ਮਮਦੋਟ, 31ਮਾਰਚ (ਸੁਖਦੇਵ ਸਿੰਘ ਸੰਗਮ, ਰਾਜਿੰਦਰ ਹਾਂਡਾ)-ਵਿਧਾਨ ਸਭਾ ਹਲਕਾ ਫ਼ਿਰੋਜਪੁਰ ਦਿਹਾਤੀ ਦੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਵਾਟਰ ਵਰਕਸ ਦੀ ਸਪਲਾਈ ਦਾ ਦੂਸ਼ਿਤ ਪਾਣੀ ਪੀਣ ਕਾਰਨ ਇਨਸਾਨਾਂ ਵਿਚ ਫੈਲ ਰਹੀ ਪੀਲੀਏ ਦੀ ਬਿਮਾਰੀ ਨੇ ਹੁਣ ਪਾਲਤੂ ਪਸ਼ੂਆਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ | ਪਿਛਲੇ ਕਰੀਬ ਡੇਢ ਮਹੀਨੇ ਤੋਂ ਜਦੋਂ ਤੋਂ ਇਹ ਬਿਮਾਰੀ ਸਾਹਮਣੇ ਆਈ ਸੀ, ਉਦੋਂ ਤੋਂ ਹੀ ਵੈਟਰਨਰੀ ਵਿਭਾਗ ਫ਼ਿਰੋਜਪੁਰ ਦੇ ਸਥਾਨਕ ਹਸਪਤਾਲ ਦੀਆਂ ਟੀਮਾਂ ਵਲੋਂ ਪੀੜਤ ਪਾਏ ਗਏ ਲੋਕਾਂ ਦੇ ਘਰੇਲੂ ਪਸ਼ੂਆਂ ਦੀ ਜਾਚ ਕੀਤੀ ਜਾ ਰਹੀ ਹੈ 'ਤੇ ਤਾਜ਼ਾ ਵਿਭਾਗੀ ਜਾਣਕਾਰੀ ਮੁਤਾਬਿਕ ਹੁਣ ਤੱਕ ਲਏ ਗਏ ਨਮੂਨਿਆਂ ਵਿਚ ਪੰਜ ਪਸ਼ੂ ਵੀ ਇਸ ਬਿਮਾਰੀ ਤੋਂ ਪ੍ਰਭਾਵਿਤ ਪਾਏ ਗਏ ਹਨ | ਇਸ ਬਾਬਤ ਹੋਰ ਵੇਰਵਾ ਦਿੰਦਿਆਂ ਡਿਪਟੀ ਡਾਇਰੈਕਟਰ ਫ਼ਿਰੋਜਪੁਰ ਲਖਵਿੰਦਰ ਸਿੰਘ ਨੇ ਦੱਸਿਆਂ ਕਿ ਵੈਟਰਨਰੀ ਟੀਮਾਂ ਦੁਆਰਾ ਪਿੰਡ ਦੇ ਸ਼ੱਕੀ ਪਸ਼ੂਆਂ ਦਾ ਲਗਾਤਾਰ ਲੋੜ ਮੁਤਾਬਿਕ ਇਲਾਜ ਕੀਤਾ ਜਾ ਰਿਹਾ ਹੈ | ਜਿੰਨਾ ਪਰਿਵਾਰਾਂ ਵਿਚ ਕੋਈ ਵਿਅਕਤੀ ਇਸ ਤੋਂ ਪ੍ਰਭਾਵਿਤ ਪਾਇਆ ਗਿਆ ਹੈ | ਉਨ੍ਹਾਂ ਦੇ ਘਰੇਲੂ ਪਸ਼ੂਆਂ ਦੇ ਖ਼ੂਨ ਦੇ ਨਮੂਨੇ ਲੈ ਕੇ ਲੈਬ ਟੈੱਸਟ ਕੀਤੇ ਜਾ ਰਹੇ ਹਨ 'ਤੇ ਹੁਣ ਤੱਕ ਲਏ ਗਏ ਨਮੂਨਿਆਂ ਵਿਚ ਇਕ ਮੱਝ ,ਇਕ ਗਾਂ, ਇਕ ਕਟਰੂ ਅਤੇ ਦੋ ਕੁੱਤੇ ਇਸ ਬਿਮਾਰੀ ਤੋਂ ਪੀੜਤ ਪਾਏ ਗਏ ਹਨ ਜਿੰਨ੍ਹਾ ਦਾ ਵਿਭਾਗ ਦੁਆਰਾ ਇਲਾਜ ਜਾਰੀ ਹੈ | ਉਨ੍ਹਾਂ ਨੇ ਦੱਸਿਆ ਕਿ ਫ਼ਿਲਹਾਲ ਉਕਤ ਸਾਰੇ ਪਸ਼ੂ ਤੰਦਰੂਸਤ ਹਨ 'ਤੇ ਕਿਸੇ ਵੀ ਵਿਅਕਤੀ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਅਜਿਹੇ ਪਸ਼ੂਆਂ ਦਾ ਦੁੱਧ ਪੀਣ ਨਾਲ ਇਸ ਬਿਮਾਰੀ ਦੇ ਮਨੁੱਖਾਂ ਵਿਚ ਫੈਲਣ ਦਾ ਕੋਈ ਖ਼ਤਰਾ ਨਹੀਂ ਹੁੰਦਾ |