22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸਰਕਾਰੀ ਸਕੂਲ ਨਥਾਣਾ ਦੇ ਪੁਰਾਣੇ ਵਿਦਿਆਰਥੀਆਂ ਨੇ ਮਨਾਈ ਗੋਲਡਨ ਜੁਬਲੀ

ਅਜੀਤ ਡੈਸਕ 01-04-2026
ਨਥਾਣਾ, 31 ਮਾਰਚ (ਗੁਰਦਰਸ਼ਨ ਲੁੱਧੜ)-ਸਰਕਾਰੀ ਪ੍ਰਾਇਮਰੀ ਏ.ਸੀ ਸਮਾਰਟ ਸਕੂਲ ਨਥਾਣਾ ਵਿਖੇ ਇੱਕ ਸਮਾਗਮ ਰਚਾ ਕੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਨਥਾਣਾ ਦੇ ਅੱਧੀ ਸਦੀ ਪੁਰਾਣੇ ਵਿਦਿਆਰਥੀਆਂ ਵਲੋਂ ਆਪਣੀ ਦਸਵੀਂ ਜਮਾਤ ਵਿਦਾਇਗੀ ਦੀ ਗੋਲਡਨ ਜੁਬਲੀ ਮਨਾਈ ਗਈ | ਇਸ ਮੌਕੇ ਪੁਰਾਣੇ ਵਿਦਿਆਰਥੀਆਂ ਵਲੋਂ ਇੱਕੋ ਸਮੇਂ ਆਪਣੇ ਸਕੂਲੀ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ | ਪੁਰਾਣੇ ਵਿਦਿਆਰਥੀ ਬੁਲਾਰਿਆਂ ਨੇ ਜਿੱਥੇ ਆਪਣੇ ਸਕੂਲ ਦੀ ਧਰਤੀ ਨੂੰ ਸਿਜਦਾ ਕੀਤਾ, ਉੱਥੇ ਆਪਣੇ ਅਧਿਆਪਕਾਂ ਦੀ ਵੱਧ ਤੋਂ ਵੱਧ ਤਾਰੀਫ਼ ਕੀਤੀ | ਇਸ ਮੌਕੇ ਵਿੱਛੜੇ ਅਧਿਆਪਕਾਂ ਅਤੇ ਵਿੱਛੜੇ ਸਮਜਮਾਤੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਪੁਰਾਣੇ ਵਿਦਿਆਰਥੀਆਂ ਨੇ ਦੱਸਿਆ ਕਿ ਅੱਧੀ ਸਦੀ ਪਹਿਲਾਂ ਦੇ ਵਿੱਦਿਅਕ ਹਾਲਾਤ ਹੁਣ ਵਰਗੇ ਨਹੀਂ ਸਨ, ਕਿਉਂਕਿ ਉਸ ਸਮੇਂ ਵਿੱਦਿਆ ਸੰਬੰਧੀ ਨਾ ਹੁਣ ਵਾਂਗ ਜਾਗਰੂਕਤਾ ਸੀ ਅਤੇ ਨਾ ਹੀ ਘਰਾਂ ਦੇ ਹਾਲਾਤ ਸਨ, ਮਸ਼ੀਨੀ ਖੇਤੀ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਰਕੇ ਹਰ ਘਰ ਖੇਤੀ ਲਈ ਟੀਮ ਦੀ ਲੋੜ ਹੁੰਦੀ ਸੀ, ਜਿਸ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੰਜਵੀਂ ਜਾਂ ਅੱਠਵੀਂ ਜਮਾਤ ਉਪਰੰਤ ਸਕੂਲ ਛੱਡਣੇ ਪੈਂਦੇ ਸਨ | ਇਸ ਸਮਾਗਮ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਇੱਕ ਮਿੰਟ ਦਾ ਭੰਗੜਾ ਪਾ ਕੇ ਆਪਣੇ ਵਿਦਿਆਰਥੀ ਜੀਵਨ ਦੇ ਸੁਨਹਿਰੀ ਸਮੇਂ ਨੂੰ ਦੁਹਰਾਉਣ ਦੀ ਕਲਪਨਾ ਕੀਤੀ | ਪ੍ਰਾਇਮਰੀ ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵਲੋਂ ਪੁਰਾਣੇ ਵਿਦਿਆਰਥੀਆਂ ਦਾ ਸਕੂਲ ਵਿਚ ਨਿੱਘਾ ਤੇ ਸਵਾਗਤ ਕੀਤਾ ਗਿਆ | ਗੁਰਾਂਦਿੱਤਾ ਸਿੰਘ, ਬਲਦੇਵ ਸਿੰਘ ਸੈਂਭੀ, ਅਜੀਤ ਸਿੰਘ ਦੂਆ, ਹਰਪਾਲ ਸਿੰਘ, ਗੁਰਮੇਲ ਸਿੰਘ, ਮੇਜਰ ਸਿੰਘ, ਨਛੱਤਰ ਸਿੰਘ ਪੂਹਲੀ, ਰਾਜਿੰਦਰ ਸਿੰਘ, ਵਿਸਾਖਾ ਸਿੰਘ, ਮਲਕੀਤ ਸਿੰਘ, ਯਾਦਵਿੰਦਰ ਮਹਿਰਾਜ, ਜਤਿੰਦਰ ਗੋਇਲ, ਜਗਤਾਰ ਸਿੰਘ, ਮਹਿੰਦਰ ਸਿੰਗਲਾ, ਨਸੀਬ ਕੌਰ, ਅੰਮਿ੍ਤਪਾਲ ਕੌਰ, ਸੁਖਪਾਲ ਕੌਰ, ਪਰਮਜੀਤ ਕੌਰ ਅਤੇ ਸਾਰੇ ਸਮਜਮਾਤੀਆਂ ਵਲੋਂ ਗੋਲਡਨ ਜੁਬਲੀ ਮੌਕੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਸਮਾਗਮ ਵਿਚ ਬਲਦੇਵ ਸਿੰਘ ਮਲੋਟ, ਡਾ: ਜੀਵਨ ਸਿੰਘ ਸਿੱਧੂ, ਇੰਚਾਰਜ ਪਿ੍ੰਸੀਪਲ ਲਖਵਿੰਦਰ ਕੌਰ, ਪੰਚਾਇਤ ਪ੍ਰਧਾਨ ਇੰਦਰਵੀਰ ਕੌਰ, ਸਿੱਖਿਆ ਕੋਆਰਡੀਨੇਟਰ ਹਰਮੰਦਰ ਸਿੰਘ ਬਰਾੜ, ਪੰਚਾਇਤੀ ਆਗੂ ਨਰਿੰਦਰ ਸਿੰਘ ਨੈਰੀ ਸਿੱਧੂ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਹਰਿੰਦਰਜੀਤ ਨਾਮੀ ਅਤੇ ਅਮਰਜੀਤ ਕੌਰ ਵੀ ਸ਼ਾਮਿਲ ਸਨ | ਸਮਾਗਮ ਦੇ ਪ੍ਰਬੰਧਕ ਅਤੇ ਸਟੇਟ ਐਵਾਰਡੀ ਅਧਿਆਪਕ ਸੁਖਪਾਲ ਸਿੰਘ ਸਿੱਧੂ ਵਲੋਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਗੜ੍ਹੇਮਾਰੀ ਅਤੇ ਮੀਂਹ ਨੇ ਕਿਸਾਨਾਂ ਦੀ ਉਮੀਦਾਂ 'ਤੇ ਫੇਰਿਆ ਪਾਣੀ-ਸਿੱਧੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਬੁਰਜ ਕਾਹਨ ਸਿੰਘ ਵਾਲਾ ਤੋਂ ਪਿੰਡ ਵਾਰ ਕਮੇਟੀਆਂ ਬਣਾਉਣ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।