ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਪਿੰਡ ਲਸਾੜਾ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ | ਇੱਥੇ 21 ਸਾਲਾ ਇੱਕ ਨੌਜਵਾਨ ਗੈਸ ਚੁੱਲ੍ਹੇ ਕੋਲ ਅੱਗ ਸੇਕਦੇ ਸਮੇਂ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਿਆ | ਅੱਗ ਭੜਕਣ ਨਾਲ ਨੌਜਵਾਨ ਦੇ ਕੱਪੜਿਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਉਸ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ | ਹਾਦਸਾ ਇੰਨਾ ਅਚਾਨਕ ਵਾਪਰਿਆ ਕਿ ਨੌਜਵਾਨ ਆਪਣੇ ਆਪ ਨੂੰ ਬਚਾ ਨਹੀਂ ਸਕਿਆ | ਘਟਨਾ ਤੋਂ ਤੁਰੰਤ ਬਾਅਦ ਘਰ ਵਿੱਚ ਅਫ਼ਰਾ-ਤਫ਼ਰੀ ਮਚ ਗਈ | ਪਰਿਵਾਰਕ ਮੈਂਬਰਾਂ ਨੇ ਬਿਨਾਂ ਸਮਾਂ ਗੁਆਏ ਜ਼ਖ਼ਮੀ ਨੌਜਵਾਨ ਨੂੰ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ | ਉੱਥੇ ਮੌਜੂਦ ਡਾਕਟਰਾਂ ਨੇ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਤੁਰੰਤ ਮੁੱਢਲਾ ਇਲਾਜ ਕੀਤਾ | ਡਾਕਟਰਾਂ ਮੁਤਾਬਿਕ ਨੌਜਵਾਨ ਕਾਫ਼ੀ ਹੱਦ ਤੱਕ ਝੁਲਸ ਚੁੱਕਾ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਮੁੱਢਲੇ ਇਲਾਜ ਤੋਂ ਬਾਅਦ ਵਿਸ਼ੇਸ਼ ਇਲਾਜ ਲਈ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ | ਜ਼ਖ਼ਮੀ ਨੌਜਵਾਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਠੰਢ ਕਾਰਨ ਗੈਸ ਚੁੱਲ੍ਹੇ ਕੋਲ ਅੱਗ ਸੇਕ ਰਿਹਾ ਸੀ | ਇਸ ਦੌਰਾਨ ਅਚਾਨਕ ਅੱਗ ਤੇਜ਼ ਹੋ ਗਈ ਅਤੇ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ | ਅੱਗ ਲੱਗਦੇ ਹੀ ਨੌਜਵਾਨ ਚੀਕਣ ਲੱਗ ਪਿਆ, ਜਿਸ ਦੀ ਆਵਾਜ਼ ਸੁਣ ਕੇ ਪਰਿਵਾਰ ਦੇ ਹੋਰ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਕਿਸੇ ਤਰ੍ਹਾਂ ਅੱਗ ਬੁਝਾਈ | ਇਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ ਲੈ ਜਾਇਆ ਗਿਆ | ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਹਰ ਸੰਭਵ ਇਲਾਜ ਕੀਤਾ ਪਰ ਹਾਲਤ ਗੰਭੀਰ ਹੋਣ ਕਾਰਨ ਨੌਜਵਾਨ ਨੂੰ ਪਟਿਆਲਾ ਰੈਫ਼ਰ ਕੀਤਾ ਗਿਆ ਹੈ, ਜਿੱਥੇ ਹੁਣ ਉਸ ਦਾ ਇਲਾਜ ਚੱਲੇਗਾ |