ਹਲਕਾ ਰਾਮਪੁਰਾ ਫੂਲ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਛੱਡ ਬਾਕੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਸਥਿਤੀ ਇਕ ਅਨਾਰ ਸੌ ਬਿਮਾਰ ਵਾਲੀ
ਭਾਈਰੂਪਾ, 6 ਅਕਤੂਬਰ (ਵਰਿੰਦਰ ਲੱਕੀ)-2027 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸੀ ਫ਼ਿਜ਼ਾ ’ਚ ਅਹਿਮ ਸਥਾਨ ਰੱਖਣ ਵਾਲੇ ਹਲਕਾ ਰਾਮਪੁਰਾ ਫੂਲ ਅੰਦਰ ਵੀ ਚੋਣਾਂ ਦੀਆਂ ਤਿਆਰੀਆਂ ਦਾ ਰੰਗ ਚੜਨਾ ਸ਼ੁਰੂ ਹੋ ਗਿਆ ਹੈ । ਲੰਘੀਆਂ 2022 ਵਿਧਾਨ ਸਭਾ ਚੋਣਾਂ ’ਚ ਭਾਵੇਂ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀ ਵਿਚਕਾਰ ਸੀ ਪ੍ਰੰਤੂ ਵਾਰਿਸ ਪੰਜਾਬ ਦੇ, ਭਾਜਪਾ, ਅਕਾਲੀ ਦਲ (ਅ) ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਉਣ ਕਾਰਨ ਇਸ ਬਾਰ ਮੁਕਾਬਲਾ ਬਹੁ ਕੌਣਾ ਹੋਣ ਦੀ ਸੰਭਾਵਨਾ ਹੈ।
ਭਾਈਰੂਪਾ, 6 ਅਕਤੂਬਰ (ਵਰਿੰਦਰ ਲੱਕੀ)-2027 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸੀ ਫ਼ਿਜ਼ਾ ’ਚ ਅਹਿਮ ਸਥਾਨ ਰੱਖਣ ਵਾਲੇ ਹਲਕਾ ਰਾਮਪੁਰਾ ਫੂਲ ਅੰਦਰ ਵੀ ਚੋਣਾਂ ਦੀਆਂ ਤਿਆਰੀਆਂ ਦਾ ਰੰਗ ਚੜਨਾ ਸ਼ੁਰੂ ਹੋ ਗਿਆ ਹੈ । ਲੰਘੀਆਂ 2022 ਵਿਧਾਨ ਸਭਾ ਚੋਣਾਂ ’ਚ ਭਾਵੇਂ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀ ਵਿਚਕਾਰ ਸੀ ਪ੍ਰੰਤੂ ਵਾਰਿਸ ਪੰਜਾਬ ਦੇ, ਭਾਜਪਾ, ਅਕਾਲੀ ਦਲ (ਅ) ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਉਣ ਕਾਰਨ ਇਸ ਬਾਰ ਮੁਕਾਬਲਾ ਬਹੁ ਕੌਣਾ ਹੋਣ ਦੀ ਸੰਭਾਵਨਾ ਹੈ। ਹਲਕਾ ਰਾਮਪੁਰਾ ਫੂਲ ਅੰਦਰ ਵੀ ਇਨ੍ਹੀਂ ਦਿਨ੍ਹੀਂ ਚੋਣ ਲੜਨ ਦੇ ਚਾਹਵਾਨਾਂ ਨੇ ਆਪਣੀਆਂ ਤਿਆਰੀਆਂ ਖਿੱਚ ਲਈਆਂ ਹਨ। ਵੱਖ ਵੱਖ ਸਰੋਤਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ’ਚ ਉਮੀਦਵਾਰੀ ਨੂੰ ਲੈ ਕੇ ਕੋਈ ਦੁਚਿੱਤੀ ਨਹੀਂ । ਇੱਥੇ ਬੇਸ਼ੱਕ ਨੌਜਵਾਨ ਅਕਾਲੀ ਆਗੂ ਹਰਿੰਦਰ ਮਹਿਰਾਜ ਹਲਕਾ ਇੰਚਾਰਜ ਹਨ ਪ੍ਰੰਤੂ ਪੂਰੇ ਹਲਕੇ ਅੰਦਰ ਪਾਰਟੀ ਦੀ ਡੋਰ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹੱਥ ਹੈ ਤੇ ਕਾਫ਼ੀ ਸਮਾਂ ਪਹਿਲਾਂ ਹੀ ਭਾਈ ਰੂਪਾ ਰੈਲੀ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਫ਼ ਕਰ ਦਿੱਤਾ ਸੀ ਕਿ ਹਲਕੇ ਤੋਂ ਇਸ ਬਾਰ ਵੀ ਸਿਕੰਦਰ ਸਿੰਘ ਮਲੂਕਾ ਹੀ ਚੋਣ ਲੜਨਗੇ । ਜੇਕਰ ਗੱਲ ਸੱਤਾਧਾਰੀ ਧਿਰ ਆਪ ਦੀ ਕਰੀਏ ਤਾਂ ਇੱਥੇ ਪ੍ਰਮੁੱਖ ਆਗੂਆਂ ਵਿਚਕਾਰ ਸਿਆਸੀ ਗੁੱਟਬਾਜੀ ਸਿਖ਼ਰ ਤੇ ਵਿਖਾਈ ਦੇ ਰਹੀ ਹੈ ਜਿਸ ਤੇ ਸਿਆਸੀ ਮਾਹਰਾਂ ਦਾ ਮੰਣਨਾ ਹੈ ਕਿ ਹੁਣ ਟਿਕਟ ਭਾਵੇਂ ਕਿਸੇ ਨੂੰ ਵੀ ਮਿਲੇ ਪ੍ਰੰਤੂ ਇੱਥੇ ਆਪ ਨੂੰ ਆਪ ਤੋਂ ਹੀ ਖਤਰੇ ਤੋਂ ਇਨਕਾਰ ਨਹੀਂ ਕੀਤਾ ਦਾ ਸਕਦਾ। ਮੌਜੂਦਾ ਸਮੇਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਮੁੜ ਤੋਂ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਵਿਖਾਈ ਦੇ ਰਹੇ ਹਨ ਤੇ ਉਨ੍ਹਾਂ ਹਲਕੇ ਅੰਦਰ ਆਪਣੀਆਂ ਸਰਗਰਮੀਆਂ ਵਧਾ ਰੱਖੀਆਂ ਹਨ ਜਦਕਿ ਮਾਰਕਫ਼ੈੱਡ ਪੰਜਾਬ ਦੇ ਚੇਅਰਮੈਨ ਤੇ ਪਾਰਟੀ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਮਾਨ ਵੀ ਲਗਾਤਾਰ ਸਰਗਰਮ ਹਨ । ਵਿਧਾਇਕ ਬਲਕਾਰ ਸਿੰਘ ਸਿੱਧੂ ਤੇ ਚੋਅਰਮੈਨ ਇੰਦਰਜੀਤ ਸਿੰਘ ਮਾਨ ਵਿਚਕਾਰ ਟਿਕਟ ਨੂੰ ਲੈ ਕੇ ਚੱਲ ਰਹੀ ਕਸ਼ਮਕੱਸ ਕਿਸੇ ਤੋਂ ਗੁੱਝੀ ਨਹੀਂ ! ਆਏ ਦਿਨ ਇਨ੍ਹਾਂ ਆਗੂਆਂ ਦੇ ਸਮਰਥਕ ਸ਼ੋਸ਼ਲ ਮੀਡੀਆ ਪਲੇਟਫਾਰਮ ਤੇ ਆਪੋ ਆਪਣੇ ਆਗੂਆਂ ਦੀ ਟਿਕਟ ਨੂੰ ਲੈ ਕੇ ਦਾਅਵੇ ਕਰਦੇ ਨਹੀਂ ਥੱਕਦੇ ! ਆਪ ਵਰਕਰਾਂ ਦੇ ਨਾਲ ਨਾਲ ਹਲਕੇ ਦੇ ਵੋਟਰ ਵੀ ਇਸ ਗੱਲ ਤੇ ਨਜਰ ਰੱਖ ਰਹੇ ਹਨ ਕਿ ਆਮ ਆਦਮੀ ਪਾਰਟੀ ਮੌਜੂਦਾ ਵਿਧਾਇਕ ਬਲਕਾਰ ਸਿੱਧੂ ਨੂੰ ਦੁਬਾਰਾ ਮੋਕਾ ਦਿੰਦੀ ਹੈ ਜਾਂ ਫਿਰ ਚੇਅਰਮੈਨ ਮਾਨ ਤੇ ਭਰੋਸਾ ਕਰਦੀ ਹੈ ਜਾਂ ਫਿਰ ਕਿਸੇ ਤੀਜੇ ਦਾ ਦਾਅ ਲੱਗ ਸਕਦਾ ਹੈ ! ਹਲਕੇ ਅੰਦਰ ਉਮੀਦਵਾਰਾਂ ਪੱਖੋਂ ਕਾਂਗਰਸ ਪਾਰਟੀ ਚ ਟਿਕਟ ਦੇ ਕਈ ਦਾਵੇਦਾਰ ਵਿਖਾਈ ਦੇ ਰਹੇ ਹਨ। ਹਲਕੇ ਦੀ ਤਿੰਨ ਵਾਰ ਪ੍ਰਤੀਨਿਧਤਾ ਕਰ ਚੁੱਕੇ ਅਤੇ ਸਾਬਕਾ ਕੈਬਨਿਟ ਮੰਤਰੀ ਹੋਣ ਦੇ ਚਲਦਿਆਂ ਭਾਵੇਂ ਗੁਰਪ੍ਰੀਤ ਸਿੰਘ ਕਾਂਗੜ ਦਾ ਪੱਲੜਾ ਭਾਰੀ ਵਿਖਾਈ ਦੇ ਰਿਹਾ ਹੈ ਪ੍ਰੰਤੂ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਕਾਂਗਰਸ ਦੇ ਸਪੋਕਸਪਰਸਨ ਜਸ਼ਨਦੀਪ ਸਿੰਘ ਚਹਿਲ ਅਤੇ ਨੌਜਵਾਨ ਕਾਂਗਰਸੀ ਆਗੂ ਐਡਵੋਕੇਟ ਜਸਵਿੰਦਰ ਸਿੰਘ (ਜੱਸ ਬੱਜੋਆਣਾ) ਨੇ ਹਲਕੇ ਅੰਦਰ ਆਪਣੀਆਂ ਸਰਗਰਮੀਆਂ ਵਧਾ ਰੱਖੀਆਂ ਹਨ । ਜਸ਼ਨਦੀਪ ਸਿੰਘ ਚਹਿਲ ਨੂੰ ਪਹਿਲਾਂ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਜਦੀਕੀ ਮੰਨਿਆ ਜਾਦਾ ਸੀ ਪ੍ਰੰਤੂ ਪਿਛਲੇ ਦਿਨ੍ਹਾਂ ਚ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਦੇ ਦੌਰਾਨ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੇਮੇ ਨਾਲ ਵੀ ਵੇਖਿਆ ਗਿਆ ਹੈ। ਐਡਵੋਕੇਟ ਜੱਸ ਬੱਜੋਆਣਾ ਨੂੰ ਐਲ.