12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸੜਕ ਹਾਦਸੇ ’ਚ ਪਤੀ-ਪਤਨੀ ਸਮੇਤ 3 ਦੀ ਮੌਤ

ਅਜੀਤ ਡੈਸਕ 08-07-2026

ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਖਰੜ, 7 ਜੁਲਾਈ (ਜੰਡਪੁਰੀ)-ਮੁਹਾਲੀ-ਕੁਰਾਲੀ ਨੈਸ਼ਨਲ ਹਾਈਵੇਅ ‘ਤੇ ਪਿੰਡ ਬਜਹੇੜੀ ਸਥਿਤ ਟੋਲ ਪਲਾਜਾ ਨੇੜੇ ਕਾਰ ਤੇ ਕੈਂਟਰ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜੋ ਕਿ ਹਰਿਆਣਾ ਦੇ ਜੀਂਦ ਸ਼ਹਿਰ ਤੋਂ ਇਕ ਵਿਆਹ ਸਮਾਗਮ ‘ਚ ਸ਼ਿਰਕਤ ਕਰਨ ਉਪਰੰਤ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਸਨ। ਮ੍ਰਿਤਕਾਂ ਦੀ ਪਛਾਣ ਪ੍ਰਤਿਊਸ (28) ਪੁੱਤਰ ਸ਼ੰਮੀ ਜੈਨ ਤੇ ਉਸ ਦੀ ਪਤਨੀ ਹਰਸ਼ਿਤਾ (26) ਵਾਸੀ ਪਿੰਡ ਮਹਿਕਪੁਰ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਅਤੇ ਸੁਰੇਸ਼ (65) ਪੁੱਤਰ ਵਰਮਾਨੰਦ ਪਿੰਡ ਦੇਹਲਾ ਜ਼ਿਲ੍ਹਾ ਊਨਾ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਪਤੀ-ਪਤਨੀ ਦਾ ਤਕਰੀਬਨ ਤਿੰਨ ਕੁ ਮਹੀਨੇ ਪਹਿਲਾਂ ਵਿਆਹ ਹੋਇਆ ਸੀ।ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਦੇ ਰਿਸ਼ਤੇਦਾਰ ਪਿੱਛੇ ਕਿਸੇ ਹੋਰ ਗੱਡੀ ‘ਚ ਆ ਰਹੇ ਸਨ ਅਤੇ ਜਦੋਂ ਉਹ ਏਅਰਪੋਰਟ ਰੋਡ ਰਾਹੀਂ ਭਾਰਤ ਮਾਲਾ ਰੋਡ ‘ਤੇ ਚੜ੍ਹੇ ਤਾਂ ਉਹ ਪੰਜ ਸੱਤ ਮਿੰਟ ਅੱਗੇ ਪਿੱਛੇ ਹੋ ਗਏ ਅਤੇ ਇਸ ਦੌਰਾਨ ਘਟਨਾ ਵਾਪਰ ਗਈ। ਜਾਣਕਾਰੀ ਅਨੁਸਾਰ ਕਾਰ ਚਾਲਕ ਜਦੋਂ ਪਿੰਡ ਬਜਹੇੜੀ ਦੇ ਟੋਲ ਪਲਾਜੇ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਅੱਗੇ ਜਾ ਰਹੇ ਇਕ ਕੈਂਟਰ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਮ੍ਰਿਤਕ ਪਤੀ-ਪਤਨੀ ਹਾਦਸੇ ਕਾਰਨ ਕਾਰ ‘ਚ ਬੁਰੀ ਤਰ੍ਹਾਂ ਫਸ ਗਏ। ਹਾਦਸੇ ਮੌਕੇ ਮ੍ਰਿਤਕ ਪਤੀ ਗੱਡੀ ਚਲਾ ਰਿਹਾ ਸੀ, ਜਦਕਿ ਉਸ ਦੀ ਪਤਨੀ ਕੰਡਕਟਰ ਸੀਟ ‘ਤੇ ਬੈਠੀ ਸੀ, ਜਦਕਿ ਪਿਛਲੀ ਸੀਟ ‘ਤੇ ਇਕ ਵਿਅਕਤੀ ਬੈਠਾ ਸੀ। ਹਾਦਸੇ ਉਪਰੰਤ ਪੁਲਿਸ ਅਤੇ ਟੋਲ ਪਲਾਜੇ ਦੀ ਐਂਬੂਲੈਂਸ ਵਲੋਂ ਤੁਰੰਤ ਮ੍ਰਿਤਕਾਂ ਦੀਆਂ ਦੇਹਾਂ ਨੂੰ ਖਰੜ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਭਾਵੇਂ ਮ੍ਰਿਤਕਾਂ ਦੇ ਪਰਿਵਾਰ ਨਾਲ ਇਸ ਹਾਦਸੇ ਸੰਬੰਧੀ ਕੋਈ ਗੱਲ ਨਹੀਂ ਹੋ ਸਕੀ ਪਰ ਪਿੰਡ ਬਜਹੇੜੀ ਦੇ ਰਮਨਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਕਾਰ ਸਵਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕੈਂਟਰ ਦੇ ਚਾਲਕ ਦੇ ਦੱਸਣ ਮੁਤਾਬਿਕ ਉਸ ਦੀ ਗੱਡੀ ਅੱਗੇ ਸੱਪ ਆ ਗਿਆ ਸੀ, ਜਿਸ ਨੂੰ ਦੇਖ ਕੇ ਉਸ ਨੇ ਬ੍ਰੇਕਾਂ ਮਾਰ ਦਿੱਤੀਆਂ ਤੇ ਪਿੱਛੇ ਆ ਰਹੀ ਕਾਰ ਇਸ ਕੈਂਟਰ ‘ਚ ਜਾ ਵੱਜੀ।

ਪਿਛਲੀ ਖ਼ਬਰ ਖ਼ੈਬਰ ਪਖਤੂਨਖਵਾ ਪੁਲਿਸ ਵਲੋਂ 6 ਮਹੀਨਿਆਂ ’ਚ 182 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਅਗਲੀ ਖ਼ਬਰ ਵੇਰਕਾ ਵਲੋਂ ਜੂਨ ਮਹੀਨੇ ’ਚ 551 ਕਰੋੜ ਦਾ ਰਿਕਾਰਡ ਕਾਰੋਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।