ਮਾਛੀਵਾੜਾ ਸਾਹਿਬ, 25 ਮਾਰਚ (ਰਾਜਦੀਪ ਸਿੰਘ ਅਲਬੇਲਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਦੁਰਗਾ ਸ਼ਕਤੀ ਮੰਦਰ ਕਮੇਟੀ ਵਲੋਂ ਜੋ ਸ਼ਰਧਾਲੂਆਂ ਦਾ ਪੈਦਲ ਜਥਾ ਜਾਂਦਾ ਹੈ ਉਸ ਲਈ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਦਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਪ੍ਰਧਾਨ ਨੰਦ ਕਿਸ਼ੋਰ, ਯਾਤਰਾ ਇੰਚਾਰਜ ਸ਼ਿਵਚਰਨ ਸ਼ਰਮਾ, ਅਸ਼ੋਕ ਲੀਹਲ, ਸੰਨੀ ਸੂਦ, ਅਰੁਣ ਵਰਮਾ ਵਲੋਂ ਸਨਮਾਨ ਕੀਤਾ ਗਿਆ | ਜਾਣਕਾਰੀ ਅਨੁਸਾਰ ਪਿਛਲੀਆਂ ਪੰਜ ਪੀੜ੍ਹੀਆਂ ਤੋਂ ਆਪਣੇ ਪੁਰਖਿਆਂ ਦੀ ਲੰਗਰ ਪ੍ਰਥਾ ਨੂੰ ਉੱਚੇ ਪਿੰਡ ਦਾ ਗੋਗਨਾ ਪਰਿਵਾਰ ਨਿਭਾਉਂਦਾ ਆ ਰਿਹਾ ਹੈ | ਪੁਰਾਣੇ ਸਮੇਂ ਵਿਚ ਜਦੋਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਦੋਂ ਸੜਕ ਨਹੀਂ ਸੀ ਤਾਂ ਉਸ ਸਮੇਂ ਸ਼ਰਧਾਲੂ ਅਨੰਦਪੁਰ ਸਾਹਿਬ ਨੇੜੇ ਕੌਲਾਂ ਵਾਲੇ ਟੋਭੇ ਤੋਂ ਪੈਦਲ ਯਾਤਰਾ ਕਰਦੇ ਸਨ ਅਤੇ ਅੱਧੇ ਰਸਤੇ ਵਿਚ ਇੱਕ ਪਹਾੜੀ 'ਤੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਉੱਚਾ ਪਿੰਡ ਦੇ ਗੋਗਨਾ ਪਰਿਵਾਰ ਨੇ ਇੱਥੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ, ਜਿੱਥੇ ਸ਼ਰਧਾਲੂ ਲੰਗਰ ਛਕ ਕੇ ਵਿਸ਼ਰਾਮ ਕਰਦੇ ਸਨ | ਇਸ ਲੰਗਰ ਦੀ ਪ੍ਰਥਾ ਨੂੰ ਹੁਣ ਵੀ ਜਾਰੀ ਰੱਖਦੇ ਹੋਏ ਗੋਗਨਾ ਪਰਿਵਾਰ ਦੇ ਰਾਜੇਸ਼ ਕੁਮਾਰ ਤੇ ਸ਼ਿਵ ਕੁਮਾਰ ਨੇ ਦੱਸਿਆ ਕਿ ਪੁਰਾਣੇ ਸਮਿਆਂ ਵਿਚ ਉਨ੍ਹਾਂ ਦੇ ਪੁਰਖਾਂ ਨੂੰ ਹਿਮਾਚਲ ਦੇ ਰਾਜਾ ਹਰੀ ਚੰਦ ਨੇ ਲੰਗਰ ਲਗਾਉਣ ਲਈ ਇਹ ਜਗ੍ਹਾ ਦਿੱਤੀ ਸੀ, ਜਿਸ ਨੂੰ 'ਪਾਧਿਆਂ ਦਾ ਪੜਾਓ' ਨਾਮ ਦਿੱਤਾ ਅਤੇ ਪਹਾੜੀ 'ਤੇ ਸਥਾਪਿਤ ਇਸ ਜਗ੍ਹਾ ਨੂੰ 'ਅਰਧ ਕੁਮਾਰੀ' ਵੀ ਕਿਹਾ ਜਾਂਦਾ ਹੈ | ਗੋਗਨਾ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖਿਆਂ 'ਚ ਸਵ. ਦੇਵੀ ਦਿਆਲ ਨੇ ਇੱਥੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਅਤੇ ਉਨ੍ਹਾਂ ਤੋਂ ਬਾਅਦ ਹੁਣ ਤੱਕ 5ਵੀਂ ਪੀੜ੍ਹੀ ਸਾਵਣ ਤੇ ਚੇਤ ਦੇ ਨਰਾਤਿਆਂ ਵਿਚ ਲੰਗਰ ਦੀ ਸੇਵਾ ਕਰਨ ਲਈ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਚੇਤ ਤੇ ਸਾਵਣ ਦੇ ਨਰਾਤਿਆਂ ਦੇ 9 ਦਿਨ ਉਹ ਇੱਥੇ ਪਰਿਵਾਰ ਅਤੇ ਹੋਰ ਸੇਵਾਦਾਰਾਂ ਨੂੰ ਨਾਲ ਲੈ ਕੇ ਪੈਦਲ ਜਾਂਦੇ ਸ਼ਰਧਾਲੂਆਂ ਦੀ ਪਹਾੜੀ 'ਤੇ ਲੰਗਰ ਲਗਾ ਕੇ ਸੇਵਾ ਕਰਦੇ ਹਨ ਅਤੇ ਇਹ ਪ੍ਰਥਾ ਉਨ੍ਹਾਂ ਦੇ ਪੁਰਖਿਆਂ ਵਲੋਂ ਪੰਜ ਪੀੜ੍ਹੀਆਂ ਤੋਂ ਨਿਰੰਤਰ ਜਾਰੀ ਹੈ |