11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮਾਲਵਾ ਖੇਤਰ ’ਚ ਵਧਦੀ ਗਰਮੀ ਕਾਰਨ ਸੋਕੇ ਵਰਗੇ ਹਾਲਾਤ

ਅਜੀਤ ਡੈਸਕ 19-07-2026
ਮਹਿਮਾ ਸਰਜਾ, 18 ਜੁਲਾਈ (ਬਲਦੇਵ ਸੰਧੂ)-ਮਾਲਵੇ ਦਾ ਅੰਨਦਾਤਾ ਇਸ ਵੇਲੇ ਕੁਦਰਤੀ ਆਫ਼ਤ ਦੇ ਦੋਹਰੇ ਸੰਕਟ ਦੀ ਚੱਕੀ ’ਚ ਪਿਸ ਰਿਹਾ ਹੈ। ਪਹਿਲਾਂ ਗੜੇਮਾਰੀ ਦੇ ਕਹਿਰ ਨੇ ਕਣਕ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ। ਹੁਣ ਮੀਂਹ ਦੀ ਘਾਟ ਕਾਰਨ ਪਸਰੇ ਸੋਕੇ ਅਤੇ ਅੱਗ ਵਰਗੀ ਗਰਮੀ ਨੇ ਝੋਨੇ ਦੀ ਫ਼ਸਲ ਨੂੰ ਵੀ ਤਬਾਹੀ ਦੇ ਕਗਾਰ ’ਤੇ ਪਹੁੰਚਾ ਦਿੱਤਾ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ ਦਿਨਾਂ ’ਚ ਮੀਂਹ ਨਾ ਪਿਆ ਤਾਂ ਮਾਲਵੇ ਦੀ ਖੇਤੀ ਦਾ ਵੱਡਾ ਹਿੱਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਕਿਸਾਨਾਂ ਦਾ ਦਰਦ ਇਹ ਹੈ ਕਿ ਝੋਨੇ ਦੀ ਫ਼ਸਲ ’ਤੇ ਹੁਣ ਤੱਕ ਪ੍ਰਤੀ ਏਕੜ ਕਰੀਬ 15 ਤੋਂ 18 ਹਜ਼ਾਰ ਰੁਪਏ ਖਰਚ ਹੋ ਚੁੱਕੇ ਹਨ। ਇਸ ਖਰਚੇ ’ਚ ਮਹਿੰਗੀਆਂ ਖਾਦਾਂ, ਕੀਟਨਾਸ਼ਕ ਸਪਰੇਆਂ, ਡੀਜ਼ਲ, ਟਰੈਕਟਰ ਦਾ ਤੇਲ ਅਤੇ ਮਜ਼ਦੂਰੀ ਸ਼ਾਮਲ ਹੈ। ਇਨ੍ਹਾਂ ਖਰਚ ਕਰਨ ਤੋਂ ਬਾਅਦ ਵੀ ਫ਼ਸਲ ਨੂੰ ਲੋੜੀਂਦਾ ਪਾਣੀ ਨਾ ਮਿਲਣ ਕਾਰਨ ਉਹ ਪੀਲੀ ਪੈ ਕੇ ਸੁੱਕਣ ਲੱਗੀ ਹੈ। ਨਮੀ ਦੀ ਘਾਟ ਅਤੇ ਲਗਾਤਾਰ ਵੱਧ ਰਹੇ ਤਾਪਮਾਨ ਨੇ ਖੇਤਾਂ ਦੀ ਹਾਲਤ ਹੋਰ ਵਿਗਾੜ ਦਿੱਤੀ ਹੈ। ਗੋਨਿਆਣਾ ਬਲਾਕ ਦੇ ਆਸ-ਪਾਸ ਪਿੰਡਾਂ ਦੇ ਖੇਤਾਂ ਵਿਚ ਸੋਕੇ ਵਰਗੇ ਹਾਲਾਤ ਬਣ ਰਿਹੇ ਹਨ। ਕਈ ਪਿੰਡਾਂ ’ਚ ਖੇਤਾਂ ’ਚ ਡੂੰਘੀਆਂ ਤਰੇੜਾਂ ਪੈ ਗਈਆਂ ਹਨ। ਝੋਨਾ ਕਮਜ਼ੋਰ ਹੋ ਰਿਹਾ ਹੈ। ਇਸ ਦੇ ਨਾਲ-ਨਾਲ ਨਦੀਨਾਂ ਅਤੇ ਕੀੜਿਆਂ ਦੇ ਹਮਲੇ ਵੱਧਣ ਕਾਰਨ ਕਿਸਾਨਾਂ ਨੂੰ ਵਾਧੂ ਖਰਚਾ ਕਰਕੇ ਸਪਰੇਆਂ ਕਰਨੀਆਂ ਪੈ ਰਹੀਆਂ ਹਨ। ਪਿੰਡ ਗੰਗਾ (ਅਬਲੂ) ਦੇ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਬਾਰਿਸ਼ ਦੀ ਬੇਰੁਖ਼ੀ ਕਾਰਨ ਸੁੱਕਣ ਦੇ ਕਿਨਾਰੇ ’ਤੇ ਆ ਖੜ੍ਹੀ ਹੈ। ਉਨ੍ਹਾਂ ਦਰਦ ਨਾਲ ਕਿਹਾ ਕਿ ਸਰਕਾਰ ਵਲੋਂ ਮੁਹੱਈਆ ਕਰਵਾਈ ਜਾ ਰਹੀ ਅੱਠ ਘੰਟੇ ਦੀ ਬਿਜਲੀ ਇਸ ਕਹਿਰ ਵਰਗੀ ਗਰਮੀ ’ਚ ਫ਼ਸਲ ਨੂੰ ਸੰਜੀਵਨੀ ਦੇਣ ਲਈ ਨਾਕਾਫ਼ੀ ਹੈ। ਟਿਊਬਵੈੱਲ ਚਲਾਕੇ ਵੀ ਫ਼ਸਲ ਦੀ ਪਿਆਸ ਨਹੀਂ ਬੁਝ ਰਹੀ। ਉਨ੍ਹਾਂ ਨਹਿਰੀ ਪਾਣੀ ਰਾਮਗੜ੍ਹ ਦੀਆਂ ਟੇਲਾਂ ’ਤੇ ਨਹਿਰੀ ਪਾਣੀ ਨਾ ਪੁੱਜਣ ਲੈ ਕੇ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ। ਅੰਨਦਾਤਾ ਵਕੀਲ ਸਿੰਘ ਅਬਲੂ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪਹਿਲਾਂ ਅਸਮਾਨੀ ਕਹਿਰ ਦੀ ਗੜੇਮਾਰੀ ਨੇ ਸਾਡੀ ਰੋਜ਼ੀ-ਰੋਟੀ ਤਬਾਹ ਕਰ ਦਿੱਤੀ, ਹੁਣ ਸੋਕੇ ਦੀ ਤਲਵਾਰ ਝੋਨੇ ਦੀ ਫ਼ਸਲ ’ਤੇ ਲਟਕ ਰਹੀ ਹੈ। ਧਰਤੀ ਦਾ ਪੁੱਤ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਅਤੇ ਪੇਟ ਦੀ ਅੱਗ ਬੁਝਾਉਣ ਲਈ ਮਹਿੰਗੇ ਮੁੱਲ ’ਤੇ ਜ਼ਮੀਨ ਠੇਕੇ ’ਤੇ ਲੈ ਕੇ ਖੂਨ-ਪਸੀਨਾ ਵਹਾਉਣ ਲਈ ਮਜ਼ਬੂਰ ਹੈ। ਕਿਸਾਨ ਹਰਵਿੰਦਰ ਸ਼ਰਮਾ, ਕਿਸਾਨ ਆਗੂ ਗਰਮੇਲ ਸਿੰਘ ਮਹਿਮਾ ਸਰਕਾਰੀ ਨੇ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਖੇਤੀ ਮੋਟਰਾਂ ਲਈ ਘੱਟੋ-ਘੱਟ 12 ਘੰਟੇ ਬਿਜਲੀ ਦੇਣ ਦੀ ਮੰਗ ਕੀਤੀ ਹੈ। ਭਾਵੇਂ ਕਿ ਮੌਸਮ ਵਿਭਾਗ ਨੇ ਬਰਸਾਤ ਦੀ ਸੰਭਾਵਨਾ ਜਤਾਈ ਹੈ ਪਰ ਕਿਸਾਨਾਂ ਦੀਆਂ ਨਜ਼ਰਾਂ ਅਜੇ ਵੀ ਅਸਮਾਨ ਵੱਲ ਟਿਕੀਆਂ ਹਨ।
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੇ ਭਗਤਾ ਭਾਈਕਾ ਵਿਖੇ ਸੂਬਾ ਸਰਕਾਰ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਅਣਪਛਾਤੇ ਵਾਹਨ ਨੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਕੁਚਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।