13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸਤਿਕਾਰ ਵਜੋਂ ‘ਆਪ’ ਵਿਧਾਇਕ ਜਥੇਦਾਰ ਨਾਲ ਕਿਸੇ ਬਹਿਸ ’ਚ ਨਹੀਂ ਸਨ ਪੈਣਾ ਚਾਹੁੰਦੇ-ਸੰਧਵਾਂ

ਅਜੀਤ ਡੈਸਕ 04-07-2026
ਸੁਨਾਮ ਊਧਮ ਸਿੰਘ ਵਾਲਾ, 3 ਜੁਲਾਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਅਨੁਸਾਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਵਿਚ ਜੇਕਰ ਕੋਈ ਸੋਧ ਕਰਨ ਦੀ ਲੋੜ ਪਈ ਤਾਂ ਉਸ ਬਾਰੇ ਸਰਕਾਰ ਵਲੋਂ ਵਿਚਾਰ ਕੀਤਾ ਜਾਵੇਗਾ, ਕਿਉਂਕਿ ਸਿੱਖ ਪੰਥ ਵਿਚ ਜਦੋਂ ਕੋਈ ਦੁਬਿਧਾ ਆ ਖੜਦੀ ਹੈ ਤਾਂ ਪੰਥ ਵਲੋਂ ਮਿਲਕੇ ਬੈਠਕੇ ਹੀ ਇਸ ਦਾ ਹੱਲ ਕੱਢਿਆ ਜਾਂਦਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਸੁਨਾਮ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪਿਤਾ ਸਾਬਕਾ ਮੰਤਰੀ ਮਰਹੂਮ ਬਾਬੂ ਭਗਵਾਨ ਦਾਸ ਅਰੋੜਾ ਨੂੰ ਉਨ੍ਹਾਂ ਦੀ 26ਵੀਂ ਬਰਸੀ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਸਨ।ਜਥੇਦਾਰ ਦੇ ਪੁੱਛਣ ’ਤੇ ਵਿਧਾਇਕਾਂ ਵਲੋਂ ਉਕਤ ਐਕਟ ਨੂੰ ਪੜ੍ਹਨ ਤੋਂ ਅਗਿਆਨਤਾ ਜਾਹਿਰ ਕਰਨ ’ਤੇ ਸੰਧਵਾਂ ਨੇ ਕਿਹਾ ਕਿ ਆਮ ਤੌਰ ’ਤੇ ਵਿਧਾਨ ਸਭਾ ਵਿਚ ਬਿੱਲ ਪੇਸ਼ ਕਰਨ ਤੋਂ ਪਹਿਲਾਂ ਬਿੱਲ ਨੂੰ ਘੋਖਣ ਲਈ ਵਿਧਾਇਕਾਂ ਦੀ ਇਕ ਕਮੇਟੀ ਬਣਾਈ ਜਾਂਦੀ ਹੈ ਅਤੇ ਬਹੁਤ ਸਾਰੇ ਵਿਧਾਇਕਾਂ ਨੇ ਇਹ ਬਿੱਲ ਪੜ੍ਹਿਆ ਵੀ ਹੋਇਆ ਸੀ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਜਥੇਦਾਰ ਨਾਲ ਕਿਸੇ ਬਹਿਸ ਵਿਚ ਨਹੀਂ ਸੀ ਪੈਣਾ ਚਾਹੁੰਦੇ, ਜਿਸ ਕਾਰਨ ਉਹ ਹੱਥ ਜੋੜਕੇ ਸੀਮਤ ਸ਼ਬਦਾਂ ਵਿਚ ਹੀ ਆਪਣਾ ਸਤਿਕਾਰ ਭੇਂਟ ਕਰਦੇ ਰਹੇ, ਨਹੀਂ ਤਾਂ ਵਿਧਾਇਕਾਂ ਨਾਲੋਂ ਵੱਧ ਬਹਿਸ ਕੌਣ ਕਰ ਸਕਦਾ ਹੈ।ਇਹ ਲੋਕ ਜਾਣਦੇ ਹੀ ਹਨ। ਇਸ ਮੌਕੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਯਸ਼ਪਾਲ ਮੰਗਲਾ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ, ਮਨੀ ਸਰਾਓ, ਸਰਪੰਚ ਗੁਰਚਰਨ ਸਿੰਘ ਚੌਵਾਸ ਜਖੇਪਲ ਅਤੇ ਡਾ. ਗੁਰਪ੍ਰੀਤ ਸਿੰਘ ਬਿਗੜਵਾਲ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1561.43 ਫੁੱਟ ਅਗਲੀ ਖ਼ਬਰ ਸੰਦੀਪ ਪਾਠਕ ਨੂੰ ਹਾਈ ਕੋਰਟ ਤੋਂ ਰਾਹਤ ਬਰਕਰਾਰ 17 ਅਕਤੂਬਰ ਤੱਕ ਕਿਸੇ ਵੀ ਕਾਰਵਾਈ ’ਤੇ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।