅਤੇ ਗੱਡੀ ’ਚ ਨਾਲ ਬੈਠੀ ਔਰਤ ਨੇ ਆਪਣਾ ਨਾਮ ਪ੍ਰਿਤਪਾਲ ਕੌਰ ਦੱਸਿਆ। ਪੁਲਿਸ ਵਲੋਂ ਗੱਡੀ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 32 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵਲੋਂ ਉਕਤ ਦੋਸ਼ੀਆਂ ਖ਼ਿਲਾਫ਼ ਐੱਨ. ਡੀ. ਪੀ. ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
32 ਗ੍ਰਾਮ ਹੈਰੋਇਨ ਸਮੇਤ ਮਾਂ ਅਤੇ ਪੁੱਤਰ ਕਾਬੂ
ਅਜੀਤ ਡੈਸਕ
24-06-2026