ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਬੁਲੇ੍ਹਪੁਰ (ਖੰਨਾ) ਵਿਖੇ ਨਵੇਂ ਅਦਾਲਤੀ ਅਹਾਤੇ ਬਣਾਉਣ ਦੇ ਵਿਰੋਧ ਅਤੇ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਦੀ ਮੰਗ ਪੂਰੀ ਕਰਵਾਉਣ ਲਈ ਖੰਨਾ ਸੰਘਰਸ਼ ਕਮੇਟੀ ਵੱਲੋਂ ਕਰਨੈਲ ਸਿੰਘ ਇਕੋਲਾਹਾ ਦੀ ਅਗਵਾਈ ਹੇਠ ਉਪ ਮੰਡਲ ਮਜਿਸਟਰੇਟ ਦਫ਼ਤਰ ਸਾਹਮਣੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ 81ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ | ਖੰਨਾ ਸੰਘਰਸ਼ ਕਮੇਟੀ ਨੇ ਇੱਕ ਮਹੱਤਵਪੂਰਨ ਪੱਤਰ ਸਾਹਮਣੇ ਲਿਆਉਂਦਿਆਂ ਦੋਸ਼ ਲਾਇਆ ਕਿ ਏ. ਆਈ. ਪੀ. ਐਲ. ਸੈੱਲੇਬ੍ਰੇਸ਼ਨ ਬਾਜ਼ਾਰ ਗਰੁੱਪ ਵੱਲੋਂ 27 ਮਾਰਚ 2026 ਨੂੰ ਇੱਕ ਪ੍ਰਜ਼ੈਂਟੇਸ਼ਨ ਰੱਖੀ ਗਈ ਹੈ, ਜਿਸ ਵਿੱਚ ਨਵੇਂ ਬਣ ਰਹੇ ਕੋਰਟ ਕੰਪਲੈਕਸ ਦੇ ਨਾਲ ਲੱਗਦੇ ਇਲਾਕੇ ਵਿੱਚ ਕਾਨੂੰਨੀ ਵਰਗ ਲਈ ਰੈਡੀ-ਟੂ-ਮੂਵ ਦਫ਼ਤਰੀ ਸਪੇਸ ਲਾਂਚ ਕੀਤੇ ਜਾ ਰਹੇ ਹਨ | ਖੰਨਾ ਸੰਘਰਸ਼ ਕਮੇਟੀ ਨੇ ਦੋਸ਼ ਲਗਾਇਆ ਕਿ ਇਹ ਪੱਤਰ ਸਾਬਤ ਕਰਦਾ ਹੈ ਕਿ ਕੋਰਟ ਕੰਪਲੈਕਸ ਦੀ ਉਸਾਰੀ ਦੇ ਪਿੱਛੇ ਵੱਡਾ ਵਪਾਰਕ ਲਾਭ ਛੁਪਿਆ ਹੋਇਆ ਹੈ ਅਤੇ ਇਹ ਪੂਰਾ ਪ੍ਰੋਜੈਕਟ ਕੁੱਝ ਨਿੱਜੀ ਕੰਪਨੀਆਂ ਅਤੇ ਖ਼ਾਸ ਗਰੁੱਪਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ | ਖੰਨਾ ਸੰਘਰਸ਼ ਕਮੇਟੀ ਨੇ ਤਿੱਖੇ ਸ਼ਬਦਾਂ ਵਿੱਚ ਸਵਾਲ ਕੀਤਾ ਕਿ ਕੀ ਸਰਕਾਰੀ ਕੋਰਟ ਕੰਪਲੈਕਸ ਲੋਕਾਂ ਦੀ ਸੁਵਿਧਾ ਲਈ ਬਣਾਇਆ ਜਾ ਰਿਹਾ ਹੈ ਜਾਂ ਪਹਿਲਾਂ ਤੋਂ ਤੈਅ ਕੀਤੇ ਨਿੱਜੀ ਵਪਾਰਕ ਪ੍ਰੋਜੈਕਟਾਂ ਨੂੰ ਲਾਭ ਪਹੁੰਚਾਉਣ ਲਈ? ਉਨ੍ਹਾਂ ਕਿਹਾ ਕਿ ਜੇ ਇਹ ਮਾਮਲਾ ਸਹੀ ਹੈ ਤਾਂ ਇਹ ਸਿਰਫ਼ ਨੈਤਿਕ ਨਹੀਂ, ਸਗੋਂ ਕਾਨੂੰਨੀ ਤੌਰ 'ਤੇ ਵੀ ਗੰਭੀਰ ਜਾਂਚ ਦਾ ਵਿਸ਼ਾ ਹੈ ਅਤੇ ਇਸ ਵਿੱਚ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ | ਸੰਘਰਸ਼ ਕਮੇਟੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ 'ਚ ਪਾਰਦਰਸ਼ਤਾ ਨਹੀਂ ਦਿਖਾਈ ਅਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਨਾ ਦਿੱਤਾ ਤਾਂ ਇਹ ਸੰਘਰਸ਼ ਸੂਬਾ ਪੱਧਰ 'ਤੇ ਵੱਡੇ ਅੰਦੋਲਨ ਵਿੱਚ ਤਬਦੀਲ ਕੀਤਾ ਜਾਵੇਗਾ |