ਗੋਲੂ ਕਾ ਮੋੜ, 18 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਡੇਰਾ ਸ਼੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਮਹੀਨਾ ਭਰ ਚੱਲੇ ਸਾਲਾਨਾ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਸ਼ੁਕਰਾਨਾ ਸਮਾਗਮ ਹੋਇਆ। ਪਹਿਲੀ ਸਾਵਣ ਨੂੰ ਸਮਾਗਮ ਦੀ ਸਮਾਪਤੀ ਤੋਂ ਬਾਅਦ ਸ਼ੁਕਰਾਨੇ ਲਈ 7 ਸ਼੍ਰੀ ਅਖੰਡ ਪਾਠਾ ਦੀ ਆਰੰਭਤਾ ਕੀਤੀ ਗਈ, ਜਿਨ੍ਹਾਂ ਦੇ ਭੋਗ ਪਾਏ ਗਏ, ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਬਣਵਾਲਾ ਵਲੋਂ ਸਰਬੱਤ ਦੇ ਭਲੇ ’ਤੇ ਮਹੀਨਾ ਚੱਲੇ ਸਮਾਗਮਾਂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ। ਸਮਾਗਮ ’ਚ ਸਮੂਹ ਨਗਰ ਨਿਵਾਸੀਆਂ ਅਤੇ ਆਸ ਪਾਸ ਪਿੰਡਾਂ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬਾਬਾ ਵਚਨ ਸਿੰਘ ਅਕੈਡਮੀ ਦੇ ਵਿਦਿਆਰਥੀਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਨਿਹਾਲ ਕੀਤਾ। ਡੇਰਾ ਭਜਨਗੜ੍ਹ ਦੇ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਵਲੋ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ ਅਤੇ ਗੁਰਬਾਣੀ ਦੇ ਫ਼ਰਮਾਨ ਦੇ ਕੇ ਸੇਵਾ ਅਤੇ ਸਿਮਰਨ ਨਾਲ ਜੁੜਨ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਇੱਥੇ ਇਹ ਦੱਸਣਾ ਬਣਦਾ ਹੈ ਡੇਰਾ ਸ਼੍ਰੀ ਭਜਨਗੜ੍ਹ ਦੇ ਸੰਸਥਾਪਕ ਸੰਤ ਬਾਬਾ ਵਚਨ ਸਿੰਘ ਜੀ ਨੇ ਡੇਰਾ ਭਜਨਗੜ ਦੀ ਸਥਾਪਨਾ ਪਿੰਡ ਲਾਲੇ ਵਾਲਾ ਤਹਿਸੀਲ ਉਕਾੜਾ ’ਤੇ ਜ਼ਿਲ੍ਹਾ ਮਿੰਟ ਗੁੰਬਰੀ ਪਾਕਿਸਤਾਨ ਵਿਖੇ ਕੀਤੀ। ਹਿੰਦ-ਪਾਕਿ ਦੀ ਵੰਡ ਤੋਂ ਬਾਅਦ ਡੇਰਾ ਸ਼੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਸਥਾਪਤ ਹੋਇਆ। ਸੰਤ ਬਾਬਾ ਵਚਨ ਸਿੰਘ ਜੀ ਮਹਾਨ ਤਪੱਸਵੀ ਸਨ। ਉਨ੍ਹਾਂ ਦੀ ਚਲਾਈ ਮਰਿਆਦਾ ਅਨੁਸਾਰ ਡੇਰਾ ਸ਼੍ਰੀ ਭਜਨਗੜ੍ਹ ਵਿਖੇ ਪਹਿਲੀ ਹਾੜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਹੁੰਦੀ ਹੈ। ਜਿਸ ਦੇ ਭੋਗ ਪਹਿਲੀ ਸਾਉਣ ਨੂੰ ਪਾਏ ਜਾਂਦੇ ਹਨ। ਸੰਤ ਬਾਬਾ ਵਚਨ ਸਿੰਘ ਜੀ ਦੇ ਪਾਏ ਪੂਰਨਿਆਂ ’ਤੇ ਚੱਲਦੇ ਮੌਜੂਦਾ ਸਮੇਂ ਦੌਰਾਨ ਪਿਛਲੇ ਤਿੰਨ ਸਾਲਾਂ ਤੋਂ ਡੇਰਾ ਸ਼੍ਰੀ ਭਜਨਗੜ੍ਹ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਚੱਲ ਰਿਹਾ ਹੈ। ਇਸ ਸਾਲ ਪਿਛਲੇ ਸਾਲਾਂ ਨਾਲੋਂ ਦੋ ਤੋਂ ਤਿੰਨ ਗੁਣਾ ਵੱਧ ਸੰਗਤ ਇਸ ਮਹੀਨੇ ਦੇ ਸਮਾਗਮਾਂ ਵਿਚ ਪੁੱਜੀ ਹੈ। ਸੰਤ ਬਾਬਾ ਰਜਿੰਦਰ ਸਿੰਘ ਜੀ ਆਪ ਸੰਗੀਤ ਦੀਆਂ ਸੁਰਾਂ ਦੇ ਉਸਤਾਦ ਹਨ। ਉਨ੍ਹਾਂ ਦੇ ਸਿਖਾਏ ਚੇਲੇ ਰਾਗੀ, ਢਾਡੀ ਅਤੇ ਪ੍ਰਚਾਰਕ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਗੁਰੂ ਜਸ ਕਰ ਰਹੇ ਹਨ।