23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਤੇਜ਼ ਰਫ਼ਤਾਰ ਕਾਰ ਨੇ ਪੁਲਿਸ ਨਾਕੇ ’ਤੇ ਮੁਲਾਜ਼ਮਾਂ ਨੂੰ ਮਾਰੀ ਟੱਕਰ, ਦੋ ਜ਼ਖ਼ਮੀ

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 23 ਨਵੰਬਰ (ਇਕਬਾਲ ਸਿੰਘ ਸ਼ਾਂਤ)- ਮੰਡੀ ਕਿੱਲਿਆਂਵਾਲੀ ਵਿਖੇ ਮਾਲਵਾ ਬਾਈਪਾਸ ਰੋਡ ’ਤੇ...

ਅਜੀਤ ਡੈਸਕ 23-11-2026

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 23 ਨਵੰਬਰ (ਇਕਬਾਲ ਸਿੰਘ ਸ਼ਾਂਤ)- ਮੰਡੀ ਕਿੱਲਿਆਂਵਾਲੀ ਵਿਖੇ ਮਾਲਵਾ ਬਾਈਪਾਸ ਰੋਡ ’ਤੇ ਬਠਿੰਡਾ ਜ਼ਿਲ੍ਹੇ ਦੀ ਹੱਦ ਨੇੜੇ ਲੱਗੇ ਅੰਤਰ-ਜ਼ਿਲ੍ਹਾ ਪੁਲਿਸ ਨਾਕੇ ’ਤੇ ਵਾਹਨਾਂ ਦੀ ਚੈਕਿੰਗ ਦੌਰਾਨ ਤੇਜ਼ ਰਫ਼ਤਾਰ ਫੋਰਡ ਫੀਗੋ ਕਾਰ ਨੇ ਬੈਰੀਕੇਡ ਤੋੜਦਿਆਂ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਕਾਰ ਕਬਜ਼ੇ ਵਿਚ ਲੈ ਲਈ ਹੈ। ਤਿੰਨ ਕਾਰ ਸਵਾਰਾਂ ਨੂੰ ਕਾਬੂ ਕੀਤੇ ਜਾਣ ਦੀ ਅਪੁਸ਼ਟ ਜਾਣਕਾਰੀ ਹੈ। ਹਾਦਸੇ ਨੂੰ ਅੰਜ਼ਾਮ ਦੇਣ ਵਾਲੀ ਕਾਰ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਦੱਸੀ ਜਾਂਦੀ ਹੈ। ਘਟਨਾ ਰਾਤ ਕਰੀਬ 8 ਵਜੇ ਦੀ ਹੈ।

ਥਾਣਾ ਕਿੱਲਿਆਂਵਾਲੀ ਅਧੀਨ 112 ਐਮਰਜੈਂਸੀ ਸੇਵਾ ਦੇ ਸੀਨੀਅਰ ਕਾਂਸਟੇਬਲ ਮਨਪ੍ਰੀਤ ਸਿੰਘ ਅਤੇ ਕਾਂਸਟੇਬਲ ਜਗਜੀਤ ਸਿੰਘ ਸਮੇਤ ਪੰਜ ਪੁਲਿਸ ਮੁਲਾਜ਼ਮ ਮਾਲਵਾ ਬਾਈਪਾਸ ’ਤੇ ਬਠਿੰਡਾ ਜ਼ਿਲ੍ਹੇ ਦੀ ਹੱਦ ਨੇੜੇ ਰੋਜ਼ਾਨਾ ਵਾਂਗ ਸ਼ਾਮ 6 ਤੋਂ ਰਾਤ 10 ਵਜੇ ਤੱਕ ਲੱਗਣ ਵਾਲੇ ਨਾਕੇ ’ਤੇ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਮੰਡੀ ਕਿੱਲਿਆਂਵਾਲੀ ਵਲੋਂ ਬਠਿੰਡਾ ਜਾ ਰਹੀ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਬੈਰੀਕੇਡਾਂ ਨੂੰ ਟੱਕਰ ਮਾਰੀ ਅਤੇ ਫਿਰ ਚੈਕਿੰਗ ਕਰ ਰਹੇ ਮੁਲਾਜ਼ਮਾਂ ਨੂੰ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨਾਕੇ ’ਤੇ ਪਹਿਲਾਂ ਤੋਂ ਖੜ੍ਹੀ ਗੱਡੀ ਦੀ ਖਿੜਕੀ ਵੀ ਨੁਕਸਾਨੀ ਗਈ। ਪੁਲਿਸ ਮੁਲਾਜ਼ਮਾਂ ਮੁਤਾਬਕ ਕਾਰ ਸਵਾਰ ਵਿਅਕਤੀਆਂ ਦੇ ਸ਼ਰਾਬ ਦੇ ਕਥਿਤ ਨਸ਼ੇ ਵਿਚ ਹੋਣ ਦਾ ਖ਼ਦਸ਼ਾ ਹੈ। 

ਹਾਦਸੇ ਵਿਚ ਜ਼ਖ਼ਮੀ ਸੀਨੀਅਰ ਕਾਂਸਟੇਬਲ ਮਨਪ੍ਰੀਤ ਸਿੰਘ ਵਾਸੀ ਅਬੁਲਖੁਰਾਣਾ ਦੀਆਂ ਲੱਤਾਂ ’ਤੇ ਸੱਟਾਂ ਲੱਗੀਆਂ ਹਨ, ਜਦਕਿ ਕਾਂਸਟੇਬਲ ਜਗਜੀਤ ਸਿੰਘ ਦੇ ਮਾਮੂਲੀ ਸੱਟਾਂ ਦੱਸੀਆਂ ਜਾਂਦੀਆਂ ਹਨ। ਥਾਣਾ ਕਿੱਲਿਆਂਵਾਲੀ (ਆਰਜ਼ੀ) ਦੀ ਕਾਰਜਕਾਰੀ ਮੁਖੀ ਦੀਪਿਕਾ ਰਾਣੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਦਸੇ ਵਿਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਪੁਲਿਸ ਵਲੋਂ ਕਾਰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 24 ਅਕਤੂਬਰ ਨੂੰ ਲੰਬੀ ਹਲਕੇ ਦੇ ਪਿੰਡ ਪੱਕੀ ਟਿੱਬੀ ਨੇੜੇ ਅੰਤਰ-ਜ਼ਿਲ੍ਹਾ ਨਾਕੇ ’ਤੇ ਵਾਹਨਾਂ ਦੀ ਚੈਕਿੰਗ ਦੌਰਾਨ ਤੇਜ਼ ਰਫ਼ਤਾਰ ਪਿਕਅੱਪ ਨੇ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿਚ ਥਾਣਾ ਕਬਰਵਾਲਾ ਦੇ 36 ਸਾਲਾ ਸੀਨੀਅਰ ਕਾਂਸਟੇਬਲ ਚੰਦਨ ਪਾਂਡੇ ਦੀ ਮੌਤ ਹੋ ਗਈ ਸੀ।

ਅਗਲੀ ਖ਼ਬਰ ਹਠੂਰ ਪੁਲਿਸ ਵਲੋਂ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