15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਬਨਭੌਰਾ ਦੇ ਮਿਹਨਤੀ ਕਿਸਾਨ ਨੇ ਖੇਤੀ ਨੂੰ ਬਣਾਇਆ ਲਾਹੇਵੰਦ ਧੰਦਾ <br/>

ਅਜੀਤ ਡੈਸਕ 31-03-2026
ਅਮਰਗੜ੍ਹ, 30 ਮਾਰਚ (ਜਤਿੰਦਰ ਮੰਨਵੀ)-ਅਜੋਕੇ ਸਮੇਂ 'ਚ ਜਿੱਥੇ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਮੰਨ ਕੇ ਨੌਜਵਾਨ ਪੀੜ੍ਹੀ ਇਸ ਤੋਂ ਮੁੱਖ ਮੋੜ ਰਹੀ ਹੈ, ਉੱਥੇ ਹੀ ਪਿੰਡ ਬਨਭੌਰਾ ਦੇ ਇੱਕ ਅਗਾਂਹਵਧੂ ਮਿਹਨਤੀ ਕਿਸਾਨ ਨੇ ਨਵੀਂ ਮਿਸਾਲ ਪੈਦਾ ਕੀਤੀ ਹੈ | ਪੇਸ਼ੇ ਤੋਂ ਸਰਕਾਰੀ ਅਧਿਆਪਕ ਕੁਲਵੀਰ ਸਿੰਘ ਨੇ ਰਵਾਇਤੀ ਫ਼ਸਲੀ ਚੱਕਰ ਚੋਂ ਨਿਕਲ ਕੇ ਆਰਗੈਨਿਕ ਖੇਤੀ ਅਤੇ ਗੁੜ ਬਣਾਉਣ ਦੇ ਸਹਾਇਕ ਧੰਦੇ ਰਾਹੀਂ ਖੇਤੀ ਨੂੰ ਮੁਨਾਫ਼ੇ ਵਾਲਾ ਕਾਰੋਬਾਰ ਬਣਾ ਦਿੱਤਾ ਹੈ | ਕਿਸਾਨ ਕੁਲਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ 20 ਸਾਲ ਪਹਿਲਾਂ ਮਹਿਜ਼ ਇੱਕ ਵਿੱਘੇ 'ਚ ਗੰਨਾ ਬੀਜ ਕੇ ਬਿਨਾਂ ਕਿਸੇ ਕੈਮੀਕਲ ਤੋਂ ਸ਼ੁੱਧ ਗੁੜ ਤੇ ਸ਼ੱਕਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ | ਅੱਜ ਉਹ ਪੰਜਾਬ ਐਗਰੋ ਵਿਭਾਗ ਦੇ ਮਾਹਿਰਾਂ ਦੀ ਸਲਾਹ ਨਾਲ 20 ਏਕੜ 'ਚ ਜ਼ਹਿਰ-ਮੁਕਤ ਗੰਨੇ ਦੀ ਕਾਸ਼ਤ ਕਰ ਰਿਹਾ ਹੈ | ਉਸ ਦਾ ਅਗਲਾ ਟੀਚਾ ਇਸ ਨੂੰ 100 ਏਕੜ ਤੱਕ ਲਿਜਾਣ ਦਾ ਹੈ | ਕੁਲਵੀਰ ਮੁਤਾਬਕ ਗੰਨੇ ਨੂੰ ਮਿੱਲਾਂ 'ਚ ਵੇਚਣ ਦੀ ਬਜਾਏ ਖ਼ੁਦ ਉਤਪਾਦ ਤਿਆਰ ਕਰਕੇ ਵੇਚਣ ਵਿਚ ਵੱਡੀ ਬੱਚਤ ਹੈ | ਉਸਨੇ ਦੱਸਿਆ ਕਿ ਇੱਕ ਵਿੱਘੇ ਵਿੱਚੋਂ ਕਰੀਬ 50 ਤੋਂ 60 ਕੁਇੰਟਲ ਗੰਨੇ ਦੀ ਪੈਦਾਵਾਰ ਹੁੰਦੀ ਹੈ ਅਤੇ ਸਾਰੇ ਖ਼ਰਚੇ ਕੱਢ ਕੇ ਇੱਕ ਵਿੱਘੇ ਚੋਂ ਗੁੜ ਸ਼ੱਕਰ ਵੇਚ ਕੇ ਲਗਭਗ 60 ਤੋਂ 70 ਹਜ਼ਾਰ ਰੁਪਏ ਦੀ ਬੱਚਤ ਹੋ ਜਾਂਦੀ ਹੈ ਤੇ ਇੱਕ ਏਕੜ ਵਿੱਚੋਂ ਤਕਰੀਬਨ ਢਾਈ ਤੋਂ ਸਾਢੇ ਤਿੰਨ ਲੱਖ ਰੁਪਏ ਦੀ ਸ਼ੁੱਧ ਕਮਾਈ ਹੋ ਰਹੀ ਹੈ, ਜੋ ਕਿਸੇ ਵੀ ਹੋਰ ਰਵਾਇਤੀ ਫ਼ਸਲ ਨਾਲੋਂ ਕਿਤੇ ਜ਼ਿਆਦਾ ਹੈ | ਸ਼ੁੱਧਤਾ ਅਤੇ ਗੁਣਵੱਤਾ ਕਾਰਨ ਗੁੜ ਦੀ ਮੰਗ ਇੰਨੀ ਜ਼ਿਆਦਾ ਹੈ ਜੋ ਅਸੀਂ ਪੂਰੀ ਨਹੀਂ ਕਰ ਪਾ ਰਹੇ | ਉਸਦਾ ਇਹ ਕਾਰੋਬਾਰ ਪੰਜਾਬ ਸਰਕਾਰ ਅਤੇ ਪੰਜਾਬ ਐਗਰੋ ਤੋਂ ਰਜਿਸਟਰਡ ਹੈ | ਕੁਲਵੀਰ ਸਿੰਘ ਸਕੂਲ ਦੀ ਡਿਊਟੀ ਤੋਂ ਬਾਅਦ ਖ਼ੁਦ ਇਸ ਕੰਮ 'ਚ ਸਖ਼ਤ ਮਿਹਨਤ ਕਰਦਾ ਹੈ | ਉਸ ਦੇ ਇਸ ਸਫ਼ਰ ਵਿਚ ਉਸ ਦੇ ਪਿਤਾ ਸੁਖਦੇਵ ਸਿੰਘ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਹਨ | ਇਸ ਕਾਰੋਬਾਰ ਨੇ ਨਾ ਸਿਰਫ਼ ਪਰਿਵਾਰ ਨੂੰ ਆਰਥਿਕ ਮਜ਼ਬੂਤੀ ਦਿੱਤੀ ਹੈ, ਸਗੋਂ ਹੋਰਨਾਂ ਕਾਮਿਆਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ | ਧੂਰੀ-ਸੰਗਰੂਰ ਰੋਡ ਤੇ ਸਥਿਤ ਉਨ੍ਹਾਂ ਦੇ ਸਟੋਰ 'ਤੇ ਗਾਹਕਾਂ ਦੀ ਹਮੇਸ਼ਾ ਭੀੜ ਲੱਗੀ ਰਹਿੰਦੀ ਹੈ | ਅੰਤ 'ਚ ਕੁਲਵੀਰ ਸਿੰਘ ਨੇ ਨੌਜਵਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਦੇ ਨਾਲ ਘੱਟ ਲਾਗਤ ਵਾਲੇ ਸਹਾਇਕ ਧੰਦੇ ਅਪਣਾ ਕੇ ਆਪਣੀ ਕਿਸਮਤ ਖ਼ੁਦ ਸੰਵਾਰਣ | ਉਨ੍ਹਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਇਸ ਸਬੰਧੀ ਸਿਖਲਾਈ ਲੈਣਾ ਚਾਹੁੰਦਾ ਹੈ ਤਾਂ ਉਹ ਉਸ ਨਾਲ ਸੰਪਰਕ ਕਰ ਸਕਦਾ ਹੈ |

ਪਿਛਲੀ ਖ਼ਬਰ 18 ਨੂੰ ਡਾਕਟਰ ਅੰਬੇਡਕਰ ਦਾ ਜਨਮ ਦਿਨ ਕਾਂਗਰਸ ਪਾਰਟੀ ਵੱਡੀ ਪੱਧਰ 'ਤੇ ਸੰਗਰੂਰ ਵਿਖੇ ਮਨਾਏਗੀ-ਸੁਧੀਰ ਚੌਧਰੀ <br/> ਅਗਲੀ ਖ਼ਬਰ ਮਹਿਕਪ੍ਰੀਤ ਸਿੰਘ ਚੀਮਾ ਬਣੇ ਆਪ ਦੇ ਹਲਕਾ ਸੰਗਠਨ ਇੰਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।