ਭੁਲੱਥ (ਕਪੂਰਥਲਾ), 23 ਨਵੰਬਰ (ਮਨਜੀਤ ਸਿੰਘ ਰਤਨ)- ਸ਼ਹਿਰ ਭੁਲੱਥ ਦੇ ਇਕ ਨੌਜਵਾਨ ਦੀ ਅਮਰੀਕਾ ਵਿਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਘੁੰਮਣ ਉਰਫ਼ ਪੰਮਾ (35) ਪੁੱਤਰ ਸਵ. ਕਰਨੈਲ ਸਿੰਘ ਘੁੰਮਣ, ਵਾਸੀ ਭੁਲੱਥ ਵਜੋਂ ਹੋਈ ਹੈ।
ਮ੍ਰਿਤਕ ਦੇ ਚਾਚਾ ਦਵਿੰਦਰ ਸਿੰਘ ਘੁੰਮਣ ਵਾਸੀ ਭੁਲੱਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਅਮਰੀਕਾ ਤੋਂ ਫੋਨ ਰਾਹੀਂ ਪਰਿਵਾਰ ਨੂੰ ਸੂਚਨਾ ਮਿਲੀ ਕਿ ਪਰਮਜੀਤ ਸਿੰਘ ਪੰਮਾ ਕੰਮ ਤੋਂ ਵਾਪਸ ਆ ਕੇ ਆਪਣੀ ਕਾਰ ਵਿਚ ਬੈਠਾ ਹੋਇਆ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।