ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪਦਮ ਵਿਭੂਸ਼ਨ ਪ੍ਰਾਪਤ ਡਾਕਟਰ ਮਥਰਾ ਦਾਸ ਪਾਹਵਾ ਨੇ ਆਪਣੀ ਦੂਰ-ਅੰਦੇਸ਼ੀ ਸੋਚ ਸਦਕਾ ਕੋਈ ਇਕ ਸਦੀ ਪਹਿਲਾਂ ਯਾਨੀ 1919 ਵਿਚ ਮੋਗਾ ਸ਼ਹਿਰ ਅੰਦਰ ਇਕ ਮਥਰਾ ਦਾਸ ਹਾਈ ਸਕੂਲ ਬਣਵਾਇਆ ਸੀ ਅਤੇ ਸਿੱਖਿਆ ਦੇ ਖੇਤਰ ਵਿਚ ਹੋਰ ਵਿਸਥਾਰ ਕਰਨ ਹਿਤ ਉਨ੍ਹਾਂ ਨੇ ਡੀ.ਐਮ. ਕਾਲਜ ਹੋਂਦ ਵਿਚ ਲਿਆਂਦਾ ਅਤੇ ਇਸ ਨਾਮਵਰ ਪੁਰਾਤਨ ਵਿੱਦਿਅਕ ਸੰਸਥਾ ਨੇ ਦੇਸ਼ ਦੇ ਨਾਮਵਰ ਡਾਕਟਰ, ਵਿਗਿਆਨੀ, ਰਾਜਸੀ ਨੇਤਾ, ਕਾਨੂੰਨਦਾਨ, ਖਿਡਾਰੀ ਅਤੇ ਕਲਾ ਦੇ ਖੇਤਰ ਦੀਆਂ ਵੱਡੀਆਂ ਸ਼ਖ਼ਸੀਅਤਾਂ ਦਿੱਤੀਆਂ ਅਤੇ ਉਸ ਸਮੇਂ ਡਾਕਟਰ ਮਥਰਾ ਦਾਸ ਪਾਹਵਾ ਨੇ 1965 ਵਿਚ ਇਕ ਵਸੀਅਤ ਮੁਤਾਬਿਕ ਇਸ ਦਾ ਪ੍ਰਬੰਧ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਨੂੰ ਸੌਂਪ ਦਿੱਤਾ ਸੀ ਪਰ ਸਾਲ 1996 ਤੋਂ ਬਾਅਦ ਡੀ.ਐਮ. ਕਾਲਜ ਮੈਨੇਜਿੰਗ ਕਮੇਟੀ ਦੇ ਅਹੁਦੇਦਾਰ ਆਪਸੀ ਖਿੱਚੋਤਾਣ ਦੇ ਸ਼ਿਕਾਰ ਹੋ ਗਏ ਅਤੇ ਇਹ ਮਾਮਲਾ ਅੱਜ ਵੀ ਅਦਾਲਤਾਂ ਵਿਚ ਕੇਸਾਂ ਦੇ ਰੂਪ ਵਿਚ ਚੱਲ ਰਿਹਾ ਹੈ | ਡੀ.ਐਮ. ਕਾਲਜ ਮੈਨੇਜਿੰਗ ਕਮੇਟੀ ਦੀ ਆਪਸੀ ਖਿੱਚੋਤਾਣ ਕਰ ਕੇ ਅੱਜ ਇਨ੍ਹਾਂ ਵਿੱਦਿਅਕ ਅਦਾਰਿਆਂ ਦੀ ਹੋਂਦ ਖ਼ਤਰੇ ਵਿਚ ਪਈ ਹੋਈ ਹੈ ਅਤੇ ਮੌਜੂਦਾ ਹਾਲਾਤ ਇਹ ਹਨ ਡੀ.ਐਮ. ਕਾਲਜ ਮੋਗਾ ਅਤੇ ਉਸ ਅਧੀਨ ਹੋਰ ਸੰਸਥਾਵਾਂ ਦੇ ਸਾਰੇ ਬੈਂਕ ਖਾਤੇ ਫਰੀਜ ਕਰ ਦਿੱਤੇ ਗਏ ਹਨ ਅਤੇ ਐਸ.ਡੀ.ਐਮ. ਮੋਗਾ ਕੋਲ ਸਿਰਫ਼ ਅਧਿਆਪਕਾਂ ਨੂੰ ਤਨਖ਼ਾਹਾਂ ਦੇਣ ਦਾ ਅਧਿਕਾਰ ਹੈ ਜਿਸ ਕਾਰਨ ਬਾਕੀ ਸਭ ਵਿਕਾਸ ਕਾਰਜ ਰੁਕੇ ਹੋਏ ਹਨ ਅਤੇ ਫ਼ੀਸਾਂ ਅਤੇ ਹੋਰ ਫ਼ੰਡਾਂ ਦੀ ਦੁਰਵਰਤੋਂ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ | ਮੋਗਾ ਸ਼ਹਿਰ ਦੀਆਂ ਇਨ੍ਹਾਂ ਮਹਾਨ ਵਿੱਦਿਅਕ ਸੰਸਥਾਵਾਂ ਦੇ ਖ਼ਤਰੇ ਵਿਚ ਪਏ ਵਜੂਦ ਨੂੰ ਬਚਾਉਣ ਲਈ ਹੁਣ ਸਿਵਲ ਸੁਸਾਇਟੀ ਮੋਗਾ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ ਅਤੇ ਅਜੇ ਸੂਦ ਗੋਰਾ ਹੋਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਇਸ ਸਬੰਧੀ ਉਨ੍ਹਾਂ ਡੀ.ਐਮ. ਕਾਲਜ ਮੈਨੇਜਿੰਗ ਕਮੇਟੀ ਦੇ ਅਹੁਦੇਦਾਰਾਂ ਨੂੰ ਵਿਵਾਦਿਤ ਮਸਲਿਆਂ ਨੂੰ ਮਿਲ ਬੈਠ ਕੇ ਹੱਲ ਕਰਨ ਦੀ ਚਿਤਾਵਨੀ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਸੁਹਿਰਦ ਪਤਵੰਤੇ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਵਲ ਸੁਸਾਇਟੀ ਮੋਗਾ ਦਾ ਸਾਥ ਦੇਣ ਤਾਂ ਕਿ ਸਦੀ ਪੁਰਾਣੇ ਵਿੱਦਿਅਕ ਅਦਾਰਿਆਂ ਦੀ ਡਿਗਦੀ ਸਾਖ ਨੂੰ ਬਚਾ ਕੇ ਵਿੱਦਿਆ ਦੇ ਚਾਨਣ ਨੂੰ ਨਿਰੰਤਰ ਸਹੀ ਦਿਸ਼ਾ ਵਿਚ ਤੋਰਿਆ ਜਾ ਸਕੇ |