ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ
ਪਨਬਸ-ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਕੰਟਰੈਕਟ ਮੁਲਾਜ਼ਮਾਂ ਦੀ ਹੜਤਾਲ ਜਾਰੀ, ਅੱਜ ਵਿਧਾਨ ਸਭਾ ਵੱਲ ਕਰਨਗੇ ਕੂਚ
ਚੰਡੀਗੜ੍ਹ, 3 ਅਗਸਤ (ਸੰਦੀਪ ਕੁਮਾਰ ਮਾਹਨਾ)-ਪਨਬਸ, ਪੰਜਾਬ ਰੋਡਵੇਜ਼ ਅਤੇ ਪੀ. ਆਰ.
ਟ
ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਰੇਸ਼ਮ ਸਿੰਘ ਗਿੱਲ, ਸ਼ਮਸ਼ੇਰ ਸਿੰਘ ਢਿੱਲੋਂ ਅਤੇ ਹੋਰ ਵਰਕਰ। ਅਜੀਤ ਤਸਵੀਰ
04-08-2026
ਚੰਡੀਗੜ੍ਹ, 3 ਅਗਸਤ (ਸੰਦੀਪ ਕੁਮਾਰ ਮਾਹਨਾ)-ਪਨਬਸ, ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਆਗੂਆਂ ਦੀ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਕਿਸੇ ਠੋਸ ਨਤੀਜੇ ’ਤੇ ਨਹੀਂ ਪਹੁੰਚ ਸਕੀ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪਨਬਸ ਰਾਹੀਂ ਕੰਟਰੈਕਟ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਹੋਰਨਾਂ ਮੰਗਾਂ ਬਾਰੇ ਟਰਾਂਸਪੋਰਟ ਮੰਤਰੀ ਵਲੋਂ ਸਹਿਮਤੀ ਪ੍ਰਗਟਾਈ ਗਈ ਸੀ। ਯੂਨੀਅਨ ਆਗੂਆਂ ਨੇ ਮੰਤਰੀ ਵੱਲੋਂ ਪ੍ਰਗਟਾਈ ਸਹਿਮਤੀ ਨੂੰ ਲਿਖਤੀ ਰੂਪ ਵਿਚ ਦਰਜ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਇਸ ਨੂੰ ਲਾਗੂ ਕਰਨ ਸਬੰਧੀ ਸਪੱਸ਼ਟਤਾ ਬਣੀ ਰਹੇ, ਪ੍ਰੰਤੂ ਵਿਭਾਗੀ ਅਧਿਕਾਰੀਆਂ ਨੇ ਸਹਿਮਤੀ ਵਾਲੀਆਂ ਮੰਗਾਂ ਨੂੰ ਲਿਖਤੀ ਪੱਤਰ ਵਿਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਯੂਨੀਅਨ ਆਗੂਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਹੁਣ ਸਿਰਫ਼ ਜ਼ੁਬਾਨੀ ਭਰੋਸਿਆਂ ’ਤੇ ਸੰਘਰਸ਼ ਖ਼ਤਮ ਨਹੀਂ ਕਰੇਗੀ ਅਤੇ ਮੰਗਾਂ ਬਾਰੇ ਸਪੱਸ਼ਟ ਲਿਖਤੀ ਭਰੋਸਾ ਮਿਲਣ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਸੂਬੇ ਭਰ ਤੋਂ ਪਨਬਸ, ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਕੰਟਰੈਕਟ ਮੁਲਾਜ਼ਮ ਮੁਹਾਲੀ ਦੇ ਫ਼ੇਜ਼6 ਸਥਿਤ ਬੱਸ ਅੱਡੇ ਵਿਖੇ ਇਕੱਤਰ ਹੋਣਗੇ। ਇਸ ਉਪਰੰਤ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਵੱਲ ਕੂਚ ਕਰਨਗੇ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਮੰਤਰੀ ਨਾਲ ਹੋਈ ਮੀਟਿੰਗ ਵਿਚ ਸਕੱਤਰ ਟਰਾਂਸਪੋਰਟ ਤੋਂ ਇਲਾਵਾ ਪਨਬਸ ਅਤੇ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਤੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ। ਹੜਤਾਲ ਦਾ ਖ਼ਮਿਆਜ਼ਾ ਭੁਗਤਦੇ ਰਹੇ ਮੁਸਾਫ਼ਰ ਪੰਜਾਬ ਰੋਡਵੇਜ਼, ਪਨਬੱਸ ਅਤੇ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਠੇਕਾ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਤੋਂ ਸ਼ੁਰੂ ਕੀਤੀ ਗਈ 3 ਦਿਨਾਂ ਸੂਬਾ ਪੱਧਰੀ ਹੜਤਾਲ ਕਾਰਨ ਪੰਜਾਬ ਭਰ ’ਚ ਸਰਕਾਰੀ ਬੱਸ ਸੇਵਾ ਪ੍ਰਭਾਵਿਤ ਰਹੀ। ਕਈ ਬੱਸ ਅੱਡਿਆਂ ਅਤੇ ਡਿਪੂਆਂ ’ਤੇ ਬੱਸਾਂ ਦੀ ਆਵਾਜਾਈ ਘੱਟ ਰਹਿਣ ਕਾਰਨ ਸਵੇਰ ਤੋਂ ਹੀ ਮੁਸਾਫ਼ਰਾਂ ਨੂੰ ਭਾਰੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਵਿਦਿਆਰਥੀ, ਦਫ਼ਤਰੀ ਕਰਮਚਾਰੀ, ਔਰਤਾਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਹੋਰ ਮੁਸਾਫ਼ਰ ਆਪਣੇ ਟਿਕਾਣਿਆਂ ਤੱਕ ਪਹੁੰਚਣ ਲਈ ਬਦਲਵੇਂ ਸਾਧਨਾਂ ਦੀ ਭਾਲ ਕਰਦੇ ਨਜ਼ਰ ਆਏ। ਕਈ ਲੋਕਾਂ ਨੂੰ ਮਜਬੂਰੀਵੱਸ ਨਿੱਜੀ ਬੱਸਾਂ, ਟੈਕਸੀਆਂ ਅਤੇ ਹੋਰ ਵਾਹਨਾਂ ਦਾ ਸਹਾਰਾ ਲੈਣਾ ਪਿਆ। ਬਦਲਵੇਂ ਸਾਧਨਾਂ ਦਾ ਕਿਰਾਇਆ ਵੱਧ ਹੋਣ ਕਾਰਨ ਮੁਸਾਫ਼ਰਾਂ ’ਤੇ ਵਾਧੂ ਆਰਥਿਕ ਬੋਝ ਵੀ ਪਿਆ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਮੁਲਾਜ਼ਮਾਂ ਵਲੋਂ ਸਰਕਾਰ ਨੂੰ ਹੜਤਾਲ ਸਬੰਧੀ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਮੰਗਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਪ੍ਰਬੰਧਕਾਂ ਨਾਲ ਹੋਈ ਮੀਟਿੰਗ ਦੌਰਾਨ ਵੀ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਇਸ ਸਬੰਧੀ ਕੋਈ ਅਧਿਕਾਰਤ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਸਮੂਹ ਠੇਕਾ ਮੁਲਾਜ਼ਮਾਂ ਨੇ ਐਤਵਾਰ ਅੱਧੀ ਰਾਤ ਤੋਂ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ। ਗਿੱਲ ਨੇ ਕਿਹਾ ਕਿ ਯੂਨੀਅਨ ਦੀ ਮੰਗ ਹੈ ਕਿ ਪਿਛਲੇ ਕਰੀਬ 12 ਸਾਲਾਂ ਤੋਂ ਠੇਕੇ ਦੇ ਆਧਾਰ ’ਤੇ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਮੁਲਾਜ਼ਮਾਂ, ਜਿਨ੍ਹਾਂ ਵਿਚੋਂ ਕਈ ਪਿਛਲੇ 16 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ, ਉਨ੍ਹਾਂ ਨੂੰ ਵਿਭਾਗ ਦੇ ਸਿੱਧੇ ਠੇਕਾ ਪ੍ਰਬੰਧ ਅਧੀਨ ਲਿਆਂਦਾ ਜਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ।