ਮਲੌਦ, 20 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਡੇਵਾਲ ਪੁਲ ਤੋਂ ਵਾਇਆ ਜੰਡਾਲੀ, ਜਰਗੜੀ ਹੋ ਕੇ ਜਰਗ ਤੱਕ ਸੜਕ ਦਾ ਨੀਂਹ ਪੱਥਰ ਅੱਜ 21 ਜਨਵਰੀ ਨੂੰ ਦੁਪਹਿਰ 12 ਵਜੇ ਰੱਖਿਆ ਜਾਵੇਗਾ | ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਲਾਕੇ ਦੀ ਚਿਰਾਂ ਤੋਂ ਲਟਕਦੀ ਚਿਰਕੋਣੀ ਮੰਗ ਅੱਜ ਪੂਰੀ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਟੁੱਟ ਚੁੱਕੀ ਸੜਕ ਦੀ ਹਾਲਤ ਏਨੀ ਕੁ ਤਰਸਯੋਗ ਹੋ ਗਈ ਸੀ ਕਿ ਰਾਹਗੀਰ ਲੋਕਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਆਪਣੀ ਮੰਜ਼ਿਲ 'ਤੇ ਪਹੁੰਚਣਾ ਪੈਂਦਾ ਸੀ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ ਦੀ ਅਗਵਾਈ ਹੇਠ ਇਹ ਸੜਕ 12 ਫੁੱਟ ਚੌੜਾਈ ਤੋਂ ਵਧਾ ਕੇ 18 ਫੁੱਟ ਕੀਤੀ ਜਾਵੇਗੀ ਜਿਸ ਦੀ ਲੰਬਾਈ 9.56 ਕਿੱਲੋਮੀਟਰ ਹੈ ਜੋ ਲੋਕ ਨਿਰਮਾਣ ਵਿਭਾਗ ਦੁਆਰਾ ਸੜਕ ਨੂੰ ਨਵੀਂ ਦਿੱਖ ਪ੍ਰਦਾਨ ਕਰਵਾਈ ਜਾਵੇਗੀ |