ਮਕਾਨ ਉਸਾਰੀ ਦੀਆਂ ਗ੍ਰਾਂਟਾਂ ਰੁਕਣ ਕਾਰਨ ਗਰੀਬ ਪਰਿਵਾਰਾਂ ਦੀਆਂ ਮੁਸ਼ਕਿਲਾਂ ਵਧੀਆਂ
ਮੁੱਦਕੀ, 2 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਸਰਕਾਰ ਵਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ ਦਿੱਤੀ ਜਾਣ ਵਾਲੀ ਗ੍ਰਾਂਟ ਸਮੇਂ ਸਿਰ ਨਾ ਮਿਲਣ ਅਤੇ ਇਸ ਦੀਆਂ ਅਗਲੀਆਂ ਕਿਸ਼ਤਾਂ ਜਾਰੀ ਹੋਣ ਵਿਚ ਹੋ ਰਹੀ ਦੇਰੀ ਕਾਰਨ ਲਾਭਪਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸਮੇਤ ਹੋਰ ਸਰਕਾਰੀ ਮਕਾਨ ਉਸਾਰੀ ਸਕੀਮਾਂ ਤਹਿਤ ਸਹਾਇਤਾ ਦੀ ਉਡੀਕ ਕਰ ਰਹੇ ਪਰਿਵਾਰਾਂ ਵਿਚ ਸਰਕਾਰੀ ਪ੍ਰਬੰਧਾਂ ਪ੍ਰਤੀ ਨਾਰਾਜ਼ਗੀ ਪਾਈ ਜਾ ਰਹੀ ਹੈ।
ਗ
ਗ੍ਰਾਂਟ ਦੀਆਂ ਕਿਸ਼ਤਾਂ ਨਾ ਮਿਲਣ ਕਾਰਨ ਆਪਣੀ ਸਮੱਸਿਆ ਦੱਸਦੀ ਹੋਈ ਪ੍ਰਭਾਵਿਤ ਆਸ਼ਾ ਰਾਣੀ। ਤਸਵੀਰ-ਭਾਰਤ ਭੂਸ਼ਨ ਅਗਰਵਾਲ
03-11-2026
ਮੁੱਦਕੀ, 2 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਸਰਕਾਰ ਵਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ ਦਿੱਤੀ ਜਾਣ ਵਾਲੀ ਗ੍ਰਾਂਟ ਸਮੇਂ ਸਿਰ ਨਾ ਮਿਲਣ ਅਤੇ ਇਸ ਦੀਆਂ ਅਗਲੀਆਂ ਕਿਸ਼ਤਾਂ ਜਾਰੀ ਹੋਣ ਵਿਚ ਹੋ ਰਹੀ ਦੇਰੀ ਕਾਰਨ ਲਾਭਪਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸਮੇਤ ਹੋਰ ਸਰਕਾਰੀ ਮਕਾਨ ਉਸਾਰੀ ਸਕੀਮਾਂ ਤਹਿਤ ਸਹਾਇਤਾ ਦੀ ਉਡੀਕ ਕਰ ਰਹੇ ਪਰਿਵਾਰਾਂ ਵਿਚ ਸਰਕਾਰੀ ਪ੍ਰਬੰਧਾਂ ਪ੍ਰਤੀ ਨਾਰਾਜ਼ਗੀ ਪਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਗਰੀਬ ਪਰਿਵਾਰਾਂ ਨੇ ਸਰਕਾਰੀ ਗ੍ਰਾਂਟ ਮਿਲਣ ਦੀ ਆਸ ਵਿਚ ਆਪਣੇ ਪੁਰਾਣੇ ਕੱਚੇ ਮਕਾਨ ਢਾਹ ਕੇ ਨਵੇਂ ਪੱਕੇ ਮਕਾਨਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਸੀ, ਪਰ ਗ੍ਰਾਂਟ ਦੀ ਅਗਲੀ ਕਿਸ਼ਤ ਨਾ ਮਿਲਣ ਕਾਰਨ ਉਸਾਰੀ ਦਾ ਕੰਮ ਵਿਚਕਾਰ ਹੀ ਰੁਕ ਗਿਆ ਹੈ। ਇਸ ਕਾਰਨ ਕਈ ਪਰਿਵਾਰ ਤਿਰਪਾਲਾਂ ਹੇਠਾਂ ਜਾਂ ਖੁੱਲ੍ਹੇ ਅਸਮਾਨ ਹੇਠ ਦਿਨ-ਰਾਤ ਗੁਜ਼ਾਰਨ ਲਈ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਵਲੋਂ ਗਰੀਬਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਜਦਕਿ ਦੂਜੇ ਪਾਸੇ ਗ੍ਰਾਂਟਾਂ ਦੀਆਂ ਕਿਸ਼ਤਾਂ ਵਿਚ ਦੇਰੀ ਕਾਰਨ ਲੋੜਵੰਦ ਪਰਿਵਾਰਾਂ ਦੀਆਂ ਉਮੀਦਾਂ ਅਧੂਰੀਆਂ ਰਹਿ ਰਹੀਆਂ ਹਨ। ਇਸ ਸਬੰਧੀ ਪ੍ਰਭਾਵਿਤ ਆਸ਼ਾ ਰਾਣੀ ਪਤਨੀ ਦਰਸ਼ਨ ਲਾਲ ਵਾਸੀ ਵਾਰਡ ਨੰਬਰ 9, ਪੁਰਾਣਾ ਬਾਜ਼ਾਰ ਮੁੱਦਕੀ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਮੇਟੀ ਦਫ਼ਤਰ ਦੇ ਗੇੜੇ ਮਾਰ ਕੇ ਥੱਕ ਚੁੱਕੀ ਹੈ, ਪਰ ਅਜੇ ਤੱਕ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਨੇ ਦੱਸਿਆ ਕਿ ਮਕਾਨ ਦੀ ਉਸਾਰੀ ਲਈ ਮਿਲਣ ਵਾਲੀ ਗ੍ਰਾਂਟ ਦੀਆਂ ਕਿਸ਼ਤਾਂ ਨਾ ਮਿਲਣ ਕਾਰਨ ਪਰਿਵਾਰ ਨੂੰ ਆਰਥਿਕ ਤੰਗੀ ਦੇ ਨਾਲ-ਨਾਲ ਮੌਸਮ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਕਈ ਪ੍ਰਭਾਵਿਤ ਪਰਿਵਾਰਾਂ ਅਨੁਸਾਰ ਉਨ੍ਹਾਂ ਨੇ ਆਪਣੀ ਸਮਰੱਥਾ ਮੁਤਾਬਿਕ ਕਰਜ਼ਾ ਚੁੱਕ ਕੇ ਮਕਾਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਸੀ, ਪਰ ਸਰਕਾਰੀ ਸਹਾਇਤਾ ਦੀ ਅਗਲੀ ਕਿਸ਼ਤ ਨਾ ਆਉਣ ਕਾਰਨ ਹੁਣ ਉਨ੍ਹਾਂ ਲਈ ਉਸਾਰੀ ਦਾ ਕੰਮ ਅੱਗੇ ਵਧਾਉਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕੋਲ ਨਾ ਤਾਂ ਉਸਾਰੀ ਮੁਕੰਮਲ ਕਰਵਾਉਣ ਲਈ ਪੈਸੇ ਹਨ ਅਤੇ ਨਾ ਹੀ ਕੋਈ ਹੋਰ ਪ੍ਰਬੰਧ ਕਰਨ ਦੀ ਸਮਰੱਥਾ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਸਕੀਮਾਂ ਦਾ ਮੁੱਖ ਉਦੇਸ਼ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਪਰ ਜੇਕਰ ਲਾਭਪਾਤਰੀਆਂ ਨੂੰ ਸਮੇਂ ਸਿਰ ਸਹਾਇਤਾ ਨਹੀਂ ਮਿਲੇਗੀ ਤਾਂ ਇਨ੍ਹਾਂ ਸਕੀਮਾਂ ਦਾ ਮਕਸਦ ਪੂਰਾ ਨਹੀਂ ਹੋ ਸਕੇਗਾ। ਉਨ੍ਹਾਂ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮਕਾਨ ਉਸਾਰੀ ਦੀਆਂ ਗ੍ਰਾਂਟਾਂ ਜਾਰੀ ਕਰਨ ਵਿਚ ਆ ਰਹੀਆਂ ਰੁਕਾਵਟਾਂ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਬਕਾਇਆ ਕਿਸ਼ਤਾਂ ਜਲਦ ਤੋਂ ਜਲਦ ਲਾਭਪਾਤਰੀਆਂ ਦੇ ਖਾਤਿਆਂ ਵਿਚ ਪਾਈਆਂ ਜਾਣ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਮਕਾਨਾਂ ਦੀ ਉਸਾਰੀ ਮੁਕੰਮਲ ਕਰਵਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਗਰੀਬ ਪਰਿਵਾਰ ਵੀ ਸੁਰੱਖਿਅਤ ਛੱਤ ਹੇਠ ਆਪਣਾ ਜੀਵਨ ਬਤੀਤ ਕਰ ਸਕਣ।