ਸਮਰਾਲਾ, 23 ਜੂਨ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਅੱਜ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਹੋਣ ਸਾਰ ਹੀ ਇੱਕ ਅਕਾਲੀ ਕੌਂਸਲਰ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਜਾਣ ਦਾ ਹਾਈ ਵੋਲਟੇਜ ਡਰਾਮਾ ਹੋਇਆ। ਜਿਉਂ ਹੀ ਬੰਦ ਕਮਰੇ ਵਿੱਚ ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਮੁਕੰਮਲ ਹੋਈ ਤਾਂ ਸਥਾਨਕ ਵਿਧਾਇਕ ਵਲੋਂ ਇੱਕ ਅਕਾਲੀ ਕੌਂਸਲਰ ਅਮਨਦੀਪ ਸਿੰਘ ਰਾਜੂ ਨੂੰ ਕੌਂਸਲਰਾਂ ਦੀ ਕਥਿਤ ਤੌਰ ’ਤੇ ਖਰੀਦੋ- ਫ਼ਰੋਖ਼ਤ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਨ ਦੀ ਲਈ ਕਿਹਾ ਗਿਆ। ਪੁਲਿਸ ਵਲੋਂ ਅਮਨਦੀਪ ਰਾਜੂ ਨੂੰ ਫੜ ਕੇ ਆਪਣੀ ਗੱਡੀ ਵਿੱਚ ਬਿਠਾਉਣ ਦੀ ਕਾਰਵਾਈ ਸਮੇਂ ਨਗਰ ਕੌਂਸਲ ਦੇ ਬਾਹਰ ਇਕੱਠੇ ਹੋਏ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੋਧੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਕੌਂਸਲਰ ਦੀ ਪਤਨੀ ਅਤੇ ਤਿੰਨੇ ਅਕਾਲੀ ਕੌਂਸਲਰ ਅਤੇ ਭਾਜਪਾ ਦੇ ਆਗੂ ਨਿਸ਼ੂ ਚਹਿਲਾਂ ਪੁਲਿਸ ਦੀ ਗੱਡੀ ਅੱਗੇ ਧਰਨਾ ਮਾਰ ਕੇ ਬੈਠ ਗਏ। ਇਸ ਘਟਨਾ ਨਾਲ ਦੋਵੇਂ ਪਾਸੇ ਅਜਿਹਾ ਮਾਹੌਲ ਗਰਮ ਹੋ ਗਿਆ ਕਿ ਅਕਾਲੀ ਸਮਰਥਕਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਸਮਰਥਕ ਵਿਧਾਇਕ ਦੇ ਹੱਕ ਵਿੱਚ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲਗ ਪਏ। ਜਿਸ ਨਾਲ ਨਾ ਸਿਰਫ਼ ਦੋਵੇਂ ਧਿਰਾਂ ਵਲੋਂ ਰੌਲਾ ਰੱਪਾ ਵਧ ਗਿਆ ਤੇ ਮਾਹੌਲ ਤਣਾਅ ਪੂਰਵਕ ਵੀ ਹੋ ਗਿਆ। ਇਸ ਮੌਕੇ ਸਥਾਨਕ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਮੁੱਖ ਰੱਖਦਿਆਂ ਸਾਰੇ ਵਿਰੋਧੀ ਕੌਂਸਲਰਾਂ ਨੂੰ ਵੋਟਾਂ ਪਾਉਣ ਅਤੇ ਚੋਣ ਪ੍ਰੋਗਰਾਮ ਵਿੱਚ ਭਾਗ ਲੈਣ ਉਪਰੰਤ ਕੌਂਸਲਰਾਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਅਕਾਲੀ ਕੌਂਸਲਰ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਆਮ ਪਾਰਟੀ ਦੇ ਸਾਰੇ ਕੌਂਸਲਰ ਆਮ ਘਰਾਂ ’ਚੋਂ ਹਨ ਅਤੇ ਉਨ੍ਹਾਂ ਦਾ ਇੱਕ ਵੀ ਕੌਂਸਲਰ ਖ਼ਰੀਦਣ ਕਰਨ ਵਾਲਿਆਂ ਦੇ ਬਹਿਕਾਵੇ ਵਿੱਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਤਿੰਨ ਚਾਰ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਪ੍ਰਧਾਨ ਦੀ ਚੋਣ ਲਈ ਲੱਖਾਂ ਰੁਪਏ ਦੀ ਆਫ਼ਰ ਕਰ ਰਹੇ ਸਨ। ਆਖ਼ਰ ਕਿਸੇ ਤਰ੍ਹਾਂ ਪੁਲਿਸ ਦੀ ਗੱਡੀ ਨੂੰ ਘੇਰ ਕੇ ਬੈਠੇ ਰਹੇ ਅਕਾਲੀ ਵਰਕਰਾਂ ਨੂੰ ਸਮਝਾ ਕੇ ਪੁਲਿਸ ਵੱਲੋ ਫੜੇ ਅਕਾਲੀ ਕੌਂਸਲਰ ਨੂੰ ਥਾਣੇ ਲੈ ਗਈ ਜਿੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਢਿੱਲੋਂ ਜਥੇਦਾਰ ਹਰਜਤਿੰਦਰ ਸਿੰਘ ਬਾਜਵਾ, ਜ਼ਿਲ੍ਹਾ ਪਰਿਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ ਸਮੇਤ ਅਕਾਲੀ ਕੌਂਸਲਰ ਅਤੇ ਸਮਰਥਕ ਥਾਣੇ ਪਹੁੰਚ ਗਏ। ਮਿਲੀ ਜਾਣਕਾਰੀ ਅਨੁਸਾਰ ਆਖ਼ਰ ਪੁਲਿਸ ਨੇ ਅਕਾਲੀ ਕੌਂਸਲਰ ਤੋਂ ਬਿਆਨ ਲਿਖਾ ਕਿ ਉਸ ਨੂੰ ਛੱਡ ਦਿੱਤਾ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰੇਗੀ। ਇਸ ਮੌਕੇ ਅਕਾਲੀ ਆਗੂ ਜਥੇਦਾਰ ਹਰਜਤਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਕੌਂਸਲਰ ਪਛੜੀਆਂ ਸ਼ੇ੍ਰਣੀਆਂ ਦੀ ਕੈਟਾਗਰੀ ਵਿੱਚ ਆਉਂਦਾ ਹੈ ਅਤੇ ਉਸ ਨੇ ਇਸ ਸਬੰਧੀ ਚੁਣੇ ਗਏ ਪ੍ਰਧਾਨ ਤੇ ਇਤਰਾਜ਼ ਦਾਖਲ ਕੀਤਾ ਸੀ ਜਿਸ ਕਾਰਨ ਪੁਲਿਸ ਨੇ ਉਸ ਨੂੰ ਚੋਣ ਤੋਂ ਪਹਿਲਾਂ ਵੀ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕਿ ਅਕਾਲੀ ਵਰਕਰਾਂ ਦੇ ਵਿਰੋਧ ਕਾਰਨ ਸਫਲ ਨਹੀਂ ਹੋਈ ਪਰ ਚੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਇਤਰਾਜ਼ ਚੋਣ ਕਮਿਸ਼ਨ ਨੂੰ ਵੀ ਭੇਜੇ ਹਨ ਇਸ ਸਬੰਧੀ ਜਵਾਬ ਮਿਲਣ ਤੇ ਉਹ ਅਗਲੀ ਕਾਰਵਾਈ ਤੇ ਵਿਚਾਰ ਕਰਨਗੇ।