ਮਾਨਸਾ, 19 ਨਵੰਬਰ (ਰਾਵਿੰਦਰ ਸਿੰਘ ਰਵੀ)- ਆਈ. ਟੀ. ਆਈ. ਮਾਨਸਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਇਲੈਕਟ੍ਰੀਸ਼ਨ ਟਰੇਡ ’ਚੋਂ ਸਭ ਤੋਂ ਵੱਧ ਅੰਕ ਲੈ ਕੇ ਦੇਸ਼ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪਿੰਡ ਭੁਪਾਲ ਕਲਾਂ ਦੀ ਜੰਮਪਲ ਜਸਪ੍ਰੀਤ ਕੌਰ ਨੇ ਪਹਿਲੇ ਤੇ ਦੂਜੇ ਸਾਲ ’ਚੋਂ 98.50 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਜਸਪ੍ਰੀਤ ਕੌਰ ਨੇ ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕ ਗੁਰਵਿੰਦਰ ਸਿੰਘ ਨੂੰ ਦਿੱਤਾ ਹੈ। ਜ਼ਿਕਰਯੋਗ ਹੈ ਕਿ 21 ਨਵੰਬਰ ਨੂੰ ਦਿੱਲੀ ਵਿਖੇ ਹੋਣ ਵਾਲੇ ‘ਕੋਸ਼ਲ ਦੀਕਸ਼ਤ ਸਮਾਰੋਹ-2026’ ’ਚ ਇਸ ਵਿਦਿਆਰਥਣ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਰੋਹ ’ਚ ਦੇਸ਼ ਭਰ ’ਚੋਂ ਆਈ.ਟੀ.ਆਈਜ਼ ਦੇ ਮੋਹਰੀ ਵਿਦਿਆਰਥੀ ਹਿੱਸਾ ਲੈਣਗੇ। ਜਸਪ੍ਰੀਤ ਕੌਰ ਦੇ ਪਿਤਾ ਲਾਭ ਸਿੰਘ ਖੇਤੀ ਕਰਦੇ ਹਨ ਜਦਕਿ ਮਾਤਾ ਕਿਰਨਜੀਤ ਕੌਰ ਘਰੇਲੂ ਔਰਤ ਹਨ। ਉਨ੍ਹਾਂ ਧੀ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਸ ਨੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਦੂਸਰੇ ਪਾਸੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦੇਸ਼ ਭਰ ’ਚ ਅੱਵਲ ਰਹੀ ਵਿਦਿਆਰਥਣ ਅਤੇ ਇੰਸਟਰਕਟਰ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਆਈ.ਟੀ.ਆਈ. ਦੇ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਤੇ ਸਮੂਹ ਸਟਾਫ਼ ਵਲੋਂ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।