ਮਲੇਰਕੋਟਲਾ, 21 ਜਨਵਰੀ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਬੀਤੇ ਸਮੇਂ ਸੰਪੰਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦਿਆਂ ਪੂਰੇ ਜ਼ਿਲੇ੍ਹ ਅੰਦਰ ਬਲਾਕ ਸੰਮਤੀ ਦੇ 7 ਜ਼ੋਨਾਂ 'ਤੇ ਕਬਜ਼ਾ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਅੰਦਰ ਵੀ ਵਿਚਾਰਨਯੋਗ ਪ੍ਰਦਰਸ਼ਨ ਕੀਤਾ, ਦੋਵਾਂ ਹਲਕਿਆਂ ਦੇ ਅੰਦਰ ਅਕਾਲੀ ਦਲ (ਬ) ਨੇ ਸਨਮਾਨਯੋਗ ਵੋਟਾਂ ਹਾਸਲ ਕੀਤੀਆਂ | ਹਲਕਾ ਮਲੇਰਕੋਟਲਾ ਦੇ ਅੰਦਰ ਪਾਰਟੀ ਦੇ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਟੀਮ ਵਲੋਂ ਕੀਤੀ ਸਖ਼ਤ ਮਿਹਨਤ ਦੀ ਬਦੌਲਤ ਪਾਰਟੀ ਦਾ ਗ੍ਰਾਫ ਮੁੜ ਤੋਂ 'ਰਾਜਨੀਤਕ ਅੰਗੜਾਈ' ਭਰਨ ਲੱਗਿਆ ਹੈ | ਪਿਛਲੇ ਸਮੇਂ ਤੋਂ ਹਲਕਾ ਅਮਰਗੜ੍ਹ ਅੰਦਰ ਅਕਾਲੀ ਦਲ ਲਈ ਆਪਣਾ 'ਮੁੜਕਾ ਬਹਾ ਕੇ' ਪਾਰਟੀ ਨੂੰ ਮੁੜ ਤੋਂ ਉਭਾਰਨ ਦੇ ਲਈ ਯਤਨਸ਼ੀਲ ਟਕਸਾਲੀ ਪਰਿਵਾਰ ਦੇ ਫ਼ਰਜ਼ੰਦ ਨੌਜਵਾਨ ਅਕਾਲੀ ਆਗੂ ਗੁਰਸ਼ਰਨ ਸਿੰਘ ਸਰਨਾ ਚੱਠਾ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਹਲਕੇ ਦੇ 'ਰਾਜਨੀਤਕ ਗਣਿਤ' ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਅਮਰਗੜ੍ਹ ਦੀ ਇੰਚਾਰਜੀ 'ਤੇ ਖੁੱਲ੍ਹ ਕੇ ਆਪਣਾ ਦਾਅਵਾ ਜਿਤਾਉਂਦਿਆਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਅੰਦਰ ਪਾਰਟੀ ਲਈ 'ਜੀਅ ਜਾਨ' ਲਗਾ ਕੇ ਕੰਮ ਕੀਤਾ | ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਜੇ ਉਨ੍ਹਾਂ ਨੂੰ ਨੌਜਵਾਨ ਹੋਣ ਦੇ ਨਾਤੇ ਹਲਕਾ ਅਮਰਗੜ੍ਹ ਦੀ ਜ਼ਿੰਮੇਵਾਰੀ ਸੌਂਪਦੀ ਹੈ ਤਾਂ ਉਹ ਤਨਦੇਹੀ ਦੇ ਨਾਲ ਕੰਮ ਕਰ ਕੇ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਨਗੇ | ਪੰਥਕ ਏਕਤਾ ਸਬੰਧੀ ਸਖਤ ਪ੍ਰਤੀਕਰਮ ਕਰਦਿਆਂ ਸਰਨਾ ਚੱਠਾ ਨੇ ਆਖਿਆ ਕਿ ਅਕਾਲੀ ਏਕਤਾ ਬੇਹੱਦ ਜ਼ਰੂਰੀ ਹੈ ਪਰ ਪਾਰਟੀ ਪ੍ਰਧਾਨ ਵਲੋਂ ਇੱਕ ਗੱਲ ਸਪਸ਼ਟ ਆਖ ਦਿੱਤੀ ਗਈ ਹੈ ਕਿ ਪਾਰਟੀ ਵਿਰੋਧੀ ਕੰਮ ਕਰਨ ਵਾਲੇ ਵਿਅਕਤੀਆਂ ਦੀ ਹੁਣ ਪਾਰਟੀ ਦੇ ਵਿਚ ਕੋਈ ਥਾਂ ਨਹੀਂ ਹੈ | ਇਸ ਲਈ ਵਫ਼ਾਦਾਰ ਤੇ ਸਮਰੱਥਾਵਾਨ ਆਗੂਆਂ ਨੂੰ ਹੀ ਹਲਕੇ ਦੀ ਕਮਾਂਡ ਸੌਂਪੀ ਜਾਵੇਗੀ |