22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਝੋਨੇ ਦੀ ਖ਼ਰੀਦ ਦੇ ਅੰਕੜਿਆਂ ’ਚ ਉਲਝੀਆਂ ਕੇਂਦਰ ਤੇ ਸੂਬਾ ਸਰਕਾਰਾਂ, ਮੰਡੀਆਂ ’ਚ ਕਿਸਾਨਾਂ ਦੀ ਖੱਜਲ-ਖੁਆਰੀ ਜਾਰੀ

ਬਠਿੰਡਾ , 22 ਨਵੰਬਰ ( ਵੀਰਪਾਲ ਸਿੰਘ )- ਪੰਜਾਬ ਵਿਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਦੇ ਅੰਕੜਿਆਂ ਵਿਚਕਾਰ ਪੈਦਾ ਹੋਇਆ ਅੰਤਰ ਹੁਣ ਕਿਸਾਨਾਂ ਲਈ ਵੱਡੀ ਮੁਸ਼ਕਿਲ ਬਣਦਾ ਜਾ ਰਿਹਾ ਹੈ । ਇਸ ਵਾਰ ਝੋਨੇ ਦੀ ਬੰਪਰ ਪੈਦਾਵਾਰ ਨੇ ਸਰਕਾਰੀ ਖ਼ਰੀਦ ਦੇ ਸਾਰੇ ਪੁਰਾਣੇ ਅਨੁਮਾਨਾਂ ਨੂੰ ਪਿੱਛੇ ਛੱਡ ਦਿੱਤਾ ਹੈ ।

ਅਜੀਤ ਡੈਸਕ 23-11-2026
ਬਠਿੰਡਾ , 22 ਨਵੰਬਰ ( ਵੀਰਪਾਲ ਸਿੰਘ )- ਪੰਜਾਬ ਵਿਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਦੇ ਅੰਕੜਿਆਂ ਵਿਚਕਾਰ ਪੈਦਾ ਹੋਇਆ ਅੰਤਰ ਹੁਣ ਕਿਸਾਨਾਂ ਲਈ ਵੱਡੀ ਮੁਸ਼ਕਿਲ ਬਣਦਾ ਜਾ ਰਿਹਾ ਹੈ । ਇਸ ਵਾਰ ਝੋਨੇ ਦੀ ਬੰਪਰ ਪੈਦਾਵਾਰ ਨੇ ਸਰਕਾਰੀ ਖ਼ਰੀਦ ਦੇ ਸਾਰੇ ਪੁਰਾਣੇ ਅਨੁਮਾਨਾਂ ਨੂੰ ਪਿੱਛੇ ਛੱਡ ਦਿੱਤਾ ਹੈ । ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ 180 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ , ਜਦਕਿ ਦੂਜੇ ਪਾਸੇ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਸੂਬੇ ਵਿਚ ਇਸ ਤੋਂ ਕਿਤੇ ਵੱਧ ਝੋਨਾ ਮੰਡੀਆਂ ਵਿਚ ਪਹੁੰਚਿਆ ਹੈ । ਇਸੇ ਕਾਰਨ ਸੂਬਾ ਸਰਕਾਰ ਵੱਲੋਂ ਖ਼ਰੀਦ ਦਾ ਟੀਚਾ ਵਧਾ ਕੇ 200 ਲੱਖ ਮੀਟਰਿਕ ਟਨ ਕਰਨ ਅਤੇ ਵਾਧੂ ਵਿੱਤੀ ਸਹਾਇਤਾ ਦੇਣ ਦੀ ਮੰਗ ਕੇਂਦਰ ਸਰਕਾਰ ਕੋਲ ਰੱਖੀ ਗਈ ਹੈ । 