26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਲੋਕ ਸਰਕਾਰ ਵਲੋਂ ਈਜੀ ਰਜਿਸਟਰੀ ਸੇਵਾ ਲੈਣ ਦੀ ਥਾਂ ਬਾਹਰੋਂ ਕਰਵਾ ਰਹੇ ਨੇ ਰਜਿਸਟਰੀ

ਅਜੀਤ ਡੈਸਕ 21-01-2026
ਮਾਛੀਵਾੜਾ ਸਾਹਿਬ, 20 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਤਹਿਸੀਲਾਂ ਵਿਚ ਰਜਿਸਟਰੀ ਸੇਵਾਵਾਂ ਨੂੰ ਸਰਲ ਬਣਾਉਣ ਲਈ ਈਜੀ ਰਜਿਸਟਰੀ ਸ਼ੁਰੂ ਕੀਤੀਆਂ ਹੋਈਆਂ ਹਨ ਪਰ ਉਲਟਾ ਇੱਥੇ ਕੰਮ ਕਰਵਾਉਣ ਆ ਰਹੇ ਲੋਕਾਂ ਨੂੰ ਫਿਰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਈਜੀ ਰਜਿਸਟਰੀ ਤੋਂ ਪਹਿਲਾਂ ਲੋਕ ਜਿਸ ਦਿਨ ਰਜਿਸਟਰੀ ਕਰਵਾਉਣੀ ਹੁੰਦੀ ਸੀ ਉਸ ਦਿਨ ਹੋ ਜਾਂਦੀ ਸੀ ਪਰ ਹੁਣ ਜੋ ਈਜੀ ਰਜਿਸਟਰੀ ਦੀਆਂ ਸੇਵਾਵਾਂ ਸ਼ੁਰੂ ਹੋਣ ਕਾਰਨ ਲੋਕਾਂ ਨੂੰ ਇਕ ਦਿਨ ਪਹਿਲਾਂ ਤਹਿਸੀਲ ਵਿਚ ਆ ਕੇ ਆਪਣੀ ਜਾਇਦਾਦਾਂ ਦੇ ਸਾਰੇ ਕਾਗ਼ਜ਼ਾਤ ਵਸੀਕਾ ਨਵੀਸਾਂ ਰਾਹੀਂ ਅੱਪਲੋਡ ਕਰਨੇ ਪੈਣਗੇ ਅਤੇ ਜੇਕਰ ਪ੍ਰਵਾਨਗੀ ਮਿਲ ਗਈ ਤਾਂ ਰਜਿਸਟਰੀ ਹੋਵੇਗੀ ਨਹੀਂ ਤਾਂ ਫਿਰ ਦੂਸਰੇ ਦਿਨ ਰਜਿਸਟਰੀ ਕਰਵਾਉਣ ਆਉਣਾ ਪਵੇਗਾ | ਇਸ ਤੋਂ ਇਲਾਵਾ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਸਬ-ਤਹਿਸੀਲਾਂ ਵਿਚ ਸੇਵਾ ਕੇਂਦਰ ਖੋਲ੍ਹੇ ਜਿਸ ਵਿਚ ਇੱਕ ਕਰਮਚਾਰੀ ਤਾਇਨਾਤ ਕਰ ਹਰੇਕ ਕੰਮ ਦੀ ਸਰਕਾਰੀ ਫ਼ੀਸ ਤੈਅ ਕਰ ਦਿੱਤੀ ਜਿਸ ਵਿਚ ਬੇਨਾਮਾ, ਤਬਦੀਲਨਾਮਾ, ਰਹਿਨਾਮਾ ਕਰਵਾਉਣਾ ਤਾਂ ਉਸਦੀ ਫ਼ੀਸ 500 ਰੁਪਏ ਜਦਕਿ ਮੁਖ਼ਤਿਆਰਨਾਮਾ, ਇਕਰਾਰਨਾਮਾ, ਵਸੀਅਤ ਤੇ ਗੋਦਨਾਮਾ ਤਿਆਰ ਕਰਵਾਉਣ ਦੀ ਫ਼ੀਸ 200 ਰੁਪਏ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕਾਂ ਨੂੰ ਸਰਕਾਰ ਵਲੋਂ ਇਸ ਖੋਲ੍ਹੇ ਸੇਵਾ ਕੇਂਦਰ 'ਤੇ ਯਕੀਨ ਹੀ ਨਹੀਂ | ਇਸ ਕਾਰਨ ਹਰੇਕ ਮਹੀਨੇ ਸੈਂਕੜੇ ਰਜਿਸਟਰੀਆਂ ਹੁੰਦੀਆਂ ਹਨ ਤਾਂ ਲੋਕ ਇਸ ਸਰਕਾਰੀ ਸੇਵਾ ਕੇਂਦਰ ਵਿਚ ਜਾਣ ਦੀ ਬਜਾਏ ਬਾਹਰੋਂ ਵਸੀਕਾ ਨਵੀਸਾਂ ਤੋਂ 3000 ਰੁਪਏ ਪ੍ਰਤੀ ਰਜਿਸਟਰੀ ਫ਼ੀਸ ਅਦਾ ਕਰਕੇ ਕੰਮ ਕਰਵਾਉਣ ਨੂੰ ਤਰਜੀਹ ਦੇਣਗੇ ਪਰ ਸਰਕਾਰ ਦੇ ਸੇਵਾ ਕੇਂਦਰ ਵਿਚ 500 ਰੁਪਏ ਵਿਚ ਵੀ ਕਰਵਾਉਣ ਨੂੰ ਤਿਆਰ ਨਹੀਂ | ਜਾਣਕਾਰੀ ਅਨੁਸਾਰ 5 ਮਹੀਨਿਆਂ ਅੰਦਰ ਕੇਵਲ ਸਰਕਾਰੀ ਸੇਵਾ ਕੇਂਦਰ ਵਿਚ ਕੇਵਲ 15 ਵਿਅਕਤੀ ਆਪਣੀ ਰਜਿਸਟਰੀ ਲਿਖਵਾਉਣ ਆਏ ਜਦਕਿ ਸਬ-ਤਹਿਸੀਲ ਮਾਛੀਵਾੜਾ ਅੰਦਰ 5 ਮਹੀਨਿਆਂ ਵਿਚ ਕਰੀਬ 1000 ਰਜਿਸਟਰੀ ਜਾਂ ਹੋਰ ਮੁਖ਼ਤਿਆਰਨਾਮਾ, ਵਸੀਅਤਨਾਮਾ ਜਾਂ ਇਕਰਾਰਨਾਮੇ ਤਿਆਰ ਹੋਏ ਹੋਣਗੇ ਜੋ ਲੋਕਾਂ ਨੇ ਬਾਹਰੋਂ ਵੱਧ ਫ਼ੀਸ ਅਦਾ ਕਰਕੇ ਕਰਵਾਏ ਹੋਏ ਹਨ | ਇਸ ਸੰਬੰਧੀ ਜਦੋਂ ਨਾਇਬ ਤਹਿਸੀਲਦਾਰ ਰਾਜੇਸ਼ ਅਹੂਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਈਜੀ ਰਜਿਸਟਰੀ ਰਾਹੀਂ ਹੀ ਰਜਿਸਟਰੀ ਲਿਖਵਾਉਣ ਕਿਉਂਕਿ ਸਰਕਾਰ ਵਲੋਂ ਬਹੁਤ ਹੀ ਘੱਟ ਫ਼ੀਸ ਤੈਅ ਕੀਤੀ ਹੋਈ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਸੀਕਾ ਨਵੀਸਾਂ ਰਾਹੀਂ ਆਪਣੇ ਦਸਤਾਵੇਜ਼ ਤਿਆਰ ਕਰਨ ਦੀ ਆਦਤ ਪਈ ਹੋਈ ਹੈ ਕਿਉਂਕਿ ਉਹ ਉੱਥੇ ਦਸਤਾਵੇਜ਼ ਦੇ ਕੇ ਚਲੇ ਜਾਂਦੇ ਹਨ ਤੇ ਵਸੀਕਾ ਨਵੀਸ ਇਸ ਨੂੰ ਤਿਆਰ ਕਰ ਦਿੰਦਾ ਹੈ ਜਦਕਿ ਈਜੀ ਰਜਿਸਟਰੀ ਸੇਵਾ ਕੇਂਦਰ ਵਿਚ ਖੁਦ ਬੈਠ ਕੇ ਰਜਿਸਟਰੀ ਤਿਆਰ ਕਰਵਾਉਣੀ ਪੈਂਦੀ ਹੈ |
ਪਿਛਲੀ ਖ਼ਬਰ ਸੂਬੇ ਨੂੰ ਨਸ਼ਾ ਮੁਕਤ ਕਰਨ ਸਮੇਤ ਗੈਂਗਸਟਰਾਂ ਤੋਂ ਨਿਜਾਤ ਦਿਵਾਉਣਾ ਸਰਕਾਰ ਦਾ ਮੁੱਖ ਮਕਸਦ- ਵਿਧਾਇਕ ਸੰਗੋਵਾਲ ਅਗਲੀ ਖ਼ਬਰ ਪਿੰਡ ਲਸਾੜਾ ਵਿਚ ਗੈਸ ਚੁੱਲ੍ਹੇ ਕਾਰਨ ਝੁਲਸ ਕੇ 21 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।