05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

‘ਪੰਜਾਬ ਬੰਦ’ ਦੇ ਸੱਦੇ ਤਹਿਤ ਸਫ਼ਾਈ ਕਾਮਿਆਂ ਨੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ

ਅਜੀਤ ਡੈਸਕ 31-07-2026
ਤਲਵੰਡੀ ਸਾਬੋ, 30 ਜੁਲਾਈ (ਰਣਜੀਤ ਸਿੰਘ ਰਾਜੂ)- ਆਪਣੀਆਂ ਮੰਗਾਂ ਨੂੰ ਲੈ ਕੇ ਸਮੁੱਚੇ ਸੂਬੇ ਵਾਂਗ ਤਲਵੰਡੀ ਸਾਬੋ ਚ ਵੀ ਕੰਮ ਠੱਪ ਕਰਕੇ ਹੜਤਾਲ ‘ਤੇ ਚੱਲ ਰਹੇ ਨਗਰ ਕੌਂਸਲ ਦੇ ਸਫ਼ਾਈ ਕਾਮਿਆਂ ਨੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਬਰਨਾਲਾ ‘ਚ ਬੀਤੇ ਦਿਨ ਸਫ਼ਾਈ ਕਾਮਿਆਂ ਤੇ ਪੁਲਿਸ ਲਾਠੀਚਾਰਜ ਦੇ ਵਿਰੁੱਧ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਤਹਿਤ ਜਿੱਥੇ ਪੰਜਾਬ ਸਰਕਾਰ ਖ਼ਿਲਾਫ਼ ਨਗਰ ਅੰਦਰ ਰੋਸ ਮੁਜ਼ਾਹਰਾ ਕੀਤਾ ਉੱਥੇ ਨਿਸ਼ਾਨ ਏ ਖ਼ਾਲਸਾ ਚੌਕ ‘ਚ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਪੁਤਲਾ ਵੀ ਫੂਕਿਆ। ਸਫ਼ਾਈ ਸੇਵਕਾਂ ਵਲੋਂ ਨਿਸ਼ਾਨ ਏ ਖ਼ਾਲਸਾ ਚੌਕ ‘ਚ ਕੀਤੇ ਪ੍ਰਦਰਸ਼ਨ ਨੂੰ ਸੰਬੋਧਨ ਹੁੰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀਆਂ ਗੱਲਾਂ ਕਰਨ ਵਾਲੀ ‘ਆਪ’ ਸਰਕਾਰ ਦੀ ਪੁਲਿਸ ਨੇ ਬਰਨਾਲਾ ਚ ਨਾ ਕੇਵਲ ਸਫ਼ਾਈ ਕਾਮਿਆਂ ਤੇ ਅਣਮਨੁੱਖੀ ਜ਼ਬਰ ਕੀਤਾ ਸਗੋਂ ਔਰਤਾਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਡੀ.ਐੱਸ.ਪੀ ਤੇ ਥਾਣਾ ਮੁਖੀ ਨੂੰ ਜਦੋਂ ਤੱਕ ਨੌਕਰੀ ਤੋਂ ਪੂਰੀ ਤਰ੍ਹਾਂ ਬਰਖ਼ਾਸਤ ਕਰਕੇ ਘਰ ਨਹੀ ਭੇਜ ਦਿੱਤਾ ਜਾਂਦਾ ਸੰਘਰਸ਼ ਜਾਰੀ ਰਹੇਗਾ।ਪ੍ਰਦਰਸ਼ਨ ਨੂੰ ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਜਥੇਬੰਦੀ ਵਲੋਂ ਸਮੱਰਥਨ ਦਿੰਦਿਆਂ ਹੋਰਨਾਂ ਮੁਲਾਜ਼ਮਾਂ ਨਾਲ ਵੀ ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਨਿੰਦਾ ਕੀਤੀ। ਪ੍ਰਦਰਸ਼ਨ ‘ਚ ਬਸਪਾ ਦੇ ਸੂਬਾ ਜਨਰਲ ਸਕੱਤਰ ਮਾ.ਜਗਦੀਪ ਸਿੰਘ ਗੋਗੀ, ਕਾਂਗਰਸ ਦੇ ਸੀਨ: ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ, ਦਿਲਪ੍ਰੀਤ ਸਿੰਘ ਜਗਾ, ਜਮਹੂਰੀ ਕਿਸਾਨ ਸਭਾ ਦੇ ਸੁਰਜੀਤ ਸਿੰਘ, ਰਿਕਸ਼ਾ ਯੂਨੀਅਨ ਦੇ ਪ੍ਰਧਾਨ ਜੀਤ ਸਿੰਘ ਟੀ.ਟੀ. ਤੋਂ ਇਲਾਵਾ ਵੱਡੀ ਗਿਣਤੀ ਸਫ਼ਾਈ ਕਾਮੇ ਸ਼ਾਮਿਲ ਹੋਏ।
ਪਿਛਲੀ ਖ਼ਬਰ ਤਨਖ਼ਾਹਾਂ ਦੀ ਮੰਗ ਨੂੰ ਲੈ ਕੇ ਫ਼ੀਲਡ ਵਰਕਰਜ਼ ਯੂਨੀਅਨ ਵਲੋਂ ਮੰਡਲ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਫ਼ਾਈ ਕਾਮਿਆਂ ਦੇ ਹੱਕ ’ਚ ਭਗਤਾ ਭਾਈਕਾ ਮੁਕੰਮਲ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।