• ਕਿਸਾਨਾਂ ਦਾ ਵਫ਼ਦ ਪੁਲਿਸ ਅਧਿਕਾਰੀਆਂ ਨੂੰ ਮਿਲਿਆ
ਡੇਹਲੋਂ, 26 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਕਿਲ੍ਹਾ ਰਾਏਪੁਰ ਸਮੇਤ ਇਲਾਕੇ ਦੇ ਪਿੰਡਾਂ ਅੰਦਰ ਕਿਸਾਨਾਂ ਦੀਆਂ ਮੋਟਰਾਂ ਦੇ ਟਰਾਂਸਫ਼ਾਰਮਰ, ਤਾਰਾਂ, ਸਟਾਰਟਰ ਆਦਿ ਚੋਰੀ ਦੀਆਂ ਘਟਨਾਵਾਂ ਵਿਚ ਨਿੱਤ ਦਿਨ ਵਾਧਾ ਹੋਣ ਕਾਰਨ ਕਿਸਾਨ ਵਧੇਰੇ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ, ਜਿਸ ਦੇ ਮੱਦੇਨਜ਼ਰ ਕਿਸਾਨਾਂ ਦੇ ਪੱਲੇ ਪ੍ਰਸ਼ਾਸਨ ਨੂੰ ਕੋਸਣ ਤੋਂ ਸਵਾਏ ਕੁੱਝ ਹੋਰ ਕੁੱਝ ਨਹੀ ਹੈ | ਇਸ ਸੰਬੰਧੀ ਕਿਸਾਨਾਂ ਦਾ ਇੱਕ ਵਫ਼ਦ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੀਤੀ, ਥਾਣਾ ਡੇਹਲੋਂ ਵਿਖੇ ਡਿਊਟੀ ਅਫ਼ਸਰ ਗਮਦੂਰ ਸਿੰਘ ਨੂੰ ਮਿਲਿਆ | ਉਨ੍ਹਾਂ ਦੱਸਿਆ ਕਿ ਕਿਲ੍ਹਾ ਰਾਏਪੁਰ ਵਿੱਚ ਪਿਛਲੇ ਦਿਨੀਂ ਖੇਤਾਂ ਦੀਆਂ ਦੋ ਦਰਜਨ ਮੋਟਰਾਂ ਦੇ ਟਰਾਂਸਫ਼ਾਰਮਰ, ਤਾਰਾਂ, ਸਟਾਰਟਰਾਂ ਸਮੇਤ ਹੋਰ ਖੇਤੀਬਾੜੀ ਨਾਲ ਸਬੰਧਿਤ ਸੰਦ ਚੋਰੀ ਹੋ ਗਏ ਹਨ | ਜਿਸ ਵਿਚ ਪਰਮਿੰਦਰ ਸਿੰਘ ਤੇ ਅਵਤਾਰ ਸਿੰਘ ਦੀਆਂ ਮੋਟਰਾਂ ਸਮੇਤ ਕਈ ਹੋਰ ਬੰਦਿਆਂ ਦੀ ਮੋਟਰਾਂ ਤੋਂ ਸਮਾਨ ਚੋਰੀ ਕੀਤਾ ਗਿਆ ਹੈ | ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਇਲਾਕੇ ਵਿਚ ਨਸ਼ੇ ਕਰਨ, ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਮਾੜੇ ਅਨਸਰਾਂ ਨੂੰ ਰੋਕਣ ਲਈ ਪੁਲਿਸ ਵਿਸ਼ੇਸ਼ ਮੁਹਿੰਮ ਚਲਾ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਖੇਤੀ ਦੇ ਧੰਦੇ ਵਿਚ ਘਾਟਾ ਖਾ ਰਹੇ ਕਿਸਾਨਾਂ 'ਤੇ ਮੋਟਰਾਂ ਦਾ ਸਮਾਨ ਚੋਰੀ ਹੋਣ ਨਾਲ ਹੋਰ ਬੋਝ ਪਵੇਗਾ | ਇਸ ਮੌਕੇ ਤੇ ਡਿਊਟੀ ਅਫ਼ਸਰ ਗਮਦੂਰ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ | ਇਸ ਸਮੇਂ ਰਣਧੀਰ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ |
ਕਿਲ੍ਹਾ ਰਾਏਪੁਰ 'ਚ ਮੋਟਰਾਂ ਦੇ ਟਰਾਂਸਫ਼ਾਰਮਰ, ਤਾਰਾਂ, ਸਟਾਰਟਰ ਚੋਰੀ ਦੀਆਂ ਵਾਰਦਾਤਾਂ ਵਿਚ ਭਾਰੀ ਵਾਧਾ
ਅਜੀਤ ਡੈਸਕ
27-03-2026