ਗੁਰੂਹਰਸਹਾਏ, 31 ਮਾਰਚ (ਕਪਿਲ ਕੰਧਾਰੀ)-ਇਕ ਪਾਸੇ ਜਿੱਥੇ ਖੇਤਾਂ ਵਿਚ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਕਟਾਈ ਲਈ ਤਿਆਰ ਖੜੀ ਸੀ ਅਤੇ ਕਿਸਾਨਾਂ ਵਲੋਂ 1 ਅਪ੍ਰੈਲ ਤੋਂ ਇਸ ਨੰੂ ਮੰਡੀਆਂ ਵਿਚ ਲਿਆਂਦਾ ਜਾਣਾ ਸੀ, ਉੱਥੇ ਹੀ ਅੱਜ ਦੁਪਹਿਰ ਬਾਅਦ ਪਏ ਅਚਾਨਕ ਮੀਂਹ ਅਤੇ ਕਈ ਥਾਵਾਂ 'ਤੇ ਹੋਈ ਗੜੇ੍ਹਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਝੋਕ ਮੋਹੜੇ ਦੇ ਪੈੱ੍ਰਸ ਸਕੱਤਰ ਗੁਰਨਾਮ ਸਿੰਘ ਸੋਮੀਆਂ ਨੇ ਅਜੀਤ ਦੇ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਹਨਾਂ ਕਿਹਾ ਕਿ ਇਲਾਕੇ ਵਿਚ ਕਈ ਥਾਵਾਂ 'ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਜਿਸ ਨਾਲ ਖੇਤਾਂ ਵਿਚ ਖੜੀ ਕਣਕ ਢਹਿ ਗਈ | ਗੜੇਮਾਰੀ ਕਾਰਨ ਕਣਕ ਦੇ ਦਾਣਿਆਂ ਨੂੰ ਨੁਕਸਾਨ ਪਹੁੰਚਣ ਦਾ ਵੀ ਡਰ ਬਣ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਹੋਰ ਖ਼ਰਾਬ ਹੁੰਦਾ ਹੈ ਤਾਂ ਫਸਲ ਦੀ ਗੁਣਵੱਤਾ ਘਟ ਸਕਦੀ ਹੈ ਅਤੇ ਉਨ੍ਹਾਂ ਨੂੰ ਮੰਡੀਆਂ ਵਿਚ ਠੀਕ ਭਾਅ ਨਹੀਂ ਮਿਲੇਗਾ | ਉਨ੍ਹਾਂ ਦੱਸਿਆ ਕਿ ਸਾਲ ਭਰ ਦੀ ਮਿਹਨਤ ਇਸ ਮੌਕੇ 'ਤੇ ਨਿਰਭਰ ਕਰਦੀ ਹੈ ਪਰ ਅਚਾਨਕ ਬਦਲੇ ਮੌਸਮ ਨੇ ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ | ਕਈ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਨੁਕਸਾਨ ਹੁੰਦਾ ਹੈ ਤਾਂ ਤੁਰੰਤ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸ ਦੇ ਨਾਲ ਹੀ ਮੰਡੀਆਂ ਵਿੱਚ ਫਸਲ ਲਿਆਂਦੇ ਜਾਣ ਦੀ ਤਿਆਰੀ ਵੀ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਗਿੱਲੀ ਫਸਲ ਨੂੰ ਸੁਕਾਉਣ ਲਈ ਸਮਾਂ ਲੱਗੇਗਾ | ਮੌਸਮ ਵਿਭਾਗ ਵਲੋਂ ਵੀ ਅਗਲੇ ਕੁਝ ਦਿਨਾਂ ਵਿਚ ਮੌਸਮ ਅਸਥਿਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ | ਜਿਸ ਨਾਲ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ | ਕਿਸਾਨ ਵਰਗ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮੰਡੀਆਂ ਵਿਚ ਤੁਰੰਤ ਪੂਰੇ ਪ੍ਰਬੰਧ ਕੀਤੇ ਜਾਣ ਅਤੇ ਨਮੀ ਵਾਲੀ ਫਸਲ ਲਈ ਵੀ ਢਿੱਲ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਆਰਥਿਕ ਹਾਨੀ ਨਾ ਝੱਲਣੀ ਪਵੇ |