ਸਾਹਨੇਵਾਲ, 30 ਮਾਰਚ (ਹਨੀ ਚਾਠਲੀ)-ਖਾੜੀ ਵਿਚ ਅਮਰੀਕਾ ਇਜ਼ਰਾਈਲ ਤੇ ਈਰਾਨ ਵਿਚਾਲੇ ਲਗਭਗ 20-25 ਦਿਨਾਂ ਤੋਂ ਚਲ ਰਹੀ ਜੰਗ ਨੂੰ ਦੇਖਦਿਆ ਹੋਇਆਂ ਜਿੱਥੇ ਸੋਸ਼ਲ ਮੀਡੀਆ ਤੇ ਝੂਠੀਆ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿਚ ਗੈਸ ਸਿਲੰਡਰਾਂ ਦੀ ਭਾਰੀ ਕਮੀ ਹੋ ਜਾਵੇਗੀ ਅਤੇ ਇਸ ਅਫ਼ਵਾਹਾਂ ਨੂੰ ਦੇਖਦਿਆ ਹੋਇਆਂ ਲੋਕਾਂ ਵਿਚ ਇਕ ਹਫ਼ੜਾ ਦਫ਼ੜੀ ਮੱਚਣੀ ਸ਼ੁਰੂ ਹੋ ਗਈ ਅਤੇ ਲੋਕਾਂ ਵਲੋਂ ਤੜਕਸਾਰ ਤੋਂ ਹੀ ਗੈਸ ਏਜੰਸੀਆਂ ਦੇ ਅੱਗੇ ਸਿਲੰਡਰ ਲੈਣ ਲਈ ਖੜੇ ਹੋਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਲੋਕਾਂ ਵਿਚ ਇਹ ਇਕ ਭਰਮ ਫੈਲ ਜਾਂਦਾ ਹੈ ਕਿ ਗੈਸ ਹੁਣ ਜਲਦੀ ਨਹੀਂ ਮਿਲੇਗੀ | ਪਰ ਇਨ੍ਹਾਂ ਗੈਸ ਸਿਲੰਡਰਾਂ ਦੀ ਭਾਰੀ ਕਮੀ ਸੰਬੰਧੀ ਸਾਰੀਆਂ ਅਫ਼ਵਾਹਾਂ ਦਾ ਸਿਰੇ ਤੋਂ ਖੰਡਨ ਕਰਦਿਆਂ ਸੁਹਾਵੀ ਗੈਸ ਏਜੰਸੀ ਸਾਹਨੇਵਾਲ ਦੇ ਮਾਲਕ ਸਰਵਮਨਦੀਪ ਸਿੰਘ ਨੇ ਕਿਹਾ ਕਿ ਸਾਨੂੰ ਸਰਕਾਰ ਵਲੋਂ ਗੈਸ ਸਹੀ ਢੰਗ ਨਾਲ ਮਿਲ ਰਹੀ ਹੈ ਤੇ ਲੋਕਾਂ ਵਿਚ ਸਹੀ ਢੰਗ ਤਰੀਕੇ ਨਾਲ ਗੈਸ ਸਿਲੰਡਰਾਂ ਦੀ ਸਪਲਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਆਪਣੇ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਵਾਲੇ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਕਿਸੇ ਵੀ ਗੈਸ ਖਪਤਕਾਰ ਤੋਂ ਸੀਮਤ ਕੀਮਤ ਤੋਂ ਵਧ ਪੈਸੇ ਨਾ ਲਏ ਜਾਣ ਅਤੇ ਜਿਨ੍ਹਾਂ ਖਪਤਕਾਰਾਂ ਨੇ ਗੈਸ ਸਿਲੰਡਰ ਸਹੀ ਸਮੇਂ 'ਤੇ ਬੁੱਕ ਕਰਵਾਏ ਹਨ ਅਤੇ ਜਿਨ੍ਹਾਂ ਖਪਤਕਾਰਾਂ ਦੇ ਕੋਲ ਸਿਲੰਡਰ ਬੁੱਕ ਕਰਵਾਉਣ ਉਪਰੰਤ ਡੀ. ਏ. ਸੀ. ਕੋਡ ਹੁੰਦਾ ਹੈ ਉਨ੍ਹਾਂ ਨੂੰ ਅਸੀਂ ਸਹੀ ਸਮੇਂ 'ਤੇ ਗੈਸ ਸਿਲੰਡਰਾਂ ਦੀ ਸਪਲਾਈ ਘਰ ਤੱਕ ਮਹੁੱਈਆ ਕਰਵਾ ਰਹੇ ਹਾਂ | ਸਰਵਮਨਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਬਚੋ ਅਤੇ ਕਿਸੇ ਖਪਤਕਾਰ ਨੂੰ ਗੈਸ ਸਿਲੰਡਰਾਂ ਦੇ ਸੰਬੰਧੀ ਸਮੱਸਿਆ ਆਉਂਦੀ ਹੈ ਤੇ ਉਹ ਸਾਡੇ ਨਾਲ ਦਫ਼ਤਰ ਵਿਖੇ ਆ ਕੇ ਸੰਪਰਕ ਕਰ ਸਕਦਾ ਹੈ |