22 ਨਵੰਬਰ ਨੂੰ ਸਾਹਮਣੇ ਆਏ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ 186 ਲੱਖ ਮੀਟਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋ ਚੁੱਕੀ ਹੈ , ਜਦਕਿ ਸਰਕਾਰੀ ਏਜੰਸੀਆਂ ਵੱਲੋਂ ਲਗਭਗ 183 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ । ਇਸ ਦੇ ਮੁਕਾਬਲੇ ਝੋਨੇ ਦੀ ਚੁਕਾਈ ਦਾ ਅੰਕੜਾ 150 ਲੱਖ ਮੀਟਰਿਕ ਟਨ ਤੋਂ ਪਾਰ ਹੋਇਆ ਹੈ । ਪੰਜਾਬ ਸਰਕਾਰ ਅਨੁਸਾਰ ਹੁਣ ਤੱਕ 8 ਲੱਖ 28 ਹਜ਼ਾਰ 793 ਕਿਸਾਨਾਂ ਦੇ ਖਾਤਿਆਂ ਵਿਚ 42,404 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ । ਖ਼ਰੀਦ ਤੋਂ 72 ਘੰਟਿਆਂ ਅੰਦਰ ਚੁਕਾਈ ਦੀ ਦਰ 85.99 ਫ਼ੀਸਦੀ ਦੱਸੀ ਗਈ ਹੈ । ਖੇਤੀਬਾੜੀ ਵਿਭਾਗ ਦੇ ਫ਼ਸਲ ਕਟਾਈ ਪ੍ਰਯੋਗਾਂ ਦੇ ਆਧਾਰ ‘ ਤੇ ਪੰਜਾਬ ਵਿਚ ਗੈਰ - ਬਾਸਮਤੀ ਝੋਨੇ ਦੀ ਪੈਦਾਵਾਰ ਲਗਭਗ 181 ਲੱਖ ਮੀਟਰਿਕ ਟਨ ਹੋਣ ਦਾ ਮੁੱਢਲਾ ਅਨੁਮਾਨ ਲਗਾਇਆ ਗਿਆ ਸੀ । ਪਰ ਮੰਡੀਆਂ ਵਿਚ ਝੋਨੇ ਦੀ ਆਮਦ ਇਸ ਅਨੁਮਾਨ ਤੋਂ ਕਾਫ਼ੀ ਅੱਗੇ ਨਿਕਲ ਗਈ ਹੈ । 16 ਨਵੰਬਰ ਤੱਕ ਮੰਡੀਆਂ ਵਿਚ 189.75 ਲੱਖ ਮੀਟਰਿਕ ਟਨ ਝੋਨੇ ਦੀ ਆਮਦ ਦਰਜ ਕੀਤੀ ਗਈ ਸੀ । ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਉਸ ਸਮੇਂ ਤੱਕ 183.13 ਲੱਖ ਮੀਟਰਿਕ ਟਨ ਝੋਨਾ ਖ਼ਰੀਦਿਆ ਜਾ ਚੁੱਕਾ ਸੀ । ਇਸ ਅੰਤਰ ਨੂੰ ਲੈ ਕੇ ਖੇਤੀਬਾੜੀ ਵਿਭਾਗ ਵਲੋਂ ਬਾਸਮਤੀ ਅਤੇ ਗੈਰ - ਬਾਸਮਤੀ ਹੇਠ ਰਕਬੇ ਦੇ ਅੰਕੜਿਆਂ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ । ਇਸ ਸਥਿਤੀ ਦਾ ਇੱਕ ਹੋਰ ਅਹਿਮ ਪਹਿਲੂ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਖ਼ਰੀਦ ਲਈ ਪਹਿਲਾਂ ਮਨਜ਼ੂਰ ਕੀਤੀ ਗਈ ਨਕਦ ਕਰਜ਼ਾ ਹੱਦ ਵੀ ਨਾਕਾਫ਼ੀ ਸਾਬਤ ਹੋ ਰਹੀ ਹੈ । ਸਰਕਾਰ ਨੇ ਖ਼ਰੀਦ ਲਈ ਨਕਦ ਕਰਜ਼ਾ ਹੱਦ 48,581 ਕਰੋੜ ਰੁਪਏ ਤੋਂ ਵਧਾ ਕੇ 57 ਹਜ਼ਾਰ ਕਰੋੜ ਰੁਪਏ ਕਰਨ ਲਈ ਲਗਭਗ 9 ਹਜ਼ਾਰ ਕਰੋੜ ਰੁਪਏ ਦੀ ਵਾਧੂ ਮੰਗ ਰੱਖੀ ਹੈ । ਇਸ ਦੇ ਨਾਲ ਹੀ ਖ਼ਰੀਦ ਦਾ ਟੀਚਾ 180 ਲੱਖ ਮੀਟਰਿਕ ਟਨ ਤੋਂ ਵਧਾ ਕੇ 200 ਲੱਖ ਮੀਟਰਿਕ ਟਨ ਕਰਨ ਦੀ ਮੰਗ ਵੀ ਕੀਤੀ ਗਈ ਹੈ । ਦੂਜੇ ਪਾਸੇ ਖ਼ਰੀਦ ਕੇਂਦਰਾਂ ਦੇ ਬੰਦ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਧੀਆਂ ਹਨ । ਪਹਿਲਾਂ ਹੀ ਸੂਬੇ ਦੇ 2,591 ਖ਼ਰੀਦ ਕੇਂਦਰਾਂ ਵਿਚੋਂ 1,636 ਕੇਂਦਰਾਂ ‘ ਤੇ ਖ਼ਰੀਦ ਕਾਰਜ ਸਮਾਪਤ ਕੀਤੇ ਜਾ ਚੁੱਕੇ ਸਨ ਅਤੇ ਸਿਰਫ਼ 955 ਕੇਂਦਰ ਹੀ ਚਾਲੂ ਰਹਿ ਗਏ ਸਨ । ਇਸ ਤੋਂ ਪਹਿਲਾਂ ਵੀ ਲਗਭਗ 400 ਮੰਡੀਆਂ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਅਜਿਹੇ ਹਾਲਾਤ ਵਿਚ ਜਿਨ੍ਹਾਂ ਕਿਸਾਨਾਂ ਦਾ ਝੋਨਾ ਅਜੇ ਖੇਤਾਂ ਜਾਂ ਮੰਡੀਆਂ ਵਿਚ ਪਿਆ ਹੈ , ਉਨ੍ਹਾਂ ਨੂੰ ਖ਼ਰੀਦ ਅਤੇ ਚੁਕਾਈ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਸਰਕਾਰ ਵਲੋਂ ਕਿਸਾਨਾਂ ਦਾ ਹਰ ਦਾਣਾ ਖ਼ਰੀਦਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਖ਼ਰੀਦ ਦੇ ਟੀਚੇ , ਵਿੱਤੀ ਪ੍ਰਬੰਧਾਂ ਅਤੇ ਮੰਡੀਆਂ ਦੀ ਕਾਰਜਪ੍ਰਣਾਲੀ ਵਿਚ ਤਾਲਮੇਲ ਦੀ ਕਮੀ ਦੇ ਸਵਾਲ ਖੜ੍ਹੇ ਹੋ ਰਹੇ ਹਨ । ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਵਾਧੂ ਖ਼ਰੀਦ ਦੀ ਮੰਗ ਨੂੰ ਕਦੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਮੰਡੀਆਂ ਵਿਚ ਪ੍ਰੇਸ਼ਾਨ ਹੋ ਰਹੇ ਕਿਸਾਨਾਂ ਨੂੰ ਕਦੋਂ ਰਾਹਤ ਮਿਲਦੀ ਹੈ ।
ਪਿਛਲੀ ਖ਼ਬਰ ਮੋਹਨ ਸਿੰਘ ਬੰਗੀ 14ਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਮ ਮੈਂਬਰ ਬਣੇ, ਇਲਾਕੇ ਦਾ ਮਾਣ ਵਧਿਆ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਪਹੁੰਚਣ ’ਤੇ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।