ਮਾਛੀਵਾੜਾ ਸਾਹਿਬ, 26 ਮਾਰਚ (ਰਾਜਦੀਪ ਸਿੰਘ ਅਲਬੇਲਾ)-ਪਿਛਲੇ ਕਈ ਦਿਨਾਂ ਤੋਂ ਈਰਾਨ ਤੇ ਇਜ਼ਰਾਇਲ ਦੀ ਜੰਗ ਤੋਂ ਬਾਅਦ ਪਹਿਲਾਂ ਗੈਸ ਸਿਲੰਡਰਾਂ ਲਈ ਲੋਕ ਲਾਈਨਾਂ ਵਿਚ ਲੱਗੇ ਦਿਖਾਈ ਦੇ ਰਹੇ ਸਨ |
ਸਰਕਾਰ ਤੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਗੈਸ ਦੀ ਕੋਈ ਕਮੀ ਨਹੀਂ | ਪਰ ਇਸ ਦੇ ਬਾਵਜੂਦ ਵੀ ਜਿਸ ਦਿਨ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਜੰਗ ਕਾਰਨ ਭਾਰਤ ਵਿਚ ਲਾਕਡਾਊਨ ਵਰਗੇ ਹਾਲਾਤ ਪੈਦਾ ਹੋਣ ਦੀ ਸੰਭਾਵਨਾ ਬਾਰੇ ਜ਼ਿਕਰ ਕੀਤਾ ਤਾਂ ਉਸ ਤੋਂ ਬਾਅਦ ਇਹ ਅਫ਼ਵਾਹਾਂ ਜ਼ੋਰਾਂ 'ਤੇ ਹਨ ਕਿ ਕਦੇ ਵੀ ਲਾਕਡਾਊਨ ਲੱਗ ਸਕਦਾ ਹੈ | ਪੈਟਰੋਲ ਪੰਪ ਦੇ ਮੈਨੇਜਰ ਸੰਦੀਪ ਠਾਕੁਰ ਨੇ ਦੱਸਿਆ ਕਿ ਸਾਡੇ ਕੋਲ ਡੀਜ਼ਲ ਤੇ ਪੈਟਰੋਲ ਦੀ ਕੋਈ ਕਮੀ ਨਹੀਂ ਅਤੇ ਪਿੱਛੋਂ ਸਪਲਾਈ ਵੀ ਨਿਰਵਿਘਨ ਆ ਰਹੀ ਹੈ | ਪਰ ਲਾਕਡਾਊਨ ਦੀਆਂ ਅਫ਼ਵਾਹਾਂ ਕਾਰਨ ਲੋਕਾਂ ਵਿਚ ਘਬਰਾਹਟ ਫੈਲ ਗਈ ਕਿ ਕਿਤੇ ਪੈਟਰੋਲੀਅਮ ਪਦਾਰਥਾਂ ਦੀ ਕਮੀ ਨਾ ਆ ਜਾਵੇ | ਉਨ੍ਹਾਂ ਕਿਹਾ ਕਿ ਲੋਕ ਘਬਰਾਹਟ ਵਿਚ ਆ ਕੇ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਵਾ ਰਹੇ ਹਨ, ਫਿਲਹਾਲ ਘਬਰਾਉਣ ਵਾਲੀ ਕੋਈ ਸਥਿਤੀ ਨਹੀਂ ਹੈ | ਅੱਜ ਸਵੇਰ ਤੋਂ ਪੈਟਰੋਲ ਪੰਪਾਂ ਦੇ ਬਾਹਰ ਵੀ ਲੋਕਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ | ਲੋਕਾਂ ਵਲੋਂ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਵਾਈਆਂ ਜਾ ਰਹੀਆਂ ਸਨ, ਇੱਥੋਂ ਤੱਕ ਕਿਸਾਨਾਂ ਵਲੋਂ ਅੱਗੇ ਕਣਕ ਦੀ ਵਾਢੀ ਨੂੰ ਦੇਖਦਿਆਂ ਡੀਜ਼ਲ ਦੀ ਜ਼ਰੂਰਤ ਪੂਰੀ ਕਰਨ ਲਈ ਉਸ ਦੇ ਡਰੱਮ ਭਰਵਾਏ ਜਾ ਰਹੇ ਹਨ | ਖ਼ੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਅਮਰਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਮਾਛੀਵਾੜਾ ਇਲਾਕੇ ਵਿਚ ਗੈਸ ਏਜੰਸੀਆਂ ਤੋਂ ਸਿਲੰਡਰਾਂ ਦੀ ਸਪਲਾਈ ਨਿਰਵਿਘਨ ਜਾਰੀ ਹੈ | ਪਰ ਕੁੱਝ ਲੋਕ ਜੰਗ ਦੀਆਂ ਖ਼ਬਰਾਂ ਸੁਣ ਸਿਲੰਡਰ ਇਕੱਠੇ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਹਨ ਕਿ ਜਿਸ ਨੇ ਵੀ ਸਿਲੰਡਰਾਂ ਦੀ ਕਾਲਾਬਾਜ਼ਾਰੀ ਕੀਤੀ ਉਹ ਬਖ਼ਸ਼ਿਆ ਨਹੀਂ ਜਾਵੇਗਾ |
ਪੈਟਰੋਲ ਪੰਪਾਂ ਦੇ ਬਾਹਰ ਵੀ ਲਾਈਨਾਂ 'ਚ ਲੱਗ ਲੋਕ ਭਰਵਾ ਰਹੇ ਪੈਟਰੋਲ ਤੇ ਡੀਜ਼ਲ
ਅਜੀਤ ਡੈਸਕ
27-03-2026