15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ

ਅਜੀਤ ਡੈਸਕ 10-05-2026
ਮੁੱਦਕੀ, 9 ਮਈ (ਭਾਰਤ ਭੂਸ਼ਨ ਅਗਰਵਾਲ)-ਨਗਰ ਪੰਚਾਇਤ ਮੁੱਦਕੀ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ | ਇਸ ਦੌਰਾਨ ਨਗਰ ਪੰਚਾਇਤ ਦੇ ਗੇਟ ਅੱਗੇ ਇਕੱਤਰ ਹੋਏ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਦਿੱਤਾ | ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਰਾਜ ਕੁਮਾਰ, ਵਾਈਸ ਪ੍ਰਧਾਨ ਸਤਪਾਲ ਅਤੇ ਹੋਰਨਾਂ ਨੇ ਕਿਹਾ ਕਿ ਇਹ ਹੜਤਾਲ ਸਾਡਾ ਕੋਈ ਸ਼ੌਕ ਨਹੀਂ ਮਜਬੂਰੀ ਹੈ, ਕਿਉਂਕਿ ਪੰਜਾਬ ਦਾ 90 ਫ਼ੀਸਦੀ ਮੁਲਾਜ਼ਮ ਕੱਚਾ ਹੈ 'ਤੇ ਮਾਤਰ 10 ਹਜ਼ਾਰ ਨਿਗੂਣੀ ਤਨਖ਼ਾਹ 'ਤੇ ਕੰਮ ਕਰ ਰਿਹਾ ਹੈ | ਮਹਿੰਗਾਈ ਕਰਕੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ | ਅੱਜ ਤੋਂ ਲਗਭਗ ਸਾਢੇ 4 ਸਾਲ ਪਹਿਲਾਂ ਸੱਤਾ ਵਿਚ ਆਉਣ ਵਾਲੀ ਮਾਨ ਸਰਕਾਰ ਇਨ੍ਹਾਂ ਹੀ ਸਫ਼ਾਈ ਸੇਵਕਾਂ ਦਾ ਝਾੜੂ ਵਾਲਾ ਨਿਸ਼ਾਨ ਲੈ ਕੇ ਵੋਟਾਂ ਮੰਗ ਕੇ ਸੱਤਾ ਵਿਚ ਆਈ ਸੀ | ਉਸ ਵੇਲੇ ਮੁੱਖ ਮੰਤਰੀ ਵਲੋਂ ਕਿਹਾ ਸੀ ਕਿ ਸਾਡੀ ਸਰਕਾਰ ਵਿਚ ਕਿਸੇ ਨੂੰ ਵੀ ਧਰਨੇ, ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ, ਪਰ ਹੋਇਆ ਇਸ ਦੇ ਉਲਟ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ ਅਤੇ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਦਾ ਲਿਖਤੀ ਨੋਟੀਫ਼ਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 4 ਸਾਲਾਂ ਦੌਰਾਨ ਸਰਕਾਰ ਨੇ ਯੂਨੀਅਨਾਂ ਨਾਲ ਕਈ ਮੀਟਿੰਗਾਂ ਤਾਂ ਕੀਤੀਆਂ, ਪਰ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੱਢਿਆ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਐਕਸ਼ਨ ਕਮੇਟੀ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਬਰਾਬਰ ਕੰਮ ਬਰਾਬਰ ਤਨਖ਼ਾਹ ਦੇਣ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਵਰਗੀਆਂ ਮੰਗਾਂ ਦਾ ਨਿਪਟਾਰਾ ਜਲਦ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਕਸਬੇ ਅੰਦਰ ਸਾਫ਼-ਸਫ਼ਾਈ ਨਾ ਹੋਣ ਕਾਰਨ ਕੂੜੇ ਦੇ ਢੇਰ ਲੱਗ ਗਏ ਹਨ, ਜਿਸ ਕਾਰਨ ਬਦਬੂ ਫੈਲ ਰਹੀ ਹੈ ਅਤੇ ਲੋਕਾਂ 'ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਇਸ ਮੌਕੇ ਪੈ੍ਰੱਸ ਸਕੱਤਰ ਸੁਨੀਲ ਕੁਮਾਰ, ਅੰਗਰੇਜ਼ ਸਿੰਘ, ਦੀਪਕ, ਰਾਕੇਸ਼ ਕੁਮਾਰ, ਰਾਜੇਸ਼, ਜਸਕਰਨ ਸਿੰਘ, ਵਰਿੰਦਰ ਸਿੰਘ, ਸੁਖਵੀਰ ਸਿੰਘ, ਅਸ਼ੋਕ ਕੁਮਾਰ, ਰਜਨੀ, ਰਮੇਸ਼ ਕੁਮਾਰ, ਗੁਰਪ੍ਰੀਤ ਸਿੰਘ, ਸੁਨੀਲ, ਸਤਪਾਲ, ਪ੍ਰਦੀਪ ਸਿੰਘ, ਬਰਜਿੰਦਰ ਸਿੰਘ, ਗੁਰਮੇਲ ਸਿੰਘ, ਤਰਸੇਮ ਸਿੰਘ, ਲੀਲ੍ਹੂ ਰਾਮ, ਸੁਰੇਸ਼, ਸਿਮਰਨ, ਰਾਹੁਲ ਕੁਮਾਰ, ਮੁਲਕ ਰਾਜ, ਵਿਕੀ, ਗੋਗੀ ਰਾਣੀ, ਸਾਜਨ, ਤਮੰਨਾ, ਕਿਰਨ, ਪ੍ਰੀਤੀ, ਮੀਰਾ, ਬਿਨਾਂ ਰਾਣੀ ਆਦਿ ਹਾਜ਼ਰ ਸਨ |
ਕੂੜੇ ਦੇ ਲੱਗੇ ਢੇਰ
ਮੱਖੂ, (ਵਰਿੰਦਰ ਮਨਚੰਦਾ)-ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਲੰਬਿਤ ਮੰਗਾਂ ਦੇ ਸਬੰਧ ਵਿਚ ਸ਼ੁਰੂ ਕੀਤੀ ਹੜਤਾਲ ਅੱਜ ਚੌਥੇ ਦਿਨ ਵਿਚ ਸ਼ਾਮਲ ਹੋ ਗਈ ਹੈ | ਇਸ ਮੌਕੇ ਉਨ੍ਹਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਨਹੀਂ ਹੈ, ਜਿਸ ਕਾਰਨ ਕਰਮਚਾਰੀਆਂ ਵਿਚ ਵਿਆਪਕ ਰੋਸ ਹੈ | ਪ੍ਰਧਾਨ ਰਾਜੂ ਮੇਟ ਨੇ ਕਿਹਾ ਕਿ ਨਗਰ ਪੰਚਾਇਤ ਵਿਚ ਵੱਡੀ ਗਿਣਤੀ 'ਚ ਕਰਮਚਾਰੀ ਠੇਕੇਦਾਰੀ ਪ੍ਰਣਾਲੀ ਅਧੀਨ ਕੰਮ ਕਰਦੇ ਹਨ | ਇਨ੍ਹਾਂ ਵਿਚ ਸਫ਼ਾਈ ਸੇਵਕ, ਸਫ਼ਾਈ ਕਰਮਚਾਰੀ, ਇਲੈਕਟ੍ਰੀਸ਼ੀਅਨ, ਕੰਪਿਊਟਰ ਆਪਰੇਟਰ, ਕਲਰਕ, ਡਰਾਈਵਰ ਕਰਮਚਾਰੀ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਕੱਚੇ ਕਾਮੇ ਪੱਕੇ ਕਰਨ, ਘੱਟੋ-ਘੱਟ ਉਜਰਤ 40 ਹਜ਼ਾਰ ਕਰਨ ਸਮੇਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ | ਓਧਰ ਕਸਬਾ ਮੱਖੂ ਅੰਦਰ ਸਫ਼ਾਈ ਕੰਮ ਦਾ ਮੁਕੰਮਲ ਬਾਈਕਾਟ ਹੋਣ ਕਾਰਨ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗ ਗਏ ਹਨ | ਇਸ ਹੀਰਾ ਸਿੰਘ ਇਲੈਕਟ੍ਰੀਸ਼ਨ, ਸਫ਼ਾਈ ਕਰਮਚਾਰੀ ਰਿਖੀ ਰਾਮ, ਸ਼ਾਂਤੀ, ਬਬਲੀ, ਕਮਲੇਸ਼, ਸੰਤੋਸ਼ ਰਾਣੀ, ਵੀਨਾ ਰਾਣੀ, ਵਿਜੇ ਕੁਮਾਰ, ਮੰਗਾ, ਗੁਲਾਬ, ਵਿਕੀ, ਸੰਮਾ, ਕੇਵਲ, ਟੋਨੀ, ਲਵ ਰਾਜ, ਨਾਨਕ, ਸੁਰਿੰਦਰ ਕੁਮਾਰ ਗੁੱਲੂ, ਰਾਜੂ, ਰਜਿੰਦਰ ਕੁਮਾਰ, ਮਨੋਜ ਕੁਮਾਰ, ਸ਼ੰਕਰ, ਕਾਕਾ, ਸੋਨੂੰ, ਰੁਲਦੂ, ਬਿਮਲਾ, ਅਰੁਣ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੈਂਟਰ-ਟਰਾਲਾ ਹਾਦਸਾ ਮਾਮਲੇ ਵਿਚ ਟਰਾਲਾ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਆਜ਼ਾਦ ਕਿਸਾਨ ਮੋਰਚੇ ਦਾ ਅੱਜ ਵਾਲਾ ਧਰਨਾ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।