ਓ.ਪੀ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਦੇ ਕਰੀਬੀ ਮੰਨਿਆ ਜਾਦਾ ਹੈ । ਉਕਤ ਤਿੰਨ ਚਾਹਵਾਨਾਂ ਤੋਂ ਇਲਾਵਾ ਚੋਥਾ ਨਾਮ ਮਨਜੀਤ ਸਿੰਘ ਬਿੱਟੀ ਸੇਲਬਰਾਹੀਆ ਦਾ ਜੁੜ ਗਿਆ ਹੈ ਜੋ ਕਿ 2017 ’ਚ ਆਮ ਆਦਮੀ ਪਾਰਟੀ ਵਲੋਂ ਹਲਕਾ ਰਾਮਪੁਰਾ ਫੂਲ ਤੋਂ ਚੋਣ ਲੜ ਚੁੱਕੇ ਹਨ ਤੇ ਹਲਕੇ ਅੰਦਰ ਚੰਗਾ ਅਸਰ ਸਰੂਖ ਰੱਖਦੇ ਹਨ । ਕੁੱਝ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੀ ਹਾਜ਼ਰੀ ਚ ਉਨ੍ਹਾਂ ਨੂੰ ਪਾਰਟੀ ਚ ਸ਼ਾਮਲ ਕੀਤਾ ਸੀ , ਉਹ ਵੀ ਹਲਕੇ ਅੰਦਰ ਕਾਫੀ ਸਰਗਰਮ ਹਨ । ਸਿਆਸੀ ਮਾਹਰਾਂ ਦਾ ਮੰਣਨਾ ਹੈ ਕਿ ਜਿਸ ਤਰ੍ਹਾਂ ਸਾਬਕਾ ਮੰਤਰੀ ਕਾਂਗੜ ਨੇ ਪਿਛਲੇ ਸਮੇਂ ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਚ ਸਟੈਂਡ ਲਿਆ ਤੇ ਨਵ ਨਿਯੂਕਤ ਪਾਰਟੀ ਪ੍ਰਧਾਨ ਪ੍ਰਗਟ ਸਿੰਘ ਦੀ ਨਿਯੂਕਤੀ ਤੇ ਜਸ਼ਨ ਮਨਾਏ ਹਨ ਉਸ ਹਿਸਾਬ ਨਾਲ ਕਾਂਗੜ ਦਾ ਹੱਥ ਦੂਸਰੇ ਚਾਹਵਾਨਾਂ ਦੇ ਮੁਕਾਬਲੇ ਅੱਜ ਦੀ ਘੜੀ ਉੱਤੇ ਜਰੂਰ ਵਿਖਾਈ ਦੇ ਰਿਹਾ ਹੈ ਪ੍ਰੰਤੂ ਉਨ੍ਹਾ ਦਾ ਇਹ ਵੀ ਕਹਿਣਾ ਹੈ ਕਿ ਇਸ ਗੱਲ੍ਹ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਲਕੇ ਅੰਦਰ ਕਾਂਗਰਸੀ ਆਗੂਆਂ ਦੀ ਧੜੇਬੰਦੀ ਪਾਰਟੀ ਉਮੀਦਵਾਰ ਦਾ ਸਿਆਸੀ ਨੁਕਸਾਨ ਜਰੂਰ ਕਰ ਸਕਦੀ ਹੈ। ਜੇਲ ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਵਾਰਿਸ ਪੰਜਾਬ ਦੇ ਪਾਰਟੀ ਨਾਲ ਸਬੰਧਿਤ ਕਈ ਨੋਜਵਾਨਾਂ ਵਲੋਂ ਤਿਆਰੀ ਕੀਤੀ ਜਾ ਰਹੀ ਹੈ । ਭਾਈਰੂਪਾ ਦੇ ਰਹਿਣ ਵਾਲੇ ਨੌਜਵਾਨ ਜਸਕਰਨ ਸਿੰਘ ਜੱਸਾ ਸੰਧੂ ਇੱਥੇ ਵਾਰਿਸ ਪੰਜਾਬ ਦੀ ਇਕ ਮੀਟਿੰਗ ਕਰਵਾ ਚੁੱਕਾ ਹੈ ਜਿਸ ਚ ਬਾਪੂ ਤਰਸੇਮ ਸਿੰਘ , ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਸ਼ਮੁਲੀਅਤ ਕੀਤੀ ਸੀ । ਇਸ ਤੋਂ ਇਲਾਵਾ ਲਾਗਲੇ ਪਿੰਡ ਦੁੱਲੇਵਾਲਾ ਦੇ ਭਾਈ ਦਲਜੀਤ ਸਿੰਘ ਦੁੱਲੇਵਾਲਾ , ਭਗਤਾ ਭਾਈ ਦਾ ਨੌਜਵਾਨ ਗਗਨ ਸਿੱਧੂ ਵਿਚਕਾਰ ਟਿਕਟ ਨੂੰ ਲੈ ਕੇ ਸਖਤ ਮੁਕਾਬਲਾ ਸੀ ਪ੍ਰੰਤੂ ਹੁਣ ਇਸ ਵਿਚ ਪ੍ਰਸਿੱਧ ਗੀਤਕਾਰ ਤੇ ਲੇਖਕ ਗਿੱਲ ਰੌਤਾਂ ਦਾ ਨਾਮ ਵੀ ਜੁੜ ਗਿਆ ਹੈ ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਵਾਰਿਸ ਪੰਜਾਬ ਨੂੰ ਜੁਆਇਨ ਕੀਤਾ ਹੈ ਤੇ ਲੰਘੇ ਦਿਨ ਇਤਿਹਾਸਕ ਪਿੰਡ ਕੋਠਾ ਗੁਰੂ ਤੋਂ ਵਰਕਰ ਮਿਲਣੀ ਸ਼ੁਰੂ ਵੀ ਕਰ ਦਿੱਤੀ ਹੈ। ਜੇਕਰ ਗੱਲ ਭਾਜਪਾ ਦੀ ਕਰੀਏ ਤਾਂ ਸਿਆਸੀ ਵਿਸ਼ਲੇਸ਼ਕਾ ਦਾ ਮੰਣਨਾ ਹੈ ਕਿ ਇੱਥੇ ਵੀ ਭਾਜਪਾ ਦੇ ਕਈ ਚਿਹਰੇ ਹਨ, ਅਕਾਲੀ- ਭਾਜਪਾ ਗਠਜੋੜ ਨਾ ਹੋਣ ਦੀ ਸੂਰਤ ਚ ਸੰਭਾਵਨਾ ਹੈ ਕਿ ਪਾਰਟੀ ਡਾ. ਅਮਰਜੀਤ ਸ਼ਰਮਾ, ਗੁਰਵਿੰਦਰ ਸਿੰਘ ਭਗਤਾ ਜਾਂ ਕਿਸੇ ਬਾਹਰੀ ਹਲਕੇ ਦੇ ਆਗੂ ਨੂੰ ਚੋਣ ਲੜਾ ਸਕਦੀ ਹੈ। ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਪੁਨਰ ਸੁਰਜੀਤੀ ਵਲੋਂ ਫਿਲਹਾਲ ਕਿਸੇ ਵੀ ਆਗੂ ਦੀ ਸਰਗਰਮੀ ਵੇਖਣ ਨੂੰ ਨਹੀਂ ਮਿਲ ਰਹੀ । ਭਾਵੇਂ ਟਿੱਕਟਾਂ ਦੀ ਸਥਿਤੀ ਦਸੰਬਰ ਦੇ ਆਖੀਰਲੇ ਜਾਂ ਜਨਵਰੀ ਦੇ ਪਹਿਲੇ ਹਫਤੇ ਤੋਂ ਪਹਿਲਾਂ ਸਾਫ਼ ਹੁੰਦੀ ਵਿਖਾਈ ਨਹੀਂ ਦੇ ਰਹੀ ਪ੍ਰੰਤੂ ਚਾਹਵਾਨਾਂ ਨੇ ਆਪੋ ਆਪਣਾ ਰਾਗ ਜ਼ਰੂਰ ਛੇੜ ਦਿੱਤਾ ਹੈ ।