ਸੰਗਰੂਰ, 21 ਜਨਵਰੀ (ਧੀਰਜ ਪਸੋਰੀਆ) - ਸਿੱਖਿਆ ਕ੍ਰਾਂਤੀ ਲਿਆਉਣ ਦਾ ਦਾਅਵਾ ਕਰਨ ਵਾਲੀ ਸੂਬਾ ਸਰਕਾਰ ਨੇ ਪੇਪਰਾਂ ਦੇ ਦਿਨਾਂ ਵਿਚ ਅਧਿਆਪਕ ਸਕੂਲਾਂ ਤੋਂ ਬਾਹਰ ਦੇ ਕੰਮਾਂ ਵਿਚ ਉਲਝਾ ਰੱਖੇ ਹਨ | ਇਹ ਪ੍ਰਗਟਾਵਾ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਮੌਸਮ ਦੀ ਖ਼ਰਾਬੀ ਕਾਰਨ ਸਕੂਲਾਂ ਵਿਚ ਵਧੀਆਂ ਛੁੱਟੀਆਂ ਤੋਂ ਬਾਅਦ ਜਿਉਂ ਹੀ ਸਕੂਲ ਖੁੱਲ੍ਹੇ ਹਨ ਤਾਂ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੇ ਮਿਸ਼ਨ ਸਮਰੱਥ ਪ੍ਰੋਜੈਕਟ ਤਹਿਤ ਸੈਮੀਨਾਰ ਲਗਾਉਣ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਵਿਚ ਕੰਪਿਊਟਰ ਅਧਿਆਪਕਾਂ ਦੇ ਸੈਮੀਨਾਰ ਲਗਾਏ ਹੋਏ ਹਨ | ਉਧਰੋਂ ਸਕੂਲ ਖੁੱਲ੍ਹਦੇ ਹੀ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਪ੍ਰੀ ਬੋਰਡ ਦੇ ਪੇਪਰ ਸ਼ੁਰੂ ਕਰ ਦਿੱਤੇ ਹਨ,ਅਧਿਆਪਕ ਪ੍ਰੇਸ਼ਾਨ ਹਨ ਕਿ ਉਹ ਕੀ ਕਰਨ? ਆਗੂਆਂ ਨੇ ਦੱਸਿਆ ਕਿ ਦੂਜੇ ਪਾਸੇ ਚੋਣ ਕਮਿਸ਼ਨ ਨੇ 15 ਜਨਵਰੀ ਤੋਂ 22 ਜਨਵਰੀ ਤੱਕ ਘਰ ਘਰ ਜਾ ਕੇ ਵੋਟਰਾਂ ਦੇ ਸਰਵੇਖਣ ਕਰਨ ਦੇ ਹੁਕਮ ਕਰ ਦਿੱਤੇ ਹਨ | ਅੱਜ ਬੀ.ਐਲ.ਓ. ਦੀਆਂ ਐਸ.ਡੀ.ਐਮ. ਦਫ਼ਤਰਾਂ ਵਿਚ ਮੀਟਿੰਗਾਂ ਬੁਲਾ ਲਈਆਂ ਹਨ | ਅਧਿਆਪਕਾ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਕੂਲਾਂ ਦਾ ਹੁਣ ਕੋਈ ਵਾਲੀ-ਵਾਰਸ ਨਹੀਂ |ਆਗੂਆਂ ਨੇ ਮੰਗ ਕੀਤੀ ਕਿ ਪ੍ਰੋਜੈਕਟਾਂ ਦੇ ਨਾਮ ਤੇ ਸਕੂਲਾਂ ਵਿਚੋਂ ਬਾਹਰ ਕੀਤੇ ਅਧਿਆਪਕਾਂ ਨੂੰ ਪੇਪਰਾਂ ਨੂੰ ਧਿਆਨ ਵਿਚ ਰੱਖਦਿਆਂ ਸਕੂਲਾਂ ਵਿਚ ਭੇਜਿਆ ਜਾਵੇ | ਇਸ ਸਮੇਂ ਸਾਰੇ ਪ੍ਰੋਜੈਕਟ ਅਤੇ ਗ਼ੈਰ-ਵਿਦਿਅਕ ਕੰਮ ਬੰਦ ਕਰ ਅਧਿਆਪਕਾਂ ਨੂੰ ਸਕੂਲਾਂ ਵਿਚ ਪੜ੍ਹਾਉਣ ਦਿੱਤਾ ਜਾਵੇ ਕਿਉਂਕਿ ਪਹਿਲਾਂ ਹੀ ਮੌਸਮ ਦੀ ਮਾਰ ਕਾਰਨ ਪੰਦਰਾਂ ਦਿਨ ਸਕੂਲ ਬੰਦ ਹੋਣ ਕਾਰਨ ਪੜ੍ਹਾਈ ਦਾ ਨੁਕਸਾਨ ਹੋ ਚੁੱਕਾ ਹੈ | ਆਗੂਆਂ ਨੇ ਕਿਹਾ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਆਪਣਾ ਅੜੀਅਲ ਵਤੀਰਾ ਨਾ ਬਦਲਿਆ ਤਾਂ ਜਥੇਬੰਦੀ ਇਸਦਾ ਵਿਰੋਧ ਕਰੇਗੀ |