ਫਿਰੋਜ਼ਪੁਰ, 3 ਜੂਨ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਵਿਖੇ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਰਾਹੀਂ ਇਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ | ਇਹ ਪੋਰਟਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦੇ 'ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ' ਦਾ ਹਿੱਸਾ ਹੈ | ਇਸ ਸੰਸਥਾ ਨੂੰ ਅਮਰੀਕਾ ਦੀ ਪ੍ਰਮੁੱਖ ਸੰਸਥਾ 'ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਡ ਚਿਲਡਰਨ' ਵਲੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਇਕ ਵਿਸ਼ੇਸ਼ ਗੁਪਤ ਸੂਚਨਾ (ਟਿਪਲਾਈਨ) ਭੇਜੀ ਗਈ ਸੀ | ਇਸ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ, ਸਾਈਬਰ ਕ੍ਰਾਈਮ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਸੂਚਨਾ ਤਕਨਾਲੋਜੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਜਦੋਂ ਪੋਰਟਲ 'ਤੇ ਪ੍ਰਾਪਤ ਹੋਈ ਟਿਪਲਾਈਨ ਨੰਬਰ 207885671 ਨੂੰ ਖੋਲ੍ਹ ਕੇ ਉਸ ਵਿਚਲੀਆਂ ਨੱਥੀ ਫਾਈਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਤਾਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ | ਪੜਤਾਲ ਦੌਰਾਨ ਪਤਾ ਲੱਗਾ ਕਿ ਭੇਜੀਆਂ ਗਈਆਂ ਵੀਡੀਓ ਕਲਿੱਪਾਂ ਅਤੇ ਤਸਵੀਰਾਂ ਸਿੱਧੇ ਤੌਰ 'ਤੇ ਮਾਸੂਮ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਅਸ਼ਲੀਲਤਾ ਨਾਲ ਸਬੰਧਤ ਸਨ, ਜੋ ਕਿ ਕਾਨੂੰਨੀ ਅਤੇ ਮਨੁੱਖੀ ਨਿਯਮਾਂ ਅਨੁਸਾਰ ਇਕ ਗੰਭੀਰ ਅਪਰਾਧ ਹੈ | ਪੁਲਿਸ ਨੇ ਦੱਸਿਆ ਕਿ ਤਕਨੀਕੀ ਜਾਂਚ ਤੋਂ ਇਹ ਇਤਰਾਜ਼ਯੋਗ ਸਮਗਰੀ ਇਕ ਭਾਰਤੀ ਮੋਬਾਈਲ ਨੰਬਰ (+91 70094-85153) ਤੋਂ ਕਿਸੇ ਅਣਪਛਾਤੇ ਵਿਅਕਤੀ ਵਲੋਂ ਸੋਸ਼ਲ ਮੀਡੀਆ ਪਲੇਟਫ਼ਾਰਮ ਵਟਸਐਪ ਰਾਹੀਂ ਅੱਗੇ ਭੇਜੀ ਗਈ ਸੀ | ਸਾਈਬਰ ਪੁਲਿਸ ਹੁਣ ਇਸ ਮੋਬਾਈਲ ਨੰਬਰ ਦੇ ਮਾਲਕ ਦੀ ਪਛਾਣ ਕਰਨ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਡੂੰਘਾਈ ਨਾਲ ਅਗਲੇਰੀ ਕਾਰਵਾਈ ਕਰ ਰਹੀ ਹੈ